28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਇਤਿਹਾਸਕ ਸਥਾਨ ਗੁਰਦੁਆਰਾ ਮਰਦੋ ਸਾਹਿਬ

ਇਤਿਹਾਸਕ ਸਥਾਨ ਗੁਰਦੁਆਰਾ ਮਰਦੋ ਸਾਹਿਬ

Ad Position 21
No active advertisement
ਅਜੀਤ ਡੈਸਕ 28-09-2026

ਇਹ ਤਾਂ ਅਸੀਂ ਜਾਣਦੇ ਹੀ ਹਾਂ ਕਿ ਜਿੱਥੇ-ਜਿੱਥੇ ਵੀ ਸਿੱਖ ਗੁਰੂ ਸਾਹਿਬਾਨ ਦੇ ਚਰਨ ਪਏ, ਉਹ ਸਥਾਨ ਇਤਿਹਾਸਕ ਰੂਪ ਵਿਚ ਪਵਿੱਤਰ ਅਤੇ ਸ਼ਰਧਾ ਸਥਲ ਬਣ ਗਏ | ਪੰਜਾਬ ਅਤੇ ਦੇਸ਼ ਵਿਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿਚ ਵੀ ਅਜਿਹੇ ਅਨੇਕਾਂ ਪਵਿੱਤਰ ਸਥਾਨ ਸੁਸ਼ੋਭਿਤ ਹਨ, ਜਿੱਥੇ ਸੰਗਤਾਂ ਸ਼ਰਧਾ ਨਾਲ ਨਤਮਸਤਕ ਹੁੰਦੀਆਂ ਹਨ | ਅਜਿਹਾ ਹੀ ਇਕ ਪਵਿੱਤਰ ਸਥਾਨ ਹਰਿਆਣਾ ਪ੍ਰਾਂਤ ਦੇ ਅੰਬਾਲਾ ਜ਼ਿਲ੍ਹੇ ਦੀ ਅੰਬਾਲਾ ਤਹਿਸੀਲ ਵਿਚ ਸਥਿਤ ਹੈ ਗੁਰਦੁਆਰਾ ਮਰਦੋ ਸਾਹਿਬ | ਇਸ ਗੁਰਦੁਆਰਾ ਸਾਹਿਬ ਦੀ ਸਿੱਖ ਇਤਿਹਾਸਕ ਪੱਖੋ ਬਹੁਤ ਮਹੱਤਤਾ ਹੈ ਕਿਉਂਕਿ ਇਸ ਪਵਿੱਤਰ ਸਥਾਨ ਪਰ ਪਹਿਲਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਆਪਣੇ ਚਰਨ ਪਾਏ ਅਤੇ ਦੋ ਰਾਤਾਂ ਲਈ ਇੱਥੇ ਵਿਸ਼ਰਾਮ ਕੀਤਾ | ਭਾਵੇਂ ਨੌਵੇਂ ਪਾਤਸ਼ਾਹ ਦੇ ਇਸ ਸਥਾਨ 'ਤੇ ਪਹੁੰਚਣ ਦੀ ਕੋਈ ਪੱਕੀ ਮਿਤੀ ਦੀ ਜਾਣਕਾਰੀ ਤਾਂ ਨਹੀਂ ਮਿਲਦੀ ਪਰ ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਨੌਵੇਂ ਗੁਰੂ ਜੀ ਪਿੰਡ ਮਰਦੋ ਵਿਖੇ 1675 ਈ. ਵਿਚ ਉਨ੍ਹਾਂ ਦੀ ਸ਼ਹੀਦੀ ਤੋਂ ਕੁਝ ਸਾਲ ਪਹਿਲਾਂ ਇਸ ਸਥਾਨ 'ਤੇ ਆਪਣੀ ਮਾਲਵਾ ਤੇ ਬਾਂਗਰ ਇਲਾਕੇ ਦੀ ਯਾਤਰਾ ਸਮੇਂ ਆਏ ਸਨ | ਕਈ ਇਤਿਹਾਸਕਾਰ ਉਨ੍ਹਾਂ ਦੀ ਫੇਰੀ ਨੂੰ  1670 ਦਾ ਅਖੀਰ ਜਾਂ 1671 ਦੀ ਸ਼ੁਰੂਆਤ ਵਿਚ ਦੱਸਦੇ ਹਨ |

ਗੁਰਦੁਆਰਾ ਸਾਹਿਬ ਵਿਖੇ ਲਿਖੇ ਇਤਿਹਾਸ ਅਨੁਸਾਰ ਜਦੋਂ ਨੌਵੇਂ ਗੁਰੂ ਜੀ ਇਸ ਸਥਾਨ 'ਤੇ ਆਏ ਤਾਂ ਉਨ੍ਹਾਂ ਨੇ ਪਿੰਡ ਮਰਦੋ ਵਿਖੇ ਦੋ ਦਿਨ ਵਿਸ਼ਰਾਮ ਕੀਤਾ ਅਤੇ ਕੀਰਤਨ ਦਰਬਾਰ ਲਗਾ ਕੇ ਸੰਗਤਾਂ ਵਿਚ ਧਰਮ ਪ੍ਰਚਾਰ ਦਾ ਕਾਰਜ ਕੀਤਾ | ਇਲਾਕੇ ਦੇ ਰਾਜੇ ਨੇ ਗੁਰੂ ਜੀ ਨੂੰ  ਮਿਲ ਕੇ ਆਪਣੇ ਘਰ ਸੰਤਾਨ ਦੀ ਮੰਗ ਲਈ ਬੇਨਤੀ ਕੀਤੀ ਅਤੇ ਰਾਜੇ ਨੇ ਧੰਨਵਾਦ ਦੇ ਤੌਰ 'ਤੇ ਬਹੁਤ ਸਾਰੀ ਜ਼ਮੀਨ ਨੌਵੇਂ ਪਾਤਸ਼ਾਹ ਜੀ ਦੇ ਨਾਂਅ ਕਰਵਾ ਦਿੱਤੀ, ਜੋ ਅੱਜ ਵੀ 120 ਏਕੜ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਂਅ ਹੈ, ਜਿਸ ਵਿਚ ਇਕ ਵੱਡਾ ਫਾਰਮ-ਹਾਊਸ ਵੀ ਬਣਿਆ ਹੋਇਆ ਹੈ | ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਪਾਉਣ ਤੋਂ ਬਾਅਦ ਬਾਲ ਗੋਬਿੰਦ ਰਾਇ (ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਜਦੋਂ ਪਟਨਾ ਤੋਂ ਅਨੰਦਪੁਰ ਸਾਹਿਬ ਆਪਣੇ ਬਚਪਨ ਵਿਚ ਆਏ ਤਾਂ ਉਹ ਲਖਨੌਰ ਪਿੰਡ ਵਿਚ 7 ਮਹੀਨੇ ਲਈ ਰੁਕੇ | ਇਸ ਪਿੰਡ ਵਿਚ ਮਾਤਾ ਗੁਜਰੀ ਜੀ ਦਾ ਪਿਤਾ ਪੁਰਖੀ ਜੱਦੀ ਘਰ ਸੀ ਅਤੇ ਇਸ ਤਰ੍ਹਾਂ ਲਖਨੌਰ ਵਿਚ ਮਾਤਾ ਗੁਜਰੀ ਜੀ ਦੇ ਪੇਕੇ ਅਤੇ ਬਾਲ ਗੋਬਿੰਦ ਰਾਇ ਦੇ ਨਾਨਕੇ ਸਨ | ਇਸ ਪਿੰਡ ਵਿਚ ਰਹਿੰਦਿਆਂ ਬਾਲ ਗੋਬਿੰਦ ਰਾਇ ਆਪਣੇ ਹਾਣੀ ਸਾਥੀਆਂ ਨਾਲ ਦੂਰ-ਦੂਰ ਤੱਕ ਖੇਡਣ ਜਾਂਦੇ | ਉਹ ਆਪਣੇ ਸਾਥੀਆਂ ਨਾਲ ਬਹੁਤ ਸਮੇਂ ਲਈ ਖੁੱਦੋ-ਖੁੰਡੀ ਖੇਡਦੇ ਅਤੇ ਇਸ ਲਈ ਉਨ੍ਹਾਂ ਆਪਣੇ ਪਿਤਾ ਜੀ ਦੇ ਨਾਂਅ ਵਾਲੀ ਜ਼ਮੀਨ ਨੂੰ  ਖੁੱਦੋ ਖੁੰਡੀ ਦਾ ਮੈਦਾਨ ਬਣਾਇਆ | ਇਹ ਮੈਦਾਨ ਲਖਨੌਰ ਦੇ ਕੋਨੇ ਪਾਸੇ ਤਕਰੀਬਨ 7 ਕਿਲੋਮੀਟਰ ਤੱਕ ਲੰਬਾ ਸੀ | ਇੱਥੇ ਦੋ ਪਾੜੇ ਬਣਾਏ ਗਏ, ਇਕ ਮਰਦੋ ਪਿੰਡ ਵੱਲ ਤੇ ਦੂਜਾ ਪਾੜਾ ਪਿੰਡ ਭਾਣੋ ਖੇੜੀ ਵੱਲ, ਜਿੱਥੇ ਅੱਜ-ਕੱਲ੍ਹ ਗੁਰਦੁਆਰਾ ਗੇਂਦਸਰ ਸਾਹਿਬ ਸੁਸ਼ੋਭਿਤ ਹੈ |
ਗੁਰਦੁਆਰਾ ਮਰਦੋ ਸਾਹਿਬ ਬਹੁਤ ਹੀ ਇਕਾਂਤ ਵਿਚ ਸ਼ਾਨਦਾਰ ਇਮਾਰਤ ਨਾਲ ਸੁਸ਼ੋਭਿਤ ਹੈ | ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਅੱਜ-ਕੱਲ੍ਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਇਆ ਜਾ ਰਿਹਾ ਹੈ | ਇਕ ਵੱਡਾ ਗੁੰਬਦਕਾਰ, ਵਰਗਕਾਰ, ਦਰਬਾਰ ਸਾਹਿਬ ਹੈ ਅਤੇ ਇਕ ਛੋਟਾ ਗੁੰਬਦਕਾਰ ਹਾਲ ਬਾਲ ਗੋਬਿੰਦ ਰਾਇ ਜੀ ਦੀ ਯਾਦ ਵਿਚ ਬਣਾਇਆ ਗਿਆ ਹੈ | ਮੁੱਖ ਇਮਾਰਤ ਦੇ ਸੱਜੇ ਹੱਥ ਇਕ ਭੋਰਾ ਸਾਹਿਬ ਹੈ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ | ਗੁਰਦੁਆਰਾ ਸਾਹਿਬ ਦੇ ਸੇਵਾਦਾਰ ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਹਰ ਮੱਸਿਆ ਨੂੰ  ਇੱਥੇ ਵੱਡੀ ਗਿਣਤੀ ਵਿਚ ਸੰਗਤਾਂ ਆਉਂਦੀਆਂ ਹਨ ਅਤੇ ਇਸ ਸਥਾਨ ਦੇ ਦਰਸ਼ਨ ਕਰਕੇ ਨੌਵੇਂ ਪਾਤਸ਼ਾਹ ਤੇ ਬਾਲ ਗੋਬਿੰਦ ਜੀ ਦੀ ਯਾਦ ਨੂੰ  ਸ਼ਰਧਾ ਨਾਲ ਨਤਮਸਤਕ ਹੁੰਦੀਆਂ ਹਨ | ਉਨ੍ਹਾਂ ਦੱਸਿਆ ਕਿ ਬਾਕੀ ਦਿਨਾਂ ਵਿਚ ਵੀ ਸ਼ਰਧਾਲੂਆਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ | ਇਕਾਂਤ ਅਤੇ ਖੁਲ੍ਹੀ ਥਾਂ ਵਿਚ ਬਣੀ ਇਮਾਰਤ ਬਹੁਤ ਸ਼ਾਨਦਾਰ ਲੱਗਦੀ ਹੈ, ਪ੍ਰਬੰਧਕੀ ਬਲਾਕ ਵੱਖਰਾ ਬਣਿਆ ਹੋਇਆ ਹੈ ਅਤੇ ਯਾਤਰੂਆਂ ਦੇ ਠਹਿਰਨ ਲਈ ਚੰਗੇ ਕਮਰੇ ਵੀ ਸਰਾਂ ਦੇ ਰੂਪ ਵਿਚ ਬਣੇ ਹੋਏ ਹਨ | ਗੁਰੂ ਦਾ ਲੰਗਰ ਸਦਾ ਵਰਤਦਾ ਰਹਿੰਦਾ ਹੈ ਅਤੇ ਆਈਆਂ ਸੰਗਤਾਂ ਲਈ ਹਰ ਸਹੂਲਤ ਦਾ ਪ੍ਰਬੰਧ ਹੈ | ਇਸ ਇਲਾਕੇ ਵਿਚ ਜੋ ਸੰਗਤਾਂ ਦੂਰੋਂ ਯਾਤਰਾ ਲਈ ਆਉਂਦੀਆਂ ਹਨ, ਉਹ ਗੁਰਦੁਆਰਾ ਮਰਦੋ ਸਾਹਿਬ, ਗੁਰਦੁਆਰਾ ਲਖਨੌਰ ਸਾਹਿਬ ਅਤੇ ਗੁਰਦੁਆਰਾ ਗੇਂਦਸਰ ਸਾਹਿਬ  ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦੀਆਂ ਹਨ ਕਿਉਂਕਿ ਇਹ ਸਥਾਨ ਬਹਤ ਹੀ ਇਤਿਹਾਸਕ ਅਤੇ ਪਵਿੱਤਰ ਮਹੱਤਤਾ ਵਾਲੇ ਹਨ | ਗੁਰਦੁਆਰਾ ਲਖਨੌਰ ਸਾਹਿਬ ਅੰਬਾਲਾ ਸ਼ਹਿਰ ਤੋਂ ਕੋਈ 13 ਕੁ ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਗੁਰਦੁਆਰਾ ਮਰਦੋ ਸਾਹਿਬ ਲਖਨੌਰ ਤੋਂ ਕੋਈ ਤਿੰਨ ਕੁ ਕਿਲੋਮੀਟਰ ਦੇ ਫ਼ਾਸਲੇ 'ਤੇ ਹੈ | ਇਹ ਗੱਲ ਵੀ ਬੜੀ ਬਚਿੱਤਰ ਹੈ ਕਿ ਬਾਲ ਗੋਬਿੰਦ ਰਾਏ ਜੀ ਦੇ ਪੁਰਾਤਨ ਇਸ ਮੈਦਾਨ ਦੇ ਐਨ ਵਿਚਕਾਰ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਬੱਚਿਆਂ ਦੀ ਪੜ੍ਹਾਈ ਲਈ ਅਕਾਲ ਅਕਾਦਮੀ ਮਾਜਰੀ ਦੀ ਸਥਾਪਨਾ ਕੀਤੀ ਗਈ ਹੈ, ਜੋ ਇਲਾਕੇ ਵਿਚ ਸਿੱਖੀ ਪ੍ਰੇਮ ਨੂੰ  ਹੋਰ ਉਤਸ਼ਾਹਿਤ ਕਰਦੀ ਹੈ | ਗੁਰਦੁਆਰਾ ਸਾਹਿਬ ਦਾ ਕੈਂਪਸ ਭਾਵੇਂ ਬਹੁਤ ਵੱਡਾ ਅਤੇ ਖੁੱਲ੍ਹਾ ਹੈ ਪਰ ਇਸ ਨੂੰ  ਹੋਰ ਰੁੱਖ ਲਾ ਕੇ ਹਰਿਆਵਲਾ ਬਣਾਉਣ ਦੀ ਜ਼ਰੂਰਤ ਹੈ |

-ਮਕਾਨ ਨੰ: 3098, ਸੈਕਟਰ-37ਡੀ, ਚੰਡੀਗੜ੍ਹ |
ਮੋਬਾਈਲ : 98764-52223

Ad Position 22
No active advertisement
ਪਿਛਲੀ ਖ਼ਬਰ ਅਲੌਕਿਕ ਪ੍ਰਕਾਸ਼ ਅਗਲੀ ਖ਼ਬਰ ਚਿੰਤਾ ਤਾ ਕੀ ਕੀਜੀਐ
Ad Position 24