ਅਧਿਆਪਕਾਂ ਦੀ ਤਰੱਕੀ ਪ੍ਰਕਿਰਿਆ ਜਲਦ ਮੁਕੰਮਲ ਕਰਨ ਦੀ ਮੰਗ
ਮਾਨਸਾ, 13 ਅਕਤੂਬਰ (ਵਿ. ਪ੍ਰਤੀ.)
ਮਾਨਸਾ, 13 ਅਕਤੂਬਰ (ਵਿ.ਪ੍ਰਤੀ.)- ਈ.ਟੀ.ਟੀ. 6635 ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਮੀਤ ਪ੍ਰਧਾਨ ਕੁਲਦੀਪ ਖੋਖਰ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਪ੍ਰਾਇਮਰੀ ਕੇਡਰ ’ਚ ਲੰਬੇ ਸਮੇਂ ਤੋਂ ਉਡੀਕ ਅਧੀਨ ਸਾਰੀਆਂ ਤਰੱਕੀਆਂ ਦੀ ਪ੍ਰਕਿਰਿਆ ਜਲਦ ਤੋਂ ਜਲਦ ਮੁਕੰਮਲ ਕੀਤੀ ਜਾਵੇ ਅਤੇ ਇਸ ਤੋਂ ਬਾਅਦ ਅਧਿਆਪਕਾਂ ਨੂੰ ਬਦਲੀਆਂ ਲਈ ਇਕ ਹੋਰ ਵਿਸ਼ੇਸ਼ ਮੌਕਾ ਦਿੱਤਾ ਜਾਵੇ। ਆਗੂਆਂ ਨੇ ਕਿਹਾ ਕਿ ਈ.ਟੀ.ਟੀ. ਤੋਂ ਐਚ.ਟੀ. ਅਤੇ ਐਚ.ਟੀ. ਤੋਂ ਸੀ.ਐਚ.ਟੀ. ਦੀਆਂ ਤਰੱਕੀਆਂ ਸਮੇਂ ਸਿਰ ਹੋਣ ਨਾਲ ਅਧਿਆਪਕਾਂ ਦੀਆਂ ਖਾਲੀ ਹੋਣ ਵਾਲੀਆਂ ਅਸਾਮੀਆਂ ਅਤੇ ਸਟੇਸ਼ਨਾਂ ਦੀ ਸਥਿਤੀ ਸਪਸ਼ਟ ਹੋਵੇਗੀ। ਇਸ ਨਾਲ ਬਦਲੀਆਂ ਦੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਵੱਧ ਤੋਂ ਵੱਧ ਅਧਿਆਪਕਾਂ ਨੂੰ ਆਪਣੀ ਪਸੰਦ ਦੇ ਸਟੇਸ਼ਨ ’ਤੇ ਜਾਣ ਦਾ ਮੌਕਾ ਮਿਲ ਸਕੇਗਾ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਮੋਸ਼ਨਾਂ ਅਤੇ ਬਦਲੀਆਂ ਨੂੰ ਆਪਸ ’ਚ ਜੋੜ ਕੇ ਇਕ ਠੋਸ ਅਤੇ ਸਮਾਂਬੱਧ ਯੋਜਨਾ ਤਿਆਰ ਕੀਤੀ ਜਾਵੇ।