ਵਿਸ਼ਵ ਹਲਕਾਅ ਦਿਵਸ ਮੌਕੇ ਬਾਲਿਆਂਵਾਲੀ ਅਧੀਨ ਪੈਂਦੇ ਸਿਹਤ ਸੰਸਥਾਵਾਂ ’ਚ ਜਾਗਰੂਕਤਾ ਕੈਂਪ ਲਗਾਏ
ਬਾਲਿਆਂਵਾਲੀ, 28 ਸਤੰਬਰ (ਕੁਲਦੀਪ ਮਤਵਾਲਾ)-ਸਿਵਲ ਸਰਜਨ ਬਠਿੰਡਾ ਡਾ: ਤਪਿੰਦਰਜੋਤ ਕੌਸ਼ਲ ਦੇ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਸੀ. ਐਚ.
ਬਾਲਿਆਂਵਾਲੀ, 28 ਸਤੰਬਰ (ਕੁਲਦੀਪ ਮਤਵਾਲਾ)-ਸਿਵਲ ਸਰਜਨ ਬਠਿੰਡਾ ਡਾ: ਤਪਿੰਦਰਜੋਤ ਕੌਸ਼ਲ ਦੇ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ. ਬਾਲਿਆਂਵਾਲੀ ਡਾ: ਸ਼ੈਲੀ ਅਰੋੜਾ ਦੀ ਅਗਵਾਈ ਹੇਠ ਵਿਸ਼ਵ ਹਲਕਾਅ ਦਿਵਸ ਮੌਕੇ ਬਲਾਕ ਬਾਲਿਆਂਵਾਲੀ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ’ਚ ਜਾਗਰੂਕਤਾ ਕੈਂਪ ਲਗਾਏ ਗਏ । ਇਸ ਮੌਕੇ ਡਾ: ਸ਼ੈਲੀ ਅਰੋੜਾ ਨੇ ਕਿਹਾ ਕਿ ਹਲਕਾਅ (ਰੈਬੀਜ਼) ਇਕ ਘਾਤਕ ਬਿਮਾਰੀ ਹੈ ਜੋ ਆਮ ਤੌਰ ’ਤੇ ਸੰਕਰਮਿਤ ਕੁੱਤੇ, ਬਿੱਲੀ ਜਾਂ ਹੋਰ ਜਾਨਵਰ ਦੇ ਕੱਟਣ ਜਾਂ ਖੁਰਚਣ ਨਾਲ ਫੈਲਦੀ ਹੈ, ਹਲਕਾਅ ਤੋਂ ਬਚਾਅ ਲਈ ਸਮੇਂ ਸਿਰ ਵੈਕਸੀਨ ਲਗਵਾਉਣਾ ਅਤਿ ਜ਼ਰੂਰੀ ਹੈ ਜੇਕਰ ਕਿਸੇ ਵਿਅਕਤੀ ਨੂੰ ਕੋਈ ਜਾਨਵਰ ਕੱਟ ਲਵੇ ਤਾਂ ਜ਼ਖਮ ਨੂੰ ਤੁਰੰਤ ਸਾਬਣ ਅਤੇ ਵਹਿੰਦੇ ਪਾਣੀ ਨਾਲ ਘੱਟੋ-ਘੱਟ 15 ਮਿੰਟ ਤੱਕ ਧੋਣਾ ਚਾਹੀਦਾ ਹੈ ਅਤੇ ਬਿਨ੍ਹਾਂ ਦੇਰੀ ਨੇੜਲੇ ਸਿਹਤ ਕੇਂਦਰ ਤੋਂ ਡਾਕਟਰੀ ਸਲਾਹ ਲਵੋ। ਇਸ ਮੌਕੇ ਡਾ. ਕਮਲਜੀਤ ਸਿੰਘ ਨੇ ਕਿਹਾ ਕਿ ਹਲਕਾਅ ਹੋਣ ਤੋਂ ਬਾਅਦ ਇਸ ਦਾ ਇਲਾਜ ਸੰਭਵ ਨਹੀਂ, ਇਸ ਲਈ ਆਪਣੇ ਪਾਲਤੂ ਕੁੱਤਿਆਂ ਅਤੇ ਬਿੱਲੀਆਂ ਦਾ ਸਮੇਂ-ਸਮੇਂ ’ਤੇ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਅਤੇ ਆਵਾਰਾ ਜਾਨਵਰਾਂ ਤੋਂ ਦੂਰੀ ਬਣਾਈ ਰੱਖਣੀ ਚਾਹੀਦੀ ਹੈ ਜਦਕਿ ਹਲਕਾਅ ਤੋਂ ਬਚਾਅ, ਜਾਨਵਰਾਂ ਦੇ ਕੱਟਣ ਤੋਂ ਬਾਅਦ ਕੀਤੇ ਜਾਣ ਵਾਲੇ ਮੁਢਲੇ ਉਪਾਅ ਅਤੇ ਵੈਕਸੀਨੇਸ਼ਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬਲਾਕ ਐਜੂਕੇਟਰ ਜਗਤਾਰ ਸਿੰਘ, ਮਨਜੀਤ ਸਿੰਘ, ਸੁਰਿੰਦਰ ਕੌਰ, ਦਰਸ਼ਨ ਕੌਰ ਐਲ.ਐਚ.ਵੀ, ਸਤਪਾਲ ਸਿੰਘ, ਬਲਬੀਰ ਸਿੰਘ ਤੇ ਪੈਰਾਮੈਡੀਕਲ ਸਟਾਫ ਅਤੇ ਪਿੰਡ ਵਾਸੀ ਹਾਜ਼ਰ ਸਨ।