ਸਰਕਾਰੀ ਬੱਸ ਦੇ ਡਰਾਈਵਰ ਨੇ ਉਲਟ ਪਾਸੇ ਜਾ ਕੇ ਟਿਊਸ਼ਨ ਪੜ੍ਹ ਕੇ ਆ ਰਹੇ ਵਿਦਿਆਰਥੀ ਦੇ ਮੋਟਰਸਾਈਕਲ ਨੂੰ ਮਾਰੀ ਟੱਕਰ
ਬੱਲੂਆਣਾ, 3 ਨਵੰਬਰ (ਗੁਰਨੈਬ ਸਾਜਨ)- ਬੀਤੀ ਸ਼ਾਮ ਮਲੋਟ ਤੋਂ ਬਠਿੰਡਾ ਆ ਰਹੀ ਪੀ. ਆਰ.
ਬੱਲੂਆਣਾ, 3 ਨਵੰਬਰ (ਗੁਰਨੈਬ ਸਾਜਨ)- ਬੀਤੀ ਸ਼ਾਮ ਮਲੋਟ ਤੋਂ ਬਠਿੰਡਾ ਆ ਰਹੀ ਪੀ.ਆਰ.ਟੀ.ਸੀ. ਬੱਸ ਦੇ ਚਾਲਕ ਨੇ ਉਲਟ ਪਾਸੇ ਜਾ ਕੇ ਮੋਟਰ-ਸਾਈਕਲ ਸਵਾਰ ਨੂੰ ਬੱਸ ਦੀ ਟੱਕਰ ਮਾਰ ਦਿੱਤੀ, ਜਿਸ ਕਰਕੇ ਨੌਜਵਾਨ ਦੀ ਮੌਕੇ ‘ਤੇ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਦੇਰ ਰਾਤ ਘਟਨਾ ਸਥਾਨ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਬਠਿੰਡਾ-ਮਲੋਟ ਸੜਕ ‘ਤੇ ਪੈਂਦੇ ਪਿੰਡ ਕਰਮਗੜ੍ਹ ਸੱਤ੍ਹਰਾਂ ਦਾ ਸੁਖਮਨ ਸਿੰਘ ਪੁੱਤਰ ਰਾਮ ਕ੍ਰਿਸ਼ਨ ਜੋ ਬੱਲੂਆਣਾ ਤੋਂ ਹਰ ਰੋਜ਼ ਦੀ ਤਰ੍ਹਾਂ ਟਿਊਸ਼ਨ ਪੜ੍ਹ ਕੇ ਆਪਣੇ ਮੋਟਰ-ਸਾਈਕਲ ਰਾਹੀਂ ਪਿੰਡ ਆ ਰਿਹਾ ਸੀ, ਜਿਉਂ ਹੀ ਉਹ ਬੱਲੂਆਣਾ ਟੋਲ ਪਲਾਜ਼ਾ ਲੰਘਿਆ ਤਾਂ ਕਰਮਗੜ੍ਹ ਸੱਤ੍ਹਰਾਂ ਵਾਲੇ ਪਾਸਿਓਂ ਗਲਤ ਦਿਸ਼ਾ ਵੱਲ ਆਉਂਦੀ ਬੱਸ ਨੇ ਉਸ ਦੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਰਕੇ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਬੱਸ ਡਰਾਈਵਰ ਵਿਰਕ ਕਲਾਂ ਤੋਂ ਹੋਰ ਪਿੰਡਾਂ ‘ਚੋਂ ਵਾਪਸ ਮਲੋਟ ਵੱਲ ਬੱਸ ਮੋੜ ਕੇ ਲੈ ਗਿਆ। ਜਿਸ ਦੇ ਰੋਸ ਵਜੋਂ ਕਰਮਗੜ੍ਹ ਸਤਰਾਂ ਦੇ ਲੋਕਾਂ ਨੇ ਬਠਿੰਡਾ-ਮਲੋਟ ਨੈਸ਼ਨਲ ਹਾਈਵੇਅ ਵਿਚਾਲੇ ਲਾਸ਼ ਰੱਖ ਕੇ 4 ਘੰਟੇ ਧਰਨਾ ਲਗਾਈ ਰੱਖਿਆ। ਜਿਸ ਕਰਕੇ ਬੱਲੂਆਣਾ ਤੋਂ ਕਰਮਗੜ੍ਹ ਸਤਰਾਂ ਤੱਕ ਚਾਰ ਕਿੱਲੋਮੀਟਰ ਸੜਕ ਦੇ ਦੋਨੇਂ ਪਾਸੇ ਚਾਰ ਪਹੀਆ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਘਟਨਾ ਸਥਾਨ ‘ਤੇ ਐੱਸ.ਪੀ.ਡੀ. ਮਨੋਜ ਗਰੋਸੀ, ਡੀ.ਐੱਸ.ਪੀ. ਸੰਦੀਪ ਭਾਟੀ ਪੁਲਿਸ ਟੀਮ ਸਮੇਤ ਧਰਨਾਕਾਰੀਆਂ ਨਾਲ ਗੱਲਬਾਤ ਕਰਦੇ ਰਹੇ, ਪਰ ਧਰਨਾਕਾਰੀ ਇਸ ਗੱਲ ‘ਤੇ ਬਜ਼ਿਦ ਰਹੇ ਕਿ ਬੱਸ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਉਸ ਉੱਪਰ ਮੁਕੱਦਮਾ ਦਰਜ ਕੀਤਾ ਜਾਵੇ। ਪੁਲਿਸ ਥਾਣਾ ਸਦਰ ਬਠਿੰਡਾ ਦੇ ਐੱਸ.ਐਚ.ਓ. ਮੁਨੀਸ਼ ਕੁਮਾਰ ਪੁਲਿਸ ਟੀਮ ਨੂੰ ਲੈ ਕੇ ਮਲੋਟ ਵੱਲ ਚਲੇ ਗਏ ਜਿੱਥੇ ਉਨ੍ਹਾਂ ਮਲੋਟ ਦੇ ਬੱਸ ਅੱਡੇ ‘ਚੋਂ ਬੱਸ ਡਰਾਈਵਰ ਅੰਗਰੇਜ਼ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਬੱਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਐੱਸ.ਪੀ.ਡੀ. ਦਾ ਕਹਿਣਾ ਸੀ ਕਿ ਅਸੀਂ ਪੀੜਤ ਪਰਿਵਾਰ ਨਾਲ ਖੜ੍ਹੇ ਹਾਂ, ਬੱਸ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮ੍ਰਿਤਕ ਦੇਹ ਨੂੰ ਮੋਰਚਰੀ ਵਿਚ ਰੱਖਣ ਲਈ ਐਂਬੂਲੈਂਸ ਮੰਗਵਾਈ ਹੋਈ ਹੈ। ਪਰ ਪਰਿਵਾਰ ਅਤੇ ਪਿੰਡ ਵਾਸੀ ਇਸ ਗੱਲ ‘ ਤੇ ਅੜੇ ਰਹੇ ਕਿ ਪਹਿਲਾਂ ਡਰਾਈਵਰ ਨੂੰ ਹਵਾਲਾਤ ‘ਚ ਉਨ੍ਹਾਂ ਨੂੰ ਦਿਖਾਇਆ ਜਾਵੇ ਫਿਰ ਹੀ ਧਰਨਾ ਚੁੱਕਿਆ ਜਾਵੇਗਾ। ਜਿਸ ‘ਤੇ ਵੀਡੀਓ ਕਾਲ ਰਾਹੀਂ ਐੱਸ.ਪੀ.ਡੀ. ਨੇ ਐੱਸ.ਐਚ.ਓ. ਮੁਨੀਸ਼ ਕੁਮਾਰ ਰਾਹੀਂ ਬੱਸ ਡਰਾਈਵਰ ਨੂੰ ਦਿਖਾ ਦਿੱਤਾ, ਜਿਸ ਦੀ ਸ਼ਨਾਖ਼ਤ ਵੈਲਡਿੰਗ ਮਕੈਨਿਕ ਨਿੱਕਾ ਸਿੰਘ ਸਰਦਾਰਗੜ੍ਹ ਨੇ ਕਰ ਦਿੱਤੀ ਕਿ ਇਹ ਡਰਾਈਵਰ ਹੀ ਉਸ ਕੋਲੋਂ ਘਟਨਾ ਤੋਂ ਕੁਝ ਮਿੰਟ ਪਹਿਲਾਂ ਬੱਸ ‘ਤੇ ਵੈਲਡਿੰਗ ਲਗਾ ਕੇ ਗਲਤ ਪਾਸੇ ਬੱਸ ਲੈ ਗਿਆ ਸੀ। ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ। ਪੁਲਿਸ ਅਧਿਕਾਰੀਆਂ ਨੇ ਪਰਿਵਾਰ ਨੂੰ ਭਰੋਸੇ ਵਿਚ ਲੈ ਕੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਠਿੰਡਾ ਦੇ ਮ੍ਰਿਤਕ ਦੇਹ ਸੰਭਾਲ ਘਰ ਵਿਚ ਰੱਖਿਆ ਗਿਆ ਅਤੇ ਪੁਲਿਸ ਥਾਣਾ ਸਦਰ ਬਠਿੰਡਾ ਵਿਖੇ ਡਰਾਈਵਰ ਅੰਗਰੇਜ਼ ਸਿੰਘ ਨੂੰ ਹਵਾਲਾਤ ਬੰਦ ਕਰਕੇ ਉਸ ਉੱਪਰ ਐਫ. ਆਈ.ਆਰ. ਨੰਬਰ 274 ਤਹਿਤ 304 ਧਾਰਾ ਲਾ ਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਨੇਤਾ ਸਿੰਘ ਮਾਨ ਸੂਬਾ ਜਨਰਲ ਸਕੱਤਰ, ਬਾਬਾ ਬੰਦਾ ਸਿੰਘ ਬਹਾਦਰ ਖ਼ਾਲਸਾ ਕਿਸਾਨ ਮਜ਼ਦੂਰ ਪੰਜਾਬ ਭਾਰਤ, ਨਾਨਕ ਸਿੰਘ ਸੂਬਾ ਮੀਤ ਪ੍ਰਧਾਨ ਵੀ ਰੋਸ ਧਰਨੇ ਪੀੜਤ ਪਰਿਵਾਰ ਨਾਲ ਖੜ੍ਹੇ ਰਹੇ।