ਚੰਡੀਗੜ੍ਹ, 26 ਅਕਤੂਬਰ (ਕਪਿਲ ਵਧਵਾ)- ਪੰਜਾਬ ਦੇ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਅੱਜ ਸੋਮਵਾਰ ਨੂੰ ਮੁੜ ਸੀ.ਬੀ.ਆਈ. ਦੇ ਚੰਡੀਗੜ੍ਹ ਸਥਿਤ ਜ਼ੋਨਲ ਦਫ਼ਤਰ ਵਿਖੇ ਪੇਸ਼ ਹੋਏ। ਉਹ ਦੁਪਹਿਰ ਕਰੀਬ ਢਾਈ ਵਜੇ ਦਫ਼ਤਰ ਪਹੁੰਚੇ ਅਤੇ ਕਰੀਬ ਸਾਢੇ ਸੱਤ ਵਜੇ ਪੁੱਛਗਿੱਛ ਤੋਂ ਬਾਅਦ ਬਾਹਰ ਆਏ। ਇਸ ਦੌਰਾਨ ਉਨ੍ਹਾਂ ਦੇ ਕਾਨੂੰਨੀ ਪ੍ਰਤੀਨਿਧੀ ਦਫ਼ਤਰ ਦੇ ਬਾਹਰ ਮੌਜੂਦ ਰਹੇ।
ਸੀ.ਬੀ.ਆਈ. ਨੇ ਉਨ੍ਹਾਂ ਨੂੰ ਮੰਗਲਵਾਰ ਨੂੰ ਮੁੜ ਪੁੱਛਗਿੱਛ ਲਈ ਸੱਦਿਆ ਹੈ। ਦਫ਼ਤਰ ਤੋਂ ਬਾਹਰ ਆਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਘੁੰਮਣ ਨੇ ਦੱਸਿਆ ਕਿ ਸੀ.ਬੀ.ਆਈ. ਨੇ ਜਾਂਚ ਨਾਲ ਸਬੰਧਤ 40 ਤੋਂ 50 ਸਵਾਲ ਪੁੱਛੇ ਹਨ, ਜਿਨ੍ਹਾਂ ਵਿਚੋਂ ਕੁਝ ਸਵਾਲ ਪਹਿਲਾਂ ਵੀ ਪੁੱਛੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਵਿਚ ਕੁਝ ਵੀ ਨਹੀਂ ਹੈ ਪਰ ਸੀ.ਬੀ.ਆਈ. ਦੇ ਅਧਿਕਾਰੀ ਉਨ੍ਹਾਂ ਨੂੰ ਬੁਲਾਉਣ ਲਈ ਮਜ਼ਬੂਰ ਹਨ।
ਪਿਛਲੀ ਪੇਸ਼ੀ ਦੌਰਾਨ ਭੱਜਣ ਦੇ ਦੋਸ਼ਾਂ ਨੂੰ ਨਕਾਰਿਆ
ਪਿਛਲੀ ਪੁੱਛਗਿੱਛ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਨਾ ਕਰਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਘੁੰਮਣ ਨੇ ਕਿਹਾ ਕਿ ਉਹ ਸੀਬੀਆਈ ਦੇ ਕਹਿਣ ’ਤੇ ਪਿਛਲੇ ਦਰਵਾਜੇ ਤੋਂ ਖਾਣਾ ਖਾਣ ਲਈ ਗਏ ਸਨ ਅਤੇ ਭੱਜੇ ਨਹੀਂ ਸਨ। ਉਨ੍ਹਾਂ ਕਿਹਾ ਉਹ ਕੈਨੇਡਾ ਦੇ ਪੱਕੇ ਵਸਨੀਕ ਹਨ। ਜੇ ਉਹ ਪੂਰੇ ਮਾਮਲੇ ਤੋਂ ਭੱਜਣਾ ਚਾਹੁੰਦੇ ਤਾਂ ਭੱਜ ਸਕਦੇ ਸਨ। ਇਸ ਦੌਰਾਨ ਉਨ੍ਹਾਂ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਤਨਜ਼ ਕੱਸਦਿਆਂ ਕਿਹਾ ਕਿ ਜਦੋਂ ਉਨ੍ਹਾਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਹੁੰਦਾ ਹੈ ਤਾਂ ਉਹ ਫ਼ਰਾਰ ਹੋ ਜਾਂਦੇ ਹਨ।
ਘੁੰਮਣ ਨੇ ਕਿਹਾ ਕਿ ਉਹ ਸੀਬੀਆਈ ਸਾਹਮਣੇ ਡਟ ਕੇ ਪੇਸ਼ ਹੋ ਰਹੇ ਹਨ। ਉਨ੍ਹਾਂ ਨੇ ਸੀਬੀਆਈ ਦੀ ਕਾਰਵਾਈ ਨੂੰ ਪੱਛਮੀ ਬੰਗਾਲ ਦੀ ਮਿਸਾਲ ਨਾਲ ਜੋੜਦਿਆਂ ਦੋਸ਼ ਲਾਇਆ ਕਿ ਇਹ ਕਾਰਵਾਈ ਹੁਕਮਰਾਨਾਂ ਦੇ ਕਹਿਣ ’ਤੇ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਰੋਕਣ ਦੇ ਮਾਮਲੇ ਨੂੰ ਵੀ ਸਿਆਸੀ ਬਦਲਾਖੋਰੀ ਕਰਾਰ ਦਿੱਤਾ।