06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਕੱਲ੍ਹ ਦੀਵਾਲੀ 'ਤੇ ਵਿਸ਼ੇਸ਼ ਆਓ! ਦੀਵਾਲੀ ਮੌਕੇ ਦਿਲਾਂ 'ਚੋਂ ਹਨੇਰਾ ਦੂਰ ਕਰੀਏ

ਕੱਲ੍ਹ ਦੀਵਾਲੀ 'ਤੇ ਵਿਸ਼ੇਸ਼ ਆਓ! ਦੀਵਾਲੀ ਮੌਕੇ ਦਿਲਾਂ 'ਚੋਂ ਹਨੇਰਾ ਦੂਰ ਕਰੀਏ

Ad Position 21
No active advertisement
ਅਜੀਤ ਡੈਸਕ 07-11-2026

ਦੀਵਾਲੀ ਦਾ ਤਿਉਹਾਰ ਭਾਰਤ ਦੇ ਲੋਕ ਬਹੁਤ ਹੀ ਧੂਮਧਾਮ ਨਾਲ ਮਨਾਉਂਦੇ ਹਨ | ਤਕਰੀਬਨ ਦੁਸਹਿਰੇ ਤੋਂ 20 ਦਿਨ ਬਾਅਦ ਮੱਸਿਆ ਵਾਲੀ ਰਾਤ ਨੂੰ ਇਹ ਤਿਉਹਾਰ ਮਨਾਇਆ ਜਾਂਦਾ ਹੈ | ਦੀਵਾਲੀ ਤਿਉਹਾਰ ਦੇ ਨਾਲ-ਨਾਲ ਠੰਢ ਦੀ ਆਮਦ ਵੀ ਸ਼ੁਰੂ ਹੋ ਜਾਂਦੀ ਹੈ |  ਇਸ ਦਿਨ ਸ੍ਰੀ ਰਾਮ ਚੰਦਰ ਜੀ ਬਦੀ 'ਤੇ ਨੇਕੀ ਦੀ ਜਿੱਤ ਪ੍ਰਾਪਤ ਕਰ ਕੇ ਵਾਪਸ ਅਯੁੱਧਿਆ ਪਹੁੰਚੇ ਸਨ | ਉਨ੍ਹਾਂ ਦੀ ਆਮਦ 'ਤੇ ਅਯੁੱਧਿਆ ਵਾਸੀਆਂ ਨੇ ਦੇਸੀ ਘਿਓ ਦੇ ਦੀਵੇ ਜਗਾ ਕੇ ਖੁਸ਼ੀ ਪ੍ਰਗਟਾਈ ਸੀ | ਸਵਾਮੀ ਰਾਮ ਤੀਰਥ ਜੀ ਦਾ ਜਨਮ ਵੀ ਦੀਵਾਲੀ ਵਾਲੇ ਦਿਨ ਹੋਇਆ ਸੀ | ਆਰੀਆ ਸਮਾਜ ਦੇ ਬਾਨੀ ਸਵਾਮੀ ਦਇਆਨੰਦ ਜੀ ਦਾ ਨਿਰਵਾਣ ਵੀ ਦੀਵਾਲੀ ਦੇ ਦਿਨ ਹੋਇਆ ਸੀ |  ਸਿੱਖ ਧਰਮ ਵਿਚ ਦੀਵਾਲੀ ਦਾ ਦਿਨ 'ਬੰਦੀ ਛੋੜ ਦਿਵਸ' ਵਜੋਂ ਮਨਾਇਆ ਜਾਂਦਾ ਹੈ | ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਕੈਦੀਆਂ ਰਾਜਿਆਂ ਨੂੰ ਰਿਹਾਅ ਕਰਵਾਉਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਸਨ | ਉਨ੍ਹਾਂ ਦੇ ਅੰਮਿ੍ਤਸਰ ਆਉਣ 'ਤੇ ਲੋਕਾਂ ਨੇ ਦੇਸੀ ਘਿਓ ਦੇ ਦੀਵੇ ਜਗਾ ਕੇ ਤੇ ਮਠਿਆਈਆਂ ਵੰਡ ਕੇ ਖੁਸ਼ੀ ਜ਼ਾਹਿਰ ਕੀਤੀ ਸੀ | ਸਿੱਖਾਂ ਵਿਚ ਇਸ ਦਿਨ ਦੀਵੇ ਜਗਾਉਣ ਦੀ ਰਸਮ ਬਾਬਾ ਬੁੱਢਾ ਜੀ ਨੇ ਸ਼ੁਰੂ ਕੀਤੀ ਸੀ | ਅੰਮਿ੍ਤਸਰ ਦੀ ਦੀਵਾਲੀ ਪੂਰੇ ਦੇਸ਼ ਭਰ ਵਿਚ ਪ੍ਰਸਿੱਧ ਹੈ | ਵਿਦੇਸ਼ਾਂ ਤੋਂ ਵੀ ਲੋਕ ਦੀਵਾਲੀ ਮਨਾਉਣ ਲਈ ਦਰਬਾਰ ਸਾਹਿਬ ਨਤਮਸਤਕ ਹੁੰਦੇ ਹਨ, ਲੋਕ ਕਥਨ ਹੈ:
'ਦਾਲ ਰੋਟੀ ਘਰ ਦੀ, 
ਦੀਵਾਲੀ ਅੰਮਿ੍ਤਸਰ ਦੀ |'
ਲੱਖਾਂ ਦੀ ਗਿਣਤੀ ਸ਼ਰਧਾਲੂ ਇਸ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਦੇ ਹਨ | ਸ਼ਾਮ ਨੂੰ ਪਰਿਕਰਮਾ ਵਿਚ ਦੀਵੇ ਤੇ ਮੋਮਬੱਤੀਆਂ ਜਗਾਏ ਜਾਂਦੇ ਹਨ | ਸਰਬਤ ਦੇ ਭਲੇ ਲਈ ਅਰਦਾਸ ਕੀਤੀ ਜਾਂਦੀ ਹੈ ਅਤੇ ਆਤਿਸ਼ਬਾਜ਼ੀ ਵੀ ਕੀਤੀ ਜਾਂਦੀ ਹੈ | ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਲੋਕ ਆਪਣੇ ਘਰਾਂ ਦੀ ਸਫਾਈ ਕਰਨੀ ਸ਼ੁਰੂ ਕਰ ਦਿੰਦੇ ਹਨ | ਰੰਗ ਰੋਗਨ ਕਰਵਾਉਂਦੇ ਹਨ | ਦੀਵਾਲੀ ਵਾਲੀ ਰਾਤ ਨੂੰ ਲੋਕ ਪਟਾਕੇ ਚਲਾਉਂਦੇ ਹਨ  | ਰਿਸ਼ਤੇਦਾਰਾਂ ਵਿਚ ਮਠਿਆਈਆਂ ਵੰਡਦੇ ਹਨ | ਪਟਾਕੇ  ਚਲਾਉਣ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋ ਜਾਂਦਾ ਹੈ  | ਅੱਜ ਦੀਵਾਲੀ ਦੇ ਤਿਉਹਾਰ 'ਤੇ ਤੋਹਫਿਆਂ ਦਾ ਵੀ ਆਦਾਨ-ਪ੍ਰਦਾਨ ਹੁੰਦਾ ਹੈ | ਵੇਖਣ ਵਿਚ ਵੀ ਆਉਂਦਾ  ਹੈ ਕਿ ਨਕਲੀ ਦੁੱਧ, ਖੋਆ, ਪਨੀਰ ਕੁਇੰਟਲ ਦੇ ਹਿਸਾਬ ਨਾਲ ਫੜਿਆ ਜਾਂਦਾ ਹੈ | ਇਹ ਨਕਲੀ ਦੁੱਧ, ਖੋਆ ਸਾਡੀ ਸਿਹਤ ਲਈ ਬਹੁਤ ਨੁਕਸਾਨਦਾਇਕ ਹੁੰਦਾ ਹੈ | ਇਨ੍ਹਾਂ ਮਠਿਆਈਆਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ | ਇਨ੍ਹਾਂ ਦੀ  ਥਾਂ ਡਰਾਈ ਫਰੂਟ ਦੀ ਵਰਤੋਂ ਕਰਨੀ ਚਾਹੀਦੀ ਹੈ | ਜੇ ਹੋ ਸਕੇ ਤਾਂ ਅਮਰਤੀ,   ਜਲੇਬੀ ਜਾਂ ਡਰਾਈ ਪੇਠੇ ਦੀ ਵਰਤੋਂ ਕਰਨੀ ਚਾਹੀਦੀ ਹੈ | 
ਸਾਨੂੰ  ਦੀਵਾਲੀ ਤੇ  ਮਹਿੰਗੇ  ਤੋਹਫ਼ੇ ਵੰਡਣ 'ਤੇ ਲੈਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ | ਅਸੀਂ ਆਪਣੇ ਦੋਸਤ ਨੂੰ ਵਧੀਆ ਰਸਾਲਾ, ਕਿਤਾਬ  ਗਿਫ਼ਟ ਦੇ ਸਕਦੇ ਹਨ | ਕੀ ਪਤਾ ਉਹ ਕਿਤਾਬ ਜਾਂ ਵਧੀਆ ਮੈਗਜ਼ੀਨ ਪੜ੍ਹ ਕੇ ਉਸ ਨੂੰ ਜੀਵਨ ਜਿਊਣ ਦਾ ਸਲੀਕਾ ਹੀ ਆ ਜਾਵੇ | ਦੀਵਾਲੀ ਦੇ ਪਵਿੱਤਰ ਮੌਕੇ 'ਤੇ ਸਾਨੂੰ ਨਸ਼ਿਆਂ ਤੇ ਭਿ੍ਸ਼ਟਾਚਾਰ ਮੁਕਤ ਸਮਾਜ ਉਸਾਰਨ ਲਈ ਸੰਜੀਦਾ ਯਤਨ ਕਰਨੇ ਚਾਹੀਦੇ ਹਨ | ਸਾਨੂੰ ਆਪਣੇ ਅੰਦਰ ਗਿਆਨ ਰੂਪੀ ਦੀਵਿਆਂ ਨੂੰ ਜਗਾਉਣਾ ਚਾਹੀਦਾ ਹੈ | ਨਫ਼ਰਤ, ਵੈਰ, ਵਿਰੋਧ, ਈਰਖਾ ਨੂੰ ਛੱਡਣਾ ਚਾਹੀਦਾ ਹੈ | ਆਓ ਆਪਣੇ ਮਨਾਂ ਦੇ ਅੰਦਰ ਅਜਿਹੇ ਦੀਵੇ ਜਗਾਈਏ, ਜੋ ਦੂਜਿਆਂ ਲਈ ਚਾਨਣ-ਮੁਨਾਰਾ ਬਣਨ |  ਆਓ ਦੀਵਾਲੀ ਦੇ ਤਿਉਹਾਰ ਤੇ ਬਾਹਰਲੀ ਸਫ਼ਾਈ ਦੇ ਨਾਲ ਨਾਲ ਅੰਦਰਲੀ ਸਫ਼ਾਈ ਵੀ ਜ਼ਰੂਰ ਕਰੀਏ | 
-ਮੋਹਾਲੀ, ਸਟੇਟ ਐਵਾਰਡੀ | 
ਮੋਬਾਈਲ : 78889-66168

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਵਿਖੇ ਬੰਦੀ ਛੋੜ ਦਿਵਸ ਸੰਬੰਧੀ ਸਮਾਗਮ ਕੱਲ੍ਹ ਅਗਲੀ ਖ਼ਬਰ ਬਾਲ ਕਹਾਣੀ ਪਟਾਕੇ ਨਹੀਂ ਚਲਾਉਣੇ
Ad Position 24