ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਕਿਸਾਨ ਦੀ ਮੌਤ
ਤਪਾ ਮੰਡੀ, 27 ਅਕਤੂਬਰ (ਪ੍ਰਵੀਨ ਗਰਗ)-ਬੀਤੀ ਰਾਤ ਤਪਾ-ਤਾਜੋਕੇ ਰੋਡ ’ਤੇ ਸ਼ੈਲਰਾਂ ਨਜ਼ਦੀਕ ਵਾਪਰੇ ਸੜਕੀ ਹਾਦਸੇ ’ਚ ਮੋਟਰਸਾਈਕਲ ਸਵਾਰ ਇੱਕ ਕਿਸਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਵੰਤ.
ਹ
ਹਾਦਸੇ ’ਚ ਨੁਕਸਾਨਿਆ ਗਿਆ ਮੋਟਰਸਾਈਕਲ। ਤਸਵੀਰ : ਪਰਵੀਨ ਗਰਗ
28-10-2026
ਤਪਾ ਮੰਡੀ, 27 ਅਕਤੂਬਰ (ਪ੍ਰਵੀਨ ਗਰਗ)-ਬੀਤੀ ਰਾਤ ਤਪਾ-ਤਾਜੋਕੇ ਰੋਡ ’ਤੇ ਸ਼ੈਲਰਾਂ ਨਜ਼ਦੀਕ ਵਾਪਰੇ ਸੜਕੀ ਹਾਦਸੇ ’ਚ ਮੋਟਰਸਾਈਕਲ ਸਵਾਰ ਇੱਕ ਕਿਸਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਵੰਤ.ਸਿੰਘ ਵਾਸੀ ਪਿੰਡ ਤਾਜੋਕੇ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ, ਗੁਰਵੰਤ ਸਿੰਘ ਬੀਤੀ ਰਾਤ ਤਪਾ ਦੀ ਅਨਾਜ ਮੰਡੀ ਵਿਚ ਆਪਣੀ ਝੋਨੇ ਦੀ ਫ਼ਸਲ ਦੀ ਰਾਖੀ ਲਈ ਮੋਟਰਸਾਈਕਲ ’ਤੇ ਆ ਰਿਹਾ ਸੀ। ਇਸ ਦੌਰਾਨ ਸੜਕ ਕਿਨਾਰੇ ਝੋਨੇ ਦੀਆਂ ਬੋਰੀਆਂ ਨਾਲ ਭਰੇ ਖੜ੍ਹੇ ਟਰਾਲੇ ਕੋਲ ਉਸ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਟਕਰਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਸਬੰਧੀ ਇਹ ਦੋਸ਼ ਲਗਾਏ ਜਾ ਰਹੇ ਹਨ ਕਿ ਹਾਦਸੇ ਤੋਂ ਬਾਅਦ ਟਰੱਕ ਚਾਲਕ ਨੇ ਮਾਮਲੇ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਿਆਂ ਮ੍ਰਿਤਕ ਦੀ ਲਾਸ਼ ਨੂੰ ਘਸੀਟ ਕੇ ਦੂਸਰੀ ਸਾਈਡ ਸੜਕ ਕਿਨਾਰੇ ਫੁੱਲਾਂ ਦੀ ਫੁਲਵਾੜੀ ਵਿਚ ਸੁੱਟ ਦਿੱਤਾ ਅਤੇ ਵਾਹਨ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਕਿ ਗੁਰਵੰਤ ਸਿੰਘ ਆਪਣੀ ਮੰਜ਼ਿਲ ’ਤੇ ਨਹੀਂ ਪਹੁੰਚਿਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪਿੰਡ ਤੋਂ ਕਰੀਬ 2 ਕਿੱਲੋਮੀਟਰ ਦੂਰ ਸ਼ੈਲਰਾਂ ਨੇੜੇ ਇੱਕ ਫੁੱਲਾਂ ਦੀ ਫੁਲਵਾੜੀ ਕੋਲ ਉਸ ਦੀ ਲਾਸ਼ ਪਈ ਮਿਲੀ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸ਼ੈਲਰਾਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਵੀ ਕੈਦ ਹੋ ਗਈ ਹੈ। ਪੁਲਿਸ ਵਲੋਂ ਫੁਟੇਜ ਦੀ ਜਾਂਚ ਕਰਕੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਬਰਨਾਲਾ ਦੇ ਮੌਰਚਰੀ ਹਾਊਸ ਵਿਚ ਭੇਜ ਦਿੱਤਾ ਹੈ ਅਤੇ ਫ਼ਰਾਰ ਵਾਹਨ ਤੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਤਪਾ ਪੁਲਿਸ ਅਨੁਸਾਰ ਪਰਿਵਾਰ ਵਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸ ਘਟਨਾ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।