ਦੇਸ਼ ਭਰ ਦੇ 8 ਲੱਖ ਤੋਂ ਵੱਧ ਬੈਂਕ ਮੁਲਾਜ਼ਮਾਂ ਨੇ ਮੁੜ ਕੀਤੀ ਇਕ ਰੋਜ਼ਾ ਹੜਤਾਲ, ਬੈਂਕ ਰਹੇ ਬੰਦ
ਬਠਿੰਡਾ, 11 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਬੈਂਕਿੰਗ ਕਾਰਜ ਪ੍ਰਣਾਲੀ ਹਫ਼ਤਾ ਪੰਜ ਦਿਨਾਂ ਦਾ ਕਰਨ ਅਤੇ ਪੀ. ਐਲ.
ਬਠਿੰਡਾ, 11 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਬੈਂਕਿੰਗ ਕਾਰਜ ਪ੍ਰਣਾਲੀ ਹਫ਼ਤਾ ਪੰਜ ਦਿਨਾਂ ਦਾ ਕਰਨ ਅਤੇ ਪੀ. ਐਲ. ਆਈ. ਸਕੀਮ ਨੂੰ ਲੈ ਕੇ ‘ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼’ ਦੇ ਸੱਦੇ ’ਤੇ ਅੱਜ ਮੁੜ ਦੇਸ਼ ਭਰ ਵਿਚ 8 ਲੱਖ ਤੋਂ ਵੱਧ ਬੈਂਕ ਕਰਮਚਾਰੀਆਂ ਵਲੋਂ ਇਕ ਰੋਜ਼ਾ ਹੜ੍ਹਤਾਲ ਕੀਤੀ ਗਈ, ਜਿਸ ਵਿਚ ਫੋਰਮ ਨਾਲ ਜੁੜੀਆਂ 7 ਪ੍ਰਮੁੱਖ ਯੂਨੀਅਨਾਂ (ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ, ਆਲ ਇੰਡੀਆ ਬੈਂਕ ਆਫ਼ਿਸਰਜ਼ ਕਨਫੈਡਰੇਸ਼ਨ, ਆਲ ਇੰਡੀਆ ਬੈਂਕ ਆਫ਼ਿਸਰਜ਼ ਐਸੋਸੀਏਸ਼ਨ, ਨੈਸ਼ਨਲ ਕਨਫੈਡਰੇਸ਼ਨ ਆਫ਼ ਬੈਂਕ ਇੰਪਲਾਈਜ਼, ਬੈਂਕ ਇੰਪਲਾਈਜ਼ ਫੈਡਰੇਸ਼ਨ ਆਫ ਇੰਡੀਆ, ਇੰਡੀਅਨ ਨੈਸ਼ਨਲ ਬੈਂਕ ਇੰਪਲਾਈਜ਼ ਫੈਡਰੇਸ਼ਨ ਅਤੇ ਇੰਡੀਅਨ ਨੈਸ਼ਨਲ ਬੈਂਕ ਆਫਿਸਰਜ਼ ਕਾਂਗਰਸ) ਨੇ ਹਿੱਸਾ ਲਿਆ। ਇਸ ਦੌਰਾਨ ਦਿਨ ਭਰ ਬੈਂਕ ਬੰਦ ਰਹੇ ਅਤੇ ਗ੍ਰਾਹਕਾਂ ਨੂੰ ਮੁੜ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਸੇ ਕੜੀ ਤਹਿਤ ਬਠਿੰਡਾ ’ਚ ਵੱਖ-ਵੱਖ ਬੈਂਕ ਮੁਲਾਜ਼ਮ ਅਤੇ ਬੈਂਕ ਅਧਿਕਾਰੀ ਯੂਨੀਅਨਾਂ ਵਲੋਂ ਪੰਜਾਬ ਨੈਸ਼ਨਲ ਬੈਂਕ ਭਾਰਤ ਨਗਰ ਵਿਖੇ ਧਰਨਾ ਲਗਾਕੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਬੀਬੀ ਵਾਲਾ ਚੌਕ ਤੋਂ ਘੰਟਾ ਘਰ ਤੱਕ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਬੈਂਕ ਮੁਲਾਜ਼ਮ ਆਗੂ ਨਵਲੀਨ ਸਿੰਘ, ਰਿਸ਼ੂ ਜਿੰਦਲ, ਪਾਲ ਕੁਮਾਰ, ਮਨਮੀਤ ਖੁਰਾਨਾ ਅਤੇ ਜਤਿੰਦਰ ਗਰਗ ਨੇ ਕਿਹਾ ਕਿ ਦੇਸ਼ ਭਰ ਦੀਆਂ ਬੈਂਕ ਮੁਲਾਜ਼ਮ ਯੂਨੀਅਨਾਂ ਬੈਂਕਿੰਗ ਉੱਦਯੋਗ ਵਿਚ ਪੰਜ ਦਿਨਾਂ ਕਾਰਜ ਹਫ਼ਤਾ ਲਾਗੂ ਕਰਨ ਅਤੇ ਪਰਫਾਰਮੈਂਸ ਲਿੰਕਡ ਇੰਸੈਂਟਿਵ (ਪੀ.ਐਲ.ਆਈ.) ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਕੇਂਦਰ ਸਰਕਾਰ ਅਤੇ ਬੈਂਕ ਪ੍ਰਬੰਧਨ ਨਾਲ ਵਾਰ-ਵਾਰ ਮੀਟਿੰਗਾਂ ਹੋਣ ਦੇ ਬਾਵਜੂਦ ਪਰਨਾਲਾ ਉੱਥੇ ਦਾ ਉੱਥੇ ਲਟਕ ਰਿਹਾ ਹੈ, ਜਿਸ ਨੂੰ ਲੈ ਕੇ ਬੈਂਕ ਮੁਲਾਜ਼ਮ ਵਾਰ-ਵਾਰ ਹੜ੍ਹਤਾਲ ਕਰਨ ਲਈ ਮਜ਼ਬੂਰ ਹਨ। ਆਗੂਆਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਮਸਲਾ ਦਾ ਛੇਤੀ ਹੱਲ ਨਾ ਕੀਤਾ ਗਿਆ ਤਾਂ ਮੁੜ 28 ਤੋਂ 30 ਸਤੰਬਰ ਤੱਕ ਹੜ੍ਹਤਾਲ ਕੀਤੀ ਜਾਵੇਗੀ, ਜੇਕਰ ਫੇਰ ਵੀ ਸਰਕਾਰ ਦੇ ਕੰਨਾਂ ’ਤੇ ‘ਜੂੰ’ ਨਾ ਸਰਕੀ ਤਾਂ ਕੇਂਦਰੀ ਕਮੇਟੀ ਦੇ ਸੱਦੇ ਅਨੁਸਾਰ ਅਗਾਮੀ 26 ਅਕਤੂਬਰ ਤੋਂ ਦੇਸ਼ ਭਰ ਵਿਚ ਅਣਮਿੱਥੇ ਸਮੇਂ ਦੀ ਹੜ੍ਹਤਾਲ ਕੀਤੀ ਜਾਵੇਗੀ।