ਮਾਨਸਾ ਦੇ ਵਕੀਲ ਦੇ ਹੱਕ ’ਚ ਬਠਿੰਡਾ ਦੇ ਵਕੀਲਾਂ ਵਲੋਂ ਕੰਮਕਾਜ ਠੱਪ
ਬਠਿੰਡਾ, 7 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਜ਼ਿਲ੍ਹਾ ਮਾਨਸਾ ਨਾਲ ਸੰਬੰਧਿਤ ਇਕ ਵਕੀਲ ਦੇ ਖ਼ਿਲਾਫ਼ ਐਸ. ਸੀ.
ਬਠਿੰਡਾ, 7 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਜ਼ਿਲ੍ਹਾ ਮਾਨਸਾ ਨਾਲ ਸੰਬੰਧਿਤ ਇਕ ਵਕੀਲ ਦੇ ਖ਼ਿਲਾਫ਼ ਐਸ.ਸੀ. ਐਸ.ਟੀ. ਐਕਟ ਤਹਿਤ ਦਰਜ ਕੀਤੇ ਗਏ ਮੁਕੱਦਮੇ ਨੂੰ ਲੈ ਕੇ ਵਕੀਲ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਦੇ ਖ਼ਿਲਾਫ਼ ਬਠਿੰਡਾ ਸਮੇਤ ਪੰਜਾਬ ਭਰ ਦੇ ਵਕੀਲਾਂ ਵਲੋਂ ਅੱਜ ਆਪਣਾ ਕੰਮ ਕਾਜ ਠੱਪ ਰੱਖਿਆ ਗਿਆ । ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਬੀਤੇ ਦਿਨੀਂ ਮਾਨਸਾ ਦੇ ਵਕੀਲ ਅਮਨਿੰਦਰ ਸਿੰਘ ਮਾਨ ਦੇ ਖ਼ਿਲਾਫ਼ ਪੰਜਾਬ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਰਹੇ ਜਸਵੀਰ ਸਿੰਘ ਗੜ੍ਹੀ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਨਸਾ ਪੁਲਿਸ ਵਲੋਂ ਐਸ.ਸੀ./ਐਸ.ਟੀ. ਐਕਟ ਤਹਿਤ ਇਕ ਮੁਕੱਦਮਾ ਦਰਜ ਕੀਤਾ ਗਿਆ ਹੈ, ਜਦਕਿ ਵਕੀਲ ਅਮਨਿੰਦਰ ਸਿੰਘ ਵਲੋਂ ਸੋਸ਼ਲ ਮੀਡੀਆ ’ਤੇ ਜੋ ਬਿਆਨਬਾਜ਼ੀ ਜਾਂ ਸ਼ਬਦਾਵਲੀ ਵਰਤੀ ਗਈ ਹੈ, ਉਹ ਐਸ.ਸੀ./ਐਸ.ਸੀ. ਐਕਟ ਅਧੀਨ ਨਹੀਂ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਮੁਕੱਦਮਾ ਕਿਸੇ ਸਾਜ਼ਿਸ਼ ਤਹਿਤ ਦਰਜ ਕੀਤਾ ਗਿਆ ਹੈ, ਜੋ ਬਿਲਕੁਲ ਝੂਠਾ ਹੈ। ਪ੍ਰਧਾਨ ਨੇ ਦੱਸਿਆ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਵਲੋਂ ਪੰਜਾਬ ਭਰ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਉਨ੍ਹਾਂ ਦਾ ਅਤੇ ਵਕੀਲ ਮਾਨ ਦਾ ਸਾਥ ਦਿੱਤਾ ਜਾਵੇ, ਜਿਸ ਤਹਿਤ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਇਕ ਦਿਨ ਲਈ ਆਪਣਾ ਕੰਮ ਕਾਜ ਬੰਦ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਇਹ ਮੁਕੱਦਮਾ ਰੱਦ ਨਾ ਕੀਤਾ ਗਿਆ ਤਾਂ ਮਾਨਸਾ ਬਾਰ ਦੇ ਫ਼ੈਸਲੇ ਅਨੁਸਾਰ ਬਠਿੰਡਾ ਬਾਰ ਉਨ੍ਹਾਂ ਦਾ ਭਰਵਾਂ ਸਾਥ ਦੇਵੇਗੀ।