ਅੱਜ ਦਾ ਮਨੁੱਖ ਬਾਹਰੋਂ ਪਹਿਲਾਂ ਨਾਲੋਂ ਵਧੇਰੇ ਸੁਖੀ ਦਿਸਦਾ ਹੈ | ਘਰਾਂ ਵਿਚ ਸਹੂਲਤਾਂ ਹਨ, ਹੱਥ 'ਚ ਦੁਨੀਆ ਸਮਾਈ ਹੋਈ ਹੈ, ਦੂਰ ਬੈਠੇ ਮਨੁੱਖ ਨਾਲ ਪਲ ਵਿਚ ਗੱਲ ਹੋ ਜਾਂਦੀ ਹੈ ਅਤੇ ਗਿਆਨ ਤੱਕ ਪਹੁੰਚ ਲਈ ਕੋਈ ਵੱਡੀ ਰੁਕਾਵਟ ਨਹੀਂ ਰਹੀ | ਫਿਰ ਵੀ ਮਨ ਦੇ ਅੰਦਰ ਇਕ ਅਜੀਬ ਜਿਹੀ ਬੇਚੈਨੀ ਵਧਦੀ ਜਾ ਰਹੀ ਹੈ | ਚਿਹਰੇ 'ਤੇ ਮੁਸਕਰਾਹਟ ਹੋ ਸਕਦੀ ਹੈ, ਪਰ ਮਨ ਵਿਚ ਚਿੰਤਾ ਹੈ ਅਤੇ ਲੋਕਾਂ ਵਿਚਕਾਰ ਬੈਠੇ ਹੋ ਕੇ ਵੀ ਅੰਦਰੋਂ ਇਕੱਲੇ ਹਨ | ਇਹ ਸਾਡੇ ਸਮੇਂ ਦਾ ਵੱਡਾ ਵਿਰੋਧਾਭਾਸ ਹੈ— ਬਾਹਰਲੀ ਰੌਸ਼ਨੀ ਵਧੀ ਹੈ, ਪਰ ਅੰਦਰਲਾ ਹਨੇਰਾ ਹੋਰ ਗਹਿਰਾ ਹੋ ਗਿਆ |
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਚਨ ਇਸ ਸਥਿਤੀ ਨੂੰ ਸਮਝਣ ਲਈ ਇਕ ਡੂੰਘੀ ਦਿਸ਼ਾ ਦਿੰਦਾ ਹੈ-
ਚਿੰਤਾ ਤਾ ਕੀ ਕੀਜੀਐ
ਜੋ ਅਨਹੋਨੀ ਹੋਇ¨
ਇਹੁ ਮਾਰਗੁ ਸੰਸਾਰ ਕੋ
ਨਾਨਕ ਥਿਰੁ ਨਹੀ ਕੋਇ¨ (ਅੰਗ:1429)
ਇਹ ਪੰਕਤੀ ਕੇਵਲ ਚਿੰਤਾ ਨਾ ਕਰਨ ਦੀ ਸਲਾਹ ਨਹੀਂ | ਇਸ ਵਿਚ ਮਨੁੱਖੀ ਮਨ ਦੀ ਉਸ ਆਦਤ ਵੱਲ ਇਸ਼ਾਰਾ ਹੈ, ਜਿਸ ਵਿਚ ਅਸੀਂ ਆਉਣ ਵਾਲੇ ਦੁੱਖ ਨੂੰ ਅੱਜ ਹੀ ਜੀਅ ਲੈਂਦੇ ਹਾਂ | ਜੋ ਗੱਲ ਅਜੇ ਵਾਪਰੀ ਨਹੀਂ, ਉਸ ਦੀ ਕਲਪਨਾ ਕਰਕੇ ਮਨ ਪਹਿਲਾਂ ਹੀ ਥੱਕ ਜਾਂਦਾ ਹੈ | ਘਟਨਾ ਇਕ ਵਾਰ ਆਉਂਦੀ ਹੈ, ਪਰ ਚਿੰਤਾ ਉਸ ਨੂੰ ਮਨ ਵਿਚ ਵਾਰ-ਵਾਰ ਦੁਹਰਾਉਂਦੀ ਰਹਿੰਦੀ ਹੈ | ਸਮਾਜਿਕ ਸਾਧਨਾਂ ਨੇ ਇਸ ਚਿੰਤਾ ਨੂੰ ਨਵਾਂ ਰੂਪ ਦਿੱਤਾ ਹੈ | ਪਹਿਲਾਂ ਮਨੁੱਖ ਆਪਣੀ ਤੁਲਨਾ ਕੁਝ ਜਾਣ-ਪਛਾਣ ਵਾਲੇ ਲੋਕਾਂ ਨਾਲ ਕਰਦਾ ਸੀ ਤੇ ਹੁਣ ਉਸ ਦੇ ਸਾਹਮਣੇ ਹਰ ਰੋਜ਼ ਹਜ਼ਾਰਾਂ ਚਿਹਰੇ, ਘਰ, ਗੱਡੀਆਂ, ਯਾਤਰਾਵਾਂ ਤੇ ਕਾਮਯਾਬੀਆਂ ਆ ਜਾਂਦੀਆਂ ਹਨ | ਕਿਸੇ ਹੋਰ ਦੀ ਖੁਸ਼ੀ ਦੇਖ ਕੇ ਆਪਣੀ ਜ਼ਿੰਦਗੀ 'ਚ ਘਾਟ ਮਹਿਸੂਸ ਹੋਣ ਲੱਗਦੀ ਹੈ | ਪਰ ਇੱਥੇ ਮਨ ਇਕ ਸੂਖਮ ਭੁਲੇਖਾ ਖਾਂਦਾ ਹੈ | ਅਸੀਂ ਦੂਜੇ ਦੀ ਜ਼ਿੰਦਗੀ ਦਾ ਚੁਣਿਆ ਹੋਇਆ ਹਿੱਸਾ ਵੇਖਦੇ ਹਾਂ ਤੇ ਆਪਣੀ ਪੂਰੀ ਜ਼ਿੰਦਗੀ ਨਾਲ ਉਸ ਦੀ ਤੁਲਨਾ ਕਰਦੇ ਹਾਂ | ਇਹ ਤੁਲਨਾ ਕਦੇ ਮੁੱਕਦੀ ਨਹੀਂ, ਕਿਉਂਕਿ ਹਮੇਸ਼ਾ ਕੋਈ ਨਾ ਕੋਈ ਸਾਡੇ ਨਾਲੋਂ ਅੱਗੇ ਦਿਸਦਾ ਰਹੇਗਾ |
ਤੇਜ਼ ਰਫ਼ਤਾਰ ਜੀਵਨ ਨੇ ਵੀ ਮਨ ਦੀ ਬਣਤਰ ਬਦਲੀ ਹੈ | ਅਸੀਂ ਹਰ ਕੰਮ ਛੇਤੀ ਕਰਨਾ ਚਾਹੁੰਦੇ ਹਾਂ, ਹਰ ਸੁਨੇਹੇ ਦਾ ਤੁਰੰਤ ਜਵਾਬ, ਹਰ ਕੰਮ ਦੀ ਤੁਰੰਤ ਪੂਰਤੀ ਅਤੇ ਹਰ ਖਾਲੀ ਪਲ ਨੂੰ ਕਿਸੇ ਨਾ ਕਿਸੇ ਰੁਝੇਵੇਂ ਨਾਲ ਭਰਨਾ ਚਾਹੁੰਦੇ ਹਾਂ | ਸਾਡੇ ਕੋਲ ਸਮਾਂ ਬਚਾਉਣ ਦੇ ਸਾਧਨ ਵਧੇ ਹਨ, ਪਰ ਬਚਿਆ ਸਮਾਂ ਵੀ ਅਗਲੇ ਕੰਮ ਨੂੰ ਦੇ ਦਿੱਤਾ ਜਾਂਦਾ ਹੈ | ਵਿਹਲੇ ਬੈਠਣ ਦੀ ਕਲਾ ਘਟਦੀ ਜਾ ਰਹੀ ਹੈ ਪਰ ਮਨ ਨੂੰ ਵੀ ਸਾਹ ਲੈਣ ਲਈ ਥਾਂ ਚਾਹੀਦੀ ਹੈ | ਕਈ ਵਾਰ ਚੁੱਪ ਦਾ ਇਕ ਪਲ ਉਹ ਗੱਲ ਸੁਣਾ ਦਿੰਦਾ ਹੈ, ਜੋ ਸੌ ਰੌਲ਼ੇ ਨਹੀਂ ਸੁਣਾ ਸਕਦੇ |
ਗੁਰਬਾਣੀ ਹਊਮੈ ਨੂੰ ਮਨ ਦੀ ਡੂੰਘੀ ਬਿਮਾਰੀ ਆਖਦੀ ਹੈ-
ਹਉਮੈ ਦੀਰਘ ਰੋਗੁ ਹੈ
ਦਾਰੂ ਭੀ ਇਸੁ ਮਾਹਿ¨
ਕਿਰਪਾ ਕਰੇ ਜੇ ਆਪਣੀ
ਤਾ ਗੁਰ ਕਾ ਸਬਦੁ ਕਮਾਹਿ¨ (ਅੰਗ:466)
ਅੱਜ ਦੀ ਹਊਮੈ ਸਿਰਫ਼ ਘੁਮੰਡ ਨਹੀਂ, ਇਹ ਲਗਾਤਾਰ ਆਪਣੇ-ਆਪ ਨੂੰ ਤੋਲਣ ਵਿਚ ਵੀ ਦਿਸਦੀ ਹੈ ਕਿ ਮੈਂ ਕਿੰਨਾ ਕਮਾਇਆ, ਕਿੰਨਾ ਅੱਗੇ ਨਿਕਲਿਆ, ਲੋਕ ਮੈਨੂੰ ਕਿੰਨਾ ਮੰਨਦੇ ਹਨ ਅਤੇ ਹੁਣ ਮਸ਼ੀਨਾਂ ਦੇ ਯੁੱਗ ਵਿਚ ਮੈਂ ਕਿੰਨਾ ਲੋੜੀਂਦਾ ਰਹਾਂਗਾ | ਜਦੋਂ 'ਮੈਂ' ਹੀ ਹਰ ਗੱਲ ਦਾ ਕੇਂਦਰ ਬਣ ਜਾਂਦੀ ਹੈ ਤਾਂ ਬਦਲਦੀ ਦੁਨੀਆ ਦਾ ਹਰ ਝਟਕਾ ਅੰਦਰ ਤੱਕ ਲੱਗਦਾ ਹੈ | ਇਸੇ ਥਾਂ ਸੰਤੋਖ ਦੀ ਲੋੜ ਸਾਹਮਣੇ ਆਉਂਦੀ ਹੈ-
ਮਨਿ ਸੰਤੋਖੁ ਸਰਬ ਜੀਅ ਦਇਆ¨ (ਅੰਗ:299)

ਸੰਤੋਖ ਦਾ ਅਰਥ ਮਿਹਨਤ ਛੱਡ ਦੇਣਾ ਨਹੀਂ | ਇਸ ਦਾ ਭਾਵ ਇਹ ਹੈ ਕਿ ਮਿਹਨਤ ਕਰਦੇ ਹੋਏ ਮਨ ਨੂੰ ਅੰਤਹੀਣ ਲਾਲਸਾ ਦਾ ਗੁਲਾਮ ਨਾ ਬਣਾਇਆ ਜਾਵੇ | ਨਵਾਂ ਸਿੱਖੀਏ, ਅੱਗੇ ਵਧੀਏ, ਮਸਨੂਈ ਬੁੱਧੀ ਨੂੰ ਸਮਝੀਏ ਅਤੇ ਸਮੇਂ ਦੇ ਬਦਲਾਅ ਨਾਲ ਤੁਰਨ ਦੀ ਕੋਸ਼ਿਸ਼ ਕਰੀਏ, ਪਰ ਆਪਣੀ ਅੰਦਰਲੀ ਸ਼ਾਂਤੀ ਨੂੰ ਹਰ ਨਵੀਂ ਪ੍ਰਾਪਤੀ ਦੇ ਪਿੱਛੇ ਨਾ ਭਜਾਈਏ, ਨਹੀਂ ਤਾਂ ਮੰਜ਼ਿਲ ਮਿਲਣ ਤੋਂ ਪਹਿਲਾਂ ਹੀ ਮਨ ਅਗਲੀ ਮੰਜ਼ਿਲ ਦੀ ਚਿੰਤਾ ਵਿਚ ਪੈ ਜਾਵੇਗਾ | ਗੁਰਬਾਣੀ ਸੰਸਾਰ ਦੀ ਅਸਥਿਰਤਾ ਨੂੰ ਵੀ ਯਾਦ ਕਰਾਉਂਦੀ ਹੈ-
ਕਹੁ ਨਾਨਕ ਥਿਰੁ ਕਛੁ ਨਹੀ
ਸੁਪਨੇ ਜਿਉ ਸੰਸਾਰੁ¨ (1429)
ਜੇ ਸੰਸਾਰ ਦੀ ਤੋਰ ਹੀ ਬਦਲਦੀ ਰਹਿਣੀ ਹੈ ਤਾਂ ਬਦਲਾਅ ਤੋਂ ਡਰਨਾ ਜੀਵਨ ਦੀ ਹਕੀਕਤ ਤੋਂ ਅੱਖਾਂ ਮੂੰਦਣਾ ਹੈ | ਨੌਕਰੀ ਬਦਲ ਸਕਦੀ ਹੈ, ਕੰਮ ਦੇ ਢੰਗ ਬਦਲ ਸਕਦੇ ਹਨ, ਤਕਨੀਕ ਬਦਲ ਸਕਦੀ ਹੈ ਅਤੇ ਸਮਾਜਿਕ ਮਾਧਿਅਮਾਂ ਦੇ ਰੂਪ ਵੀ ਬਦਲ ਸਕਦੇ ਹਨ | ਸਾਡਾ ਕੰਮ ਹਰ ਬਦਲਾਅ ਨੂੰ ਰੋਕਣਾ ਨਹੀਂ, ਸਗੋਂ ਬਦਲਾਅ ਦੇ ਵਿਚਕਾਰ ਆਪਣੇ ਮਨ ਦਾ ਸੰਤੁਲਨ ਕਾਇਮ ਰੱਖਣਾ ਹੈ |
ਸ਼ਾਇਦ ਅੱਜ ਸਾਨੂੰ ਸਭ ਤੋਂ ਵੱਧ ਲੋੜ ਆਪਣੇ ਧਿਆਨ ਨੂੰ ਮੁੜ ਆਪਣੇ ਹੱਥਾਂ 'ਚ ਲੈਣ ਦੀ ਹੈ | ਸਮਾਜਿਕ ਮਾਧਿਅਮ ਵਰਤੀਏ, ਪਰ ਆਪਣੀ ਕਦਰ ਉਨ੍ਹਾਂ ਤੋਂ ਨਾ ਪੁੱਛੀਏ | ਤੇਜ਼ੀ ਨਾਲ ਚੱਲੀਏ, ਪਰ ਕਦੇ ਠਹਿਰੀਏ ਵੀ | ਮਸਨੂਈ ਬੁੱਧੀ ਸਿੱਖੀਏ, ਪਰ ਆਪਣੀ ਮਨੁੱਖੀ ਪਛਾਣ ਨੂੰ ਮਸ਼ੀਨ ਦੀ ਕਾਬਲੀਅਤ ਨਾਲ ਨਾ ਤੋਲੀਏ | ਰੋਜ਼ ਕੁਝ ਸਮਾਂ ਅਜਿਹਾ ਹੋਵੇ, ਜਿੱਥੇ ਨਾ ਤੁਲਨਾ ਹੋਵੇ, ਨਾ ਦੌੜ, ਨਾ ਦਿਖਾਵਾ- ਕੇਵਲ ਆਪਣੇ ਮਨ ਨਾਲ ਸਾਂਝ ਹੋਵੇ |
ਆਖ਼ਰ ਵਿਚ ਸਵਾਲ ਸਮਾਜਿਕ ਮਾਧਿਅਮ ਦਾ ਨਹੀਂ, ਤੇਜ਼ ਜੀਵਨ ਦਾ ਨਹੀਂ ਤੇ ਨਾ ਹੀ ਮਸਨੂਈ ਬੁੱਧੀ ਦਾ ਹੈ | ਅਸਲ ਸਵਾਲ ਮਨ ਦਾ ਹੈ | ਬਾਹਰਲੀ ਦੁਨੀਆ ਜਿੰਨੀ ਮਰਜ਼ੀ ਬਦਲ ਜਾਵੇ, ਜੇ ਮਨ ਆਪਣੇ ਮੂਲ ਨਾਲ ਜੁੜਿਆ ਰਹੇ ਤਾਂ ਬਦਲਾਅ ਮੌਕਾ ਬਣ ਸਕਦਾ ਹੈ ਪਰ ਜੇ ਮਨ ਅੰਦਰੋਂ ਖਾਲੀ ਹੋਵੇ ਤਾਂ ਵੱਡੀ ਤੋਂ ਵੱਡੀ ਸਹੂਲਤ ਵੀ ਬੇਚੈਨੀ ਨੂੰ ਨਹੀਂ ਮਿਟਾ ਸਕਦੀ |
ਇਸ ਲਈ ਚਿੰਤਾ ਤਾ ਕੀ ਕੀਜੀਐ¨ ਅੱਜ ਸਾਡੇ ਲਈ ਕੇਵਲ ਇਕ ਪੰਕਤੀ ਨਹੀਂ, ਆਪਣੇ-ਆਪ ਨੂੰ ਪੁੱਛਣ ਵਾਲਾ ਸਵਾਲ ਹੈ ਕਿ ਜੋ ਅਜੇ ਵਾਪਰਿਆ ਹੀ ਨਹੀਂ, ਉਸ ਦੀ ਚਿੰਤਾ ਵਿਚ ਅਸੀਂ ਅੱਜ ਦਾ ਜੀਵਨ ਕਿਉਂ ਗੁਆਈਏ? ਦੁਨੀਆ ਦੀ ਰੌਸ਼ਨੀ ਵਧਾਉਣ ਵਿਚ ਅਸੀਂ ਬਹੁਤ ਅੱਗੇ ਆ ਗਏ ਹਾਂ, ਹੁਣ ਸ਼ਾਇਦ ਆਪਣੇ ਅੰਦਰ ਦੀ ਜੋਤ ਨੂੰ ਪਛਾਣਨ ਦੀ ਵਾਰੀ ਹੈ |
-ਡਿਪਟੀ ਡਾਇਰੈਕਟਰ (ਪ੍ਰੋਟੈਕਸ਼ਨ ਐਂਡ ਟੈਸਟਿੰਗ),
ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਚੰਡੀਗੜ੍ਹ |
ਮੋਬਾਈਲ : +91-9041117282
ਈ-ਮੇਲ : prasher.sanjeev0gmail.com