05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਗੁ. ਬੀੜ ਬਾਬਾ ਬੁੱਢਾ ਸਾਹਿਬ ਵਿਖੇ ਜੋੜ ਮੇਲੇ 'ਤੇ ਵਿਸ਼ੇਸ਼ ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ

ਗੁ. ਬੀੜ ਬਾਬਾ ਬੁੱਢਾ ਸਾਹਿਬ ਵਿਖੇ ਜੋੜ ਮੇਲੇ 'ਤੇ ਵਿਸ਼ੇਸ਼ ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ

Ad Position 21
No active advertisement
ਅਜੀਤ ਡੈਸਕ 05-10-2026

ਤਿੰਨ ਗੁਰੂ ਸਾਹਿਬਨ (ਸ੍ਰੀ ਗੁਰੂ ਅਰਜਨ ਦੇਵ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ) ਨੂੰ  ਬਚਪਨ ਵਿਚ ਖਿਡਾਉਣ, ਪੰਜ ਗੁਰੂ ਸਾਹਿਬਾਨ ਨੂੰ  ਗੁਰਿਆਈ ਦੀ ਰਸਮ ਕਰਨ ਅਤੇ ਛੇ ਗੁਰੂ ਸਾਹਿਬਾਨ ਦੀ ਸੰਗਤ ਕਰਨ ਦਾ ਸ਼ੁੱਭ ਅਵਸਰ ਪ੍ਰਾਪਤ ਕਰਨ ਵਾਲੇ ਗੁਰੂ ਘਰ ਦੇ ਅਨਿਨ ਸੇਵਕ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦਾ ਜਨਮ 7 ਕੱਤਕ ਸੰਮਤ 1563 ਮੁਤਾਬਕ ਸੰਨ 1506 ਈ. ਵਿਚ ਭਾਈ ਸੁੱਘਾ ਰੰਧਾਵਾ ਤੇ ਮਾਤਾ ਗੌਰਾਂ ਦੇ ਘਰ ਪਿੰਡ ਕੱਥੂਨੰਗਲ ਜ਼ਿਲ੍ਹਾ ਅੰਮਿ੍ਤਸਰ ਵਿਖੇ ਹੋਇਆ ਤੇ ਇਨ੍ਹਾਂ ਦਾ ਦਾ ਨਾਂਅ 'ਬੂੜਾ' ਰੱਖਿਆ | 1518 'ਚ ਪਸ਼ੂ ਚਾਰਦੇ ਸਮੇਂ ਇਨ੍ਹਾਂ ਦਾ ਮੇਲ ਗੁਰੂ ਨਾਨਕ ਦੇਵ ਜੀ ਨਾਲ ਹੋਇਆ | ਗੁਰੂ ਜੀ ਨੇ 12 ਕੁ ਸਾਲ ਦੇ ਇਸ ਬਾਲਕ ਦੇ ਮੂੰਹੋਂ ਸਿਆਣੀਆਂ ਗੱਲਾਂ ਸੁਣ ਕੇ ਇਨ੍ਹਾਂ ਨੂੰ  ਕਿਹਾ ਸੀ ਕਿ ਕਾਕਾ ਉਮਰ ਤਾਂ ਤੇਰੀ ਬਾਲਕਾਂ ਵਾਲੀ ਹੈ ਪਰ ਗਿਆਨ ਸਮਝ ਦੇ ਪੱਖੋਂ ਤੂੰ ਬੁੱਢਾ ਹੈ | ਇਸੇ ਦਿਨ ਤੋਂ ਉਨ੍ਹਾਂ ਦਾ ਨਾਂਅ 'ਬੁੱਢਾ' ਪੈ ਗਿਆ | ਉਹ ਰੋਜ਼ ਆਪਣੇ ਮਾਤਾ-ਪਿਤਾ ਨਾਲ ਕੰਮਕਾਜ 'ਚ ਹੱਥ ਵਟਾਉਂਦੇ ਤੇ ਨਗਰ ਰਾਮਦਾਸ (ਜ਼ਿਲ੍ਹਾ ਅੰਮਿ੍ਤਸਰ) ਤੋਂ ਚੱਲ ਕੇ ਗੁਰੂ ਨਾਨਕ ਪਾਤਿਸ਼ਾਹ ਦੇ ਦੀਦਾਰ ਲਈ ਕਰਤਾਰਪੁਰ (ਅੱਜ ਪਾਕਿਸਤਾਨ 'ਚ)  ਵਿਖੇ ਪਹੁੰਚਦੇ | ਬਾਬਾ ਜੀ ਨੇ ਲੰਡੇ ਭਾਸ਼ਾ ਦਾ ਗਿਆਨ ਪਿਤਾ ਤੋਂ ਪ੍ਰਾਪਤ ਕੀਤਾ ਤੇ ਜਿੱਥੇ ਗੁਰਮੁਖੀ ਦੀ ਦਾਤ ਗੁਰੂ ਜੀ ਤੋਂ ਪ੍ਰਾਪਤ ਕੀਤੀ, ਉੱਥੇ ਗੁਰੂ ਜੀ ਦੀ ਉਚਾਰਨ ਕੀਤੀ ਤੇ ਉਨ੍ਹਾਂ ਵਲੋਂ ਭਗਤ ਸਾਹਿਬਾਨ ਦੀ ਇਕੱਤਰਤ ਕੀਤੀ ਬਾਣੀ ਦੀ ਸੰਥਿਆ ਪ੍ਰਾਪਤ ਕਰਨ ਦੇ ਨਾਲ ਹੀ ਗੁਰਬਾਣੀ ਕੰਠ ਕਰ ਲਈ |

ਇਤਿਹਾਸ 'ਚ ਜ਼ਿਕਰ ਆਉਂਦਾ ਹੈ ਕਿ 15 ਫੱਗਣ ਸੰਮਤ 1580 ਮੁਤਾਬਕ 1523 ਵਿਚ ਉਨ੍ਹਾਂ ਦਾ ਵਿਆਹ ਗੁਰਦਾਸਪੁਰ ਦੇ 'ਸਲ੍ਹੋ' ਪਿੰਡ ਦੇ ਵਸਨੀਕ ਇਕ ਜ਼ਿਮੀਦਾਰ ਗੁਰਸਿੱਖ ਦੀ ਧੀ ਬੀਬੀ ਮਿਰੋਆ ਨਾਲ ਹੋਇਆ ਤੇ ਉਨ੍ਹਾਂ ਦੇ ਘਰ ਚਾਰ ਪੁੱਤਰ (ਭਾਈ ਭਿਖਾਰੀ ਜੀ, ਭਾਈ ਸੁਧਾਰੀ ਜੀ, ਭਾਈ ਮਹਿਮੂ ਜੀ ਤੇ ਭਾਈ ਭਾਨਾ ਜੀ) ਦਾ ਜਨਮ ਹੋਇਆ | ਬਾਬਾ ਬੁੱਢਾ ਜੀ ਏਨੇ ਸਤਿਕਾਰੇ ਗਏ ਕਿ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਜਦੋਂ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਨੂੰ  ਸੌਂਪਣ ਲੱਗੇ ਤਾਂ ਗੁਰਿਆਈ ਦੀ ਰਸਮ ਬਾਬਾ ਬੁੱਢਾ ਸਾਹਿਬ ਤੋਂ ਹੀ ਕਰਾਈ ਗਈ | ਬਾਬਾ ਬੁੱਢਾ ਜੀ ਨੂੰ  ਪੰਜ ਗੁਰੂ ਸਾਹਿਬਾਨ (ਦੂਜੇ ਪਾਤਿਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ) ਦੀ ਗੁਰਿਆਈ ਦੀ ਰਸਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ | (ਯਾਦ ਰਹੇ ਕਿ ਬਾਕੀ ਗੁਰੂ ਸਾਹਿਬਾਨ ਨੂੰ  ਗੁਰਿਆਈ ਦੀ ਰਸਮ ਕਰਨ ਦਾ ਸੁਭਾਗ ਵੀ ਬਾਬਾ ਬੁੱਢਾ ਸਾਹਿਬ ਦੀ ਵੰਸ਼ ਨੂੰ  ਹੀ ਨਸੀਬ ਹੋਇਆ |) ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦੀ ਖੁਦਵਾਈ ਸਮੇਂ ਪਹਿਲਾ ਟੱਕ ਬਾਬਾ ਬੁੱਢਾ ਜੀ ਤੋਂ ਹੀ ਲਵਾਇਆ ਸੀ | ਅੰਮਿ੍ਤਸਰ ਦੀ ਮੋੜੀ ਗੱਡਣ ਸਮੇਂ ਬਾਬਾ ਜੀ ਗੁਰੂ ਰਾਮਦਾਸ ਜੀ ਦੇ ਨਾਲ ਹੀ ਸਨ ਤੇ ਉਨ੍ਹਾਂ ਵਲੋਂ ਵਿੱਢੀਆਂ ਹੋਈਆਂ ਪਾਵਨ ਸਰੋਵਰ ਆਦਿ ਦੀ ਸਮੇਤ ਪਰਿਵਾਰ ਸੇਵਾ ਕਰ ਕੇ ਮਾਣ-ਸਤਿਕਾਰ ਦੀ ਪ੍ਰਾਪਤੀ ਕੀਤੀ | ਅੱਜ ਵੀ ਸ੍ਰੀ ਹਰਿਮੰਦਰ ਸਾਹਿਬ (ਅੰਮਿ੍ਤਸਰ) ਦੇ ਪਾਵਨ ਸਰੋਵਰ ਦੀਆਂ ਪ੍ਰਕਰਮਾ 'ਚ ਖੜ੍ਹੀ ਬੇਰੀ ਇਸ ਦੀ ਗਵਾਹੀ ਭਰਦੀ ਹੈ, ਜਿੱਥੇ ਬੈਠ ਕੇ ਬਾਬਾ ਜੀ ਕਾਰਸੇਵਾ ਕਰਨ ਆਈ ਸੰਗਤ ਨੂੰ  ਕਹੀਆਂ-ਟੋਕਰੇ ਦੇਣ ਅਤੇ ਗੁਰੂ ਜੱਸ ਸਰਵਣ ਕਰਾਉਣ ਆਦਿ ਦੀ ਸੇਵਾ ਨਿਭਾਉਂਦੇ |
ਗੁਰੂ ਹੁਕਮ ਕਮਾਉਂਦਿਆਂ ਬਾਬਾ ਬੁੱਢਾ ਜੀ ਦਾ ਵਧੇਰੇ ਸਮਾਂ ਝਬਾਲ ਪਰਗਣੇ ਵਿਚਲੀ ਬੀੜ (ਛੋਟੇ ਜੰਗਲ) ਵਿਚ ਰਹਿਣ ਕਰਕੇ ਇਸ ਬੀੜ ਦਾ ਨਾਂਅ 'ਬਾਬੇ ਬੁੱਢੇ ਦੀ ਬੀੜ' ਪੈ ਗਿਆ | ਇੱਥੇ  ਬਾਬਾ ਜੀ ਜ਼ਮੀਨ ਦੀ ਦੇਖਭਾਲ ਕਰਨ ਦੇ ਨਾਲ ਨਿਆਣਿਆਂ-ਸਿਆਣਿਆਂ ਨੂੰ  ਅੱਖਰੀ ਬੋਧ, ਗੁਰਬਾਣੀ ਦੀ ਸੰਥਿਆ ਤੇ ਸ਼ਸਤਰ ਵਿੱਦਿਆ ਦੀ ਸਿਖਲਾਈ ਦਿੰਦੇ ਸਨ | ਇਸ ਬੀੜ ਦੀ ਪ੍ਰਸਿੱਧੀ ਉਦੋਂ ਹੋਰ ਵੀ ਵਧ ਗਈ, ਜਦੋਂ 21 ਅੱਸੂ ਸੰਮਤ 1651 ਮੁਤਬਕ ਸੰਨ 1594 ਈ. 'ਚ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਸ੍ਰੀ ਅੰਮਿ੍ਤਸਰ ਤੋਂ ਬਾਬੇ ਬੁੱਢੇ ਦੀ ਬੀੜ (ਝੁਬਾਲ) ਗੁਰੂ ਕਾ ਲੰਗਰ (ਮਿੱਸੇ ਪ੍ਰਸ਼ਾਦੇ, ਲੱਸੀ ਤੇ ਗੰਡੇ ਆਦਿ) ਲੈ ਕੇ ਆਏ ਤੇ ਬਾਬਾ ਬੁੱਢਾ ਜੀ ਨੇ ਗੁਰੂ ਪਰਿਵਾਰ ਲਈ ਅਰਦਾਸ ਕੀਤੀ ਅਤੇ ਅਗਲੇ ਸਾਲ 21 ਹਾੜ ਸੰਮਤ 1652 ਮੁਤਾਬਕ ਸੰਨ 1595 'ਚ ਪੰਜਵੇਂ ਪਾਤਿਸ਼ਾਹ ਤੇ ਮਾਤਾ ਗੰਗਾ ਜੀ ਦੇ ਘਰ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ | ਜਿੱਥੇ ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਜੀ ਦਾ ਹੁਕਮ ਮੰਨ ਕੇ ਛੇਵੇਂ ਪਾਤਿਸ਼ਾਹ ਦਾ ਨਾਮਕਰਨ ਕੀਤਾ, ਉੱਥੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ  ਅੱਖਰੀ ਬੋਧ ਕਰਾਉਣ, ਤਰ੍ਹਾਂ-ਤਰ੍ਹਾਂ ਦੇ ਸ਼ਸਤਰਾਂ ਚਲਾਉਣ, ਘੋੜ ਸਵਾਰੀ ਆਦਿ ਦੀ ਸਿਖਲਾਈ ਦਿੱਤੀ |
ਯਾਦ ਰਹੇ ਕਿ ਜਿਸ ਦਿਨ ਸੰਤਾਨ ਪ੍ਰਾਪਤੀ ਲਈ ਮਾਤਾ ਗੰਗਾ ਜੀ ਵਾਸਤੇ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਸੀ, ਉਸ ਦਿਨ ਦੀ ਇਤਿਹਾਸਕ ਮਹੱਤਤਾ ਨੂੰ  ਮੁੱਖ ਰੱਖਦਿਆਂ ਹਰ ਸਾਲ ਮਾਝੇ (ਪੰਜਾਬ) ਦੇ ਵਿਸ਼ਵ ਪ੍ਰਸਿੱਧ ਇਤਿਹਾਸਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ, ਠੱਠਾ (ਜ਼ਿਲ੍ਹਾ ਤਰਨ ਤਾਰਨ) ਵਿਖੇ 20, 21 ਤੇ 22 ਅੱਸੂ (6, 7 ਤੇ 8 ਅਕਤੂਬਰ) ਨੂੰ  ਸਾਲਾਨਾ ਜੋੜ ਮੇਲਾ ਗੁਰਪੁਰਵਾਸੀ ਕਾਰਸੇਵਾ ਵਾਲੇ ਬਾਬਾ ਖੜਕ ਸਿੰਘ ਤੋਂ ਬਾਅਦ ਹੁਣ ਸ਼ੋ੍ਰਮਣੀ ਕਮੇਟੀ ਵਲੋਂ ਸਮੂਹ ਸਭਾ ਸੁਸਾਇਟੀਆਂ ਤੇ ਸਿੱਖ ਸੰਗਤ ਦੇ ਸਹਿਯੋਗ ਸਦਕਾ ਮਨਾਇਆ ਜਾਂਦਾ ਹੈ, ਜਿਸ ਵਿਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ 'ਚ ਸੰਗਤਾਂ ਹਾਜ਼ਰੀ ਭਰਦੀਆਂ ਹਨ | ਅਖੰਡ ਪਾਠ ਕੰਪਲੈਕਸ, ਸੰਗਤ ਦੀ ਰਿਹਾਇਸ਼ ਲਈ ਦੋ ਸਰਾਵਾਂ, ਬੱਚਿਆਂ ਨੂੰ  ਉਚੇਰੀ ਤੇ ਮਿਆਰੀ ਵਿੱਦਿਆ ਦੇਣ ਲਈ ਦੋ ਸਕੈਡੰਰੀ ਸਕੂਲ, ਸਰਹੱਦੀ ਖੇਤਰ/ਪਛੜੇ ਹੋਏ ਇਲਾਕੇ ਦੀ ਸਹੂਲਤ ਲਈ ਡੇਢ ਸੌ ਬੈੱਡਾਂ ਦਾ ਚੈਰੀਟੇਬਲ ਹਸਪਤਾਲ ਆਦਿ ਬਣੇ ਹੋਏ ਹਨ | ਸੰਨ 1604 ਈ. 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਦਾ ਮਰਤਬਾ ਪ੍ਰਾਪਤ ਕਰਨ ਵਾਲੇ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ 1609 ਈ. 'ਚ ਅਕਾਲ ਤਖ਼ਤ ਦੇ ਮੁੱਢਲੇ ਥੜ੍ਹੇ ਦੀ ਉਸਾਰੀ ਸਮੇਂ ਛੇਵੇਂ ਪਾਤਿਸ਼ਾਹ ਤੇ ਭਾਈ ਗੁਰਦਾਸ ਜੀ ਦੇ ਨਾਲ ਸੇਵਾ ਨਿਭਾਉਣ ਵਾਲੇ ਬਾਬਾ ਬੁੱਢਾ ਸਾਹਿਬ ਇਕ ਮਹਾਂ ਕ੍ਰਾਂਤੀਕਾਰੀ ਸਿੱਖ ਵੀ ਸਨ | ਜਿਵੇਂ ਕਿ ਪਿ੍ਥੀ ਚੰਦ ਵਲੋਂ ਜਦੋਂ ਗੁਰੂ ਅਰਜਨ ਦੇਵ ਜੀ ਵਿਰੁੱਧ ਕੂੜ ਪ੍ਰਚਾਰ ਤੇ ਧੱਕੇਸ਼ਾਹੀ ਕੀਤੀ ਗਈ ਤਾਂ ਬਾਬਾ ਬੁੱਢਾ ਜੀ ਨੇ ਭਾਈ ਗੁਰਦਾਸ ਤੇ ਹੋਰ ਸਿੱਖਾਂ ਨੂੰ  ਨਾਲ ਲੈ ਕੇ ਝੱਟ ਅੰਮਿ੍ਤਸਰ ਵਿਖੇ ਜਾ ਪਹੁੰਚਣਜਾ ਤੇ ਪਿ੍ਥੀ ਚੰਦ ਦੀਆਂ ਵਧੀਕੀਆਂ ਵਿਰੁੱਧ ਮੋਰਚਾ ਸੰਭਾਲ ਲੈਣਾ | ਇਸੇ ਤਰ੍ਹਾਂ ਜਹਾਂਗੀਰ ਵਲੋਂ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਨੂੰ  ਬਹਾਨੇ ਨਾਲ ਗਵਾਲੀਅਰ ਦੇ ਕਿਲ੍ਹੇ 'ਚ ਨਜ਼ਰਬੰਦ ਕੀਤਾ ਗਿਆ ਤਾਂ ਉਸ ਸਮੇਂ ਵੀ ਬਾਬਾ ਬੁੱਢਾ ਜੀ ਨੇ ਹਕੂਮਤ ਦੀਆਂ ਵਧੀਕੀਆਂ ਵਿਰੁੱਧ ਸਿੱਖ ਸੰਗਤ ਤੇ ਇਨਸਾਫ਼ ਪਸੰਦ ਲੋਕਾਂ ਨੂੰ  ਜਾਗਰੂਕ ਤੇ ਲਾਮਬੰਦ ਕੀਤਾ ਸੀ |
ਬਾਬਾ ਬੁੱਢਾ ਸਾਹਿਬ ਨੇ 125 ਸਾਲ ਦੀ ਉਮਰ 'ਚੋਂ 113 ਸਾਲ ਸਿੱਖੀ ਸਿਦਕ ਤੇ ਗੁਰੂ ਘਰ ਦੀ ਸੇਵਾ ਬੜੀ ਸੁਹਿਰਦਤਾ ਤੇ ਸਮਰਪਿਤ ਭਾਵਨਾ ਨਾਲ ਕੀਤੀ | ਮੇਰੇ ਖਿਆਲ ਮੁਤਾਬਕ ਇਹ ਗੁਰਬਾਣੀ ਦਾ ਸ਼ਬਦ ਬਾਬਾ ਬੁੱਢਾ ਸਾਹਿਬ ਦੇ ਮੁਬਾਰਕ ਜੀਵਨ 'ਤੇ ਪੂਰੀ ਤਰ੍ਹਾਂ ਢੁਕਦਾ ਹੈ:
ਧੰਨੁ ਧੰਨੁ ਸੋ ਗੁਰਸਿਖੁ ਕਹੀਐ
ਜੋ ਸਤਿਗੁਰ ਚਰਣੀ ਜਾਇ ਪਇਆ¨
ਧੰਨੁ ਧੰਨੁ ਸੋ ਗੁਰਸਿਖੁ ਕਹੀਐ
ਜਿਨਿ ਹਰਿ ਨਾਮਾ ਮੁਖਿ ਰਾਮੁ ਕਹਿਆ¨
ਧੰਨੁ ਧੰਨੁ ਸੋ ਗੁਰਸਿਖੁ ਕਹੀਐ
ਜਿਸੁ ਹਰਿ ਨਾਮਿ ਸੁਣਿਐ ਮਨਿ ਅਨਦੁ ਭਇਆ¨
ਧੰਨੁ ਧੰਨੁ ਸੋ ਗੁਰਸਿਖੁ ਕਹੀਐ
ਜਿਨਿ ਸਤਿਗੁਰ ਸੇਵਾ ਕਰਿ ਹਰਿ ਨਾਮੁ ਲਇਆ¨
ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ
ਜੋ ਗੁਰ ਕੈ ਭਾਣੈ ਗੁਰਸਿਖੁ ਚਲਿਆ¨ (ਅੰਗ:593)

-ਹੈੱਡ ਗ੍ਰੰਥੀ, ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ,
ਠੱਠਾ, ਜ਼ਿਲ੍ਹਾ ਤਰਨ ਤਾਰਨ | ਮੋਬਾਈਲ : 97819-84184

Ad Position 22
No active advertisement
ਪਿਛਲੀ ਖ਼ਬਰ 10 ਅਕਤੂਬਰ ਨੂੰ ਗਵਾਲੀਅਰ ਜੋੜ ਮੇਲੇ 'ਤੇ ਵਿਸ਼ੇਸ਼ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਹਿੰਦੂ ਰਾਜਿਆਂ ਨੂੰ ਰਿਹਾਅ... ਅਗਲੀ ਖ਼ਬਰ ਜਦੋਂ ਗੁ. ਰਕਾਬ ਗੰਜ ਸਾਹਿਬ ਦੀ ਕੰਧ ਨੂੰ ਲੈ ਕੇ ਅੰਗਰੇਜ਼ ਸਰਕਾਰ ਨੇ ਹਾਰ ਮੰਨੀ
Ad Position 24