ਨਵੀਂ ਦਿੱਲੀ, 12 ਸਤੰਬਰ (ਪੀ.ਟੀ.ਆਈ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਗੱਲਬਾਤ ਦੌਰਾਨ ਪੱਛਮੀ ਏਸ਼ੀਆ ਦੇ ਟਕਰਾਅ ਦਾ ਹੱਲ ਗੱਲਬਾਤ ਅਤੇ ਕੂਟਨੀਤੀ ਰਾਹੀਂ ਕੱਢਣ ’ਤੇ ਜ਼ੋਰ ਦਿੱਤਾ। ਉਨ੍ਹਾਂ ਖੇਤਰ ਵਿਚ ਲੰਮੇ ਸਮੇਂ ਲਈ ਸ਼ਾਂਤੀ ਅਤੇ ਸਥਿਰਤਾ ਕਾਇਮ ਕਰਨ ਦੇ ਨਾਲ-ਨਾਲ ਸਮੁੰਦਰੀ ਰਸਤਿਆਂ ’ਤੇ ਆਵਾਜਾਈ ਦੀ ਆਜ਼ਾਦੀ, ਵਪਾਰ ਦੀ ਨਿਰਵਿਘਨ ਆਵਾਜਾਈ ਅਤੇ ਸਮੁੰਦਰੀ ਮਲਾਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ਉਜਾਗਰ ਕੀਤੀ। ਦੋਵਾਂ ਆਗੂਆਂ ਨੇ ਭਾਰਤ-ਈਰਾਨ ਸੰਬੰਧਾਂ ਦੇ ਵੱਖ-ਵੱਖ ਪੱਖਾਂ ’ਤੇ ਵੀ ਵਿਚਾਰ ਕੀਤਾ।
ਦੋਵੇਂ ਆਗੂਆਂ ਦੀ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿਚ ਇਹ ਦੂਜੀ ਮੁਲਾਕਾਤ ਹੈ। ਮੋਦੀ ਅਤੇ ਪੇਜ਼ੇਸ਼ਕੀਅਨ ਦੀ ਇਸ ਤੋਂ ਪਹਿਲਾਂ 31 ਅਗਸਤ ਨੂੰ ਬਿਸ਼ਕੇਕ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ) ਦੇ ਸੰਮੇਲਨ ਤੋਂ ਅਲੱਗ ਮੁਲਾਕਾਤ ਹੋਈ ਸੀ। ਉਸ ਮੌਕੇ ਮੋਦੀ ਨੇ ਕਿਹਾ ਸੀ ਕਿ ਭਾਰਤ ਟਕਰਾਅ ਖ਼ਤਮ ਕਰਨ ਲਈ ਕੀਤੇ ਜਾ ਰਹੇ ਸਾਰੇ ਯਤਨਾਂ ਦਾ ਸਮਰਥਨ ਕਰਦਾ ਹੈ। ਰਾਸ਼ਟਰਪਤੀ ਬਣਨ ਤੋਂ ਬਾਅਦ ਪੇਜ਼ੇਸ਼ਕੀਅਨ ਦਾ ਇਹ ਪਹਿਲਾ ਭਾਰਤ ਦੌਰਾ ਹੈ।