08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਹਰਸਿਮਰਤ ਕੌਰ ਬਾਦਲ ਨੇ ਦਿੱਲੀ ਵਿਖੇ ਕੌਮੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ, 8 ਸਤੰਬਰ- ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ. ਪੀ. ਸਰਦਾਰਨੀ...

Ad Position 21
repet_subhas-goyals [Copy P29]
ਅਜੀਤ ਡੈਸਕ 08-09-2026

ਚੰਡੀਗੜ੍ਹ, 8 ਸਤੰਬਰ- ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ. ਪੀ. ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਦਿੱਲੀ ਵਿਖੇ ਕੌਮੀ ਮਹਿਲਾ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਜ਼ਬਰ ਜਨਾਹ ਦੇ ਦੋ ਕੇਸਾਂ ਵਿਚ ਮੁਲਜ਼ਮਾਂ ਨੂੰ ਬਚਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਤੇ ਉਨ੍ਹਾਂ ਦੇ ਸਾਥੀਆਂ ਵਲੋਂ 5 ਕਰੋੜ ਰੁਪਏ ਰਿਸ਼ਵਤ ਲੈਣ ਲਈ ਉਨ੍ਹਾਂ ਖਿਲਾਫ ਐਫ. ਆਈ. ਆਰ. ਦਰਜ ਕਰਨ ਦੀ ਪੰਜਾਬ ਸਰਕਾਰ ਨੂੰ ਹਦਾਇਤ ਦੇਣ।

ਬਠਿੰਡਾ ਦੇ ਐਮ ਪੀ, ਜਿਨ੍ਹਾਂ ਨੇ ਅੱਜ ਸ਼ਾਮ ਕੌਮੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜੇ ਕਿਸ਼ੋਰ ਰਾਹਤਕਰ ਨਾਲ ਮੁਲਾਕਾਤ ਕੀਤੀ, ਨੇ ਕਿਹਾ ਕਿ ਇਹ ਐਫ. ਆਈ. ਆਰ. ਮੁੱਖ ਮੰਤਰੀ ਦੀ ਪਤਨੀ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਕੌਮੀ ਮਹਿਲਾ ਕਮਿਸ਼ਨ ਐਕਟ 1990 ਦੀ ਧਾਰਾ 10 ਦੇ ਤਹਿਤ ਨੋਟਿਸ ਲੈਂਦਿਆਂ ਦਰਜ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਮਿਸ਼ਨ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸਿਫਾਰਸ਼ ਕਰੇ ਕਿ ਇਕ ਸੀ. ਬੀ. ਆਈ. ਜਾਂਚ ਸ਼ੁਰੂ ਕਰ ਕੇ ਅੰਮ੍ਰਿਤਸਰ ਤੇ ਮੁਹਾਲੀ ਵਿਚ ਦਰਜ ਹੋਏ ਦੋ ਜ਼ਬਰ ਜਨਾਹ ਦੇ ਕੇਸਾਂ ਨੂੰ ਮੁੱਖ ਮੰਤਰੀ ਦੇ ਪਰਿਵਾਰ ਦੇ ਜ਼ੋਰ ਦੇਣ ’ਤੇ ਰਫਾ ਦਫਾ ਕਰਨ ਦੇ ਮਾਮਲੇ ਦੀ ਵੀ ਜਾਂਚ ਹੋਵੇ।

ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਮਿਸ਼ਨ ਨੇ ਧਿਆਨ ਵਿਚ ਲਿਆਂਦਾ ਕਿ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੇ ਮੁਹਾਲੀ ਵਿਚ ਦੋ ਮਹਿਲਾਵਾਂ ਵਲੋਂ ਦਰਜ ਕਰਵਾਏ ਜ਼ਬਰ ਜਨਾਹ ਦੇ ਮਾਮਲਿਆਂ ਵਿਚ ਜਾਂਚ ਨੂੰ ਤਰਕਸੰਗਤ ਨਤੀਜੇ ਤੱਕ ਲਿਜਾਣ ਦੀ ਥਾਂ ’ਤੇ ਇਨ੍ਹਾਂ ਨੂੰ ਖੁਰਦ ਬੁਰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਕਪਾਸੜ ਤੌਰ ’ਤੇ ਕੇਸ ਰੱਦ ਕਰਨ ਦੀਆਂ ਰਿਪੋਰਟਾਂ ਦਾਇਰ ਕਰਨ ਅਤੇ ਮੁਲਜ਼ਮ ਮੀਡੀਆ ਇਨਫਲੂਐਂਸਰ ਗੁਰੀ ਚਹਿਲ ਨੂੰ ਗ੍ਰਿਫਤਾਰੀ ਦੇ ਦੋ ਮਹੀਨਿਆਂ ਵਿਚ ਹੀ ਰਿਹਾਅ ਕਰਵਾਉਣ ਵਾਲੇ ਪੁਲਿਸ ਅਫ਼ਸਰਾਂ ਦੇ ਖਿਲਾਫ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ।

ਸਰਦਾਰ ਬਾਦਲ ਨੇ ਸ੍ਰੀਮਤੀ ਰਾਹਤਕਰ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਇਕ ਜਾਂਚ ਕਮੇਟੀ ਗਠਿਤ ਕਰਨ ਜੋ ਪੰਜਾਬ ਜਾ ਕੇ ਦੋਵੇਂ ਸ਼ਿਕਾਇਤਕਰਤਾ ਮਹਿਲਾਵਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਇਕ ਸੁਰੱਖਿਆ ਤੇ ਵਿਸ਼ਵਾਸਭਰੇ ਮਾਹੌਲ ਵਿਚ ਬਿਆਨ ਦਰਜ ਕਰੇ। ਉਨ੍ਹਾਂ ਕਿਹਾ ਕਿ ਇਕ ਵਾਰ ਇਹ ਪ੍ਰਕਿਰਿਆ ਮੁਕੰਮਲ ਹੋਣ ’ਤੇ ਡੀ. ਜੀ. ਪੀ., ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ, ਐਸ. ਐਸ. ਪੀ. ਐਸ. ਏ. ਐਸ. ਨਗਰ ਅਤੇ ਸਪੈਸ਼ਲ ਡੀ. ਜੀ. ਪੀ. ਜਿਨ੍ਹਾਂ ਨੂੰ ਹਾਈ ਕੋਰਟ ਨੇ ਅੰਮ੍ਰਿਤਸਰ ਦੀ ਜਾਂਚ ਸੌਂਪੀ ਸੀ ਨੂੰ ਧਾਰਾ 10 (4) ਦੇ ਤਹਿਤ ਮੁਲਜ਼ਮ ਦੀ ਹਿਰਾਸਤ ਤੇ ਜੇਲ੍ਹ ਤਬਦੀਲੀ ਦਾ ਸਾਰਾ ਰਿਕਾਰਡ ਲੈ ਕੇ ਤਲਬ ਕੀਤਾ ਜਾਵੇ।

ਉਨ੍ਹਾਂ ਨੇ ਆਡੀਓ ਰਿਕਾਰਡਿੰਗਾਂ, ਤਸਵੀਰਾਂ, ਸੀ. ਸੀ. ਟੀ. ਵੀ. ਫੁਟੇਜ਼ ਅਤੇ ਸਬੰਧਤ ਵਿਅਕਤੀਆਂ ਦੇ ਕਾਲ ਰਿਕਾਰਡ ਦੇ ਵੇਰਵੇ ਸਮੇਤ ਸਾਰੇ ਇਲੈਕਟ੍ਰਾਨਿਕ ਸਬੂਤ ਸਾਂਭ ਕੇ ਰੱਖਣ ਤੇ ਉਨ੍ਹਾਂ ਦੀ ਫੋਰੈਂਸਿਕ ਜਾਂਚ ਦੀ ਵੀ ਮੰਗ ਕੀਤੀ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਗਵਾਹਾਂ ਨੂੰ ਗਵਾਹ ਸੁਰੱਖਿਆ ਸਕੀਮ ਤਹਿਤ ਰੱਖਿਆ ਜਾਵੇ ਅਤੇ ਮੁਲਜ਼ਮਾਂ ਦੇ ਖਿਲਾਫ ਐਲ. ਓ. ਸੀ. ਜਾਰੀ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਵਾਪਸ ਲਿਆ ਕੇ ਉਨ੍ਹਾਂ ਨੂੰ ਮੁਕੱਦਮੇ ਦਾ ਸਾਹਮਣਾ ਕਰਵਾਇਆ ਜਾਵੇ। ਕੌਮੀ ਮਹਿਲਾ ਕਮਿਸ਼ਨ ਦੇ ਚੇਅਰਮੈਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਧੀ ਹੋਣ ਦੇ ਨਾਅਤੇ ਉਹ ਉਸ ਵੇਲੇ ਚੁੱਪ ਨਹੀਂ ਰਹਿ ਸਕਦੇ ਜਦੋਂ ਸਾਡੀਆਂ ਧੀਆਂ ਦੀ ਸੁਰੱਖਿਆ ਨਾਲ ਮੁੱਖ ਮੰਤਰੀ ਦੇ ਘਰੋਂ ਸੌਦੇਬਾਜ਼ੀ ਕੀਤੀ ਜਾ ਰਹੀ ਹੋਵੇ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਮਹਿਲਾ ਕਮਿਸ਼ਨ ਕੋਲ ਉਦੋਂ ਪਹੁੰਚ ਕੀਤੀ ਹੈ ਜਦੋਂ ਪੀੜਤਾਂ ਦੀ ਪੱਤ ਦੀ ਰਾਖੀ ਲਈ ਬਣੇ ਹਰ ਦਫ਼ਤਰ ਦੇ ਬੂਹੇ ਨਿਆਂ ਹਾਸਲ ਕਰਨ ਵਾਸਤੇ ਬੰਦ ਹਨ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਦਸਤਾਵੇਜ਼ ਸੌਂਪੇ ਹਨ ਜਿਸ ਵਿਚ ਅਮਰਦੀਪ ਗਰੇਵਾਲ ਜੋ ਕਿ ਮੁੱਖ ਮੰਤਰੀ ਦੀ ਪਤਨੀ ਦਾ ਰਿਸ਼ਤੇਦਾਰ ਹੈ, ਦੇ ਕੰਮ ਕਰਨ ਦੇ ਤਰੀਕੇ ਦਾ ਪਤਾ ਚਲਦਾ ਹੈ ਕਿ ਕਿਵੇਂ ਜ਼ਬਰ ਜਨਾਹ ਦੇ ਮੁਲਜ਼ਮ ਨੂੰ ਬਚਾਇਆ ਗਿਆ। ਉਨ੍ਹਾਂ ਕਿਹਾ ਕਿ ਅਮਰਦੀਪ ਗਰੇਵਾਲ ਨੇ ਵਿਚੋਲੇ ਸਿਮਰਜੀਤ ਹੁੰਦਲ ਨੂੰ ਸਪਸ਼ਟ ਕਿਹਾ ਹੈ ਕਿ ਇਕ ਵਾਰ ’ਮਾਣ ਤਾਣ’ ਕਰ ਦਿੱਤਾ ਗਿਆ ਅਤੇ ਪੇਸ਼ਗੀ ਦੇ ਦਿੱਤੀ ਗਈ ਤਾਂ ਕੰਮ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਗਰੇਵਾਲ ਨੇ ਵਿਚੋਲੇ ਨੂੰ ਮੁੱਖ ਮੰਤਰੀ ਦੀ ਪਤਨੀ ਨਾਲ 20 ਮਈ ਨੂੰ ਮਿਲਾਉਣ ਦਾ ਇਕਰਾਰ ਕੀਤਾ ਤੇ ਉਸਨੂੰ ਉਸਦੇ ਚੰਡੀਗੜ੍ਹ ਰੈਸਟੋਰੈਂਟ ਵਿਚ ਕੀਤੀ ਜਾ ਰਹੀ ਸੌਦੇਬਾਜ਼ੀ ਵੇਲੇ ਦੀ ਤਸਵੀਰ ਵੀ ਭੇਜੀ ਤਾਂ ਜੋ ਪੁਖ਼ਤਾ ਸਬੂਤ ਦਿੱਤੇ ਜਾ ਸਕਣ। ਉਨ੍ਹਾਂ ਕਿਹਾ ਕਿ ਰੈਸਟੋਰੈਂਟ ਦੀ ਸੀ. ਸੀ. ਟੀ. ਵੀ. ਫੁਟੇਜ ਤੋਂ ਇਸ ਮੀਟਿੰਗ ਦਾ ਸਮਾਂ ਤੇ ਤਾਰੀਕ ਦਾ ਪਤਾ ਲਾਇਆ ਜਾ ਸਕਦਾ ਹੈ।

ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਗਰੇਵਾਲ ਨੇ ਇਹ ਵੀ ਆਖਿਆ ਸੀ ਕਿ ਇਕ ਵਾਰ ਰਿਸ਼ਵਤ ਦਾ ਪੈਸਾ ਮਿਲ ਗਿਆ ਤਾਂ ਫੋਨ ਉਨ੍ਹਾਂ ਅਫਸਰਾਂ ਨੂੰ ਚਲੇ ਜਾਣਗੇ ਜਿਨ੍ਹਾਂ ਦੇ ਨਾਮ ਉਸਨੇ ਦੱਸੇ ਹਨ ਤੇ ਫਿਰ ਮੁਲਜ਼ਮ ਨੂੰ ਉਸਦੀ ਮਰਜ਼ੀ ਦੀ ਜੇਲ੍ਹ ਵਿਚ ਭੇਜ ਦਿੱਤਾ ਜਾਵੇਗਾ ਅਤੇ ਹਸਪਤਾਲ ਵੀ ਰੈਫਰ ਕਰ ਦਿੱਤਾ ਜਾਵੇਗਾ। ਜਿੱਥੇ ਉਹ ਆਪਣੀ ਲੋੜ ਮੁਤਾਬਕ ਨਸ਼ੇ ਵੀ ਲੈ ਸਕਦਾ ਹੈ ਤੇ ਉਸਦੇ ਖਿਲਾਫ ਸਾਰੇ ਦੋਸ਼ ਵੀ ਖਾਰਜ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਾਰੇ ਖਰੜੇ ਮੁਤਾਬਕ ਹੀ ਕੰਮ ਹੋਇਆ ਜਿਸ ਤੋਂ ਪਤਾ ਚਲਦਾ ਹੈ ਕਿ ਮੁੱਖ ਮੰਤਰੀ ਦੀ ਪਤਨੀ ਨੇ ਗੁਰੀ ਚਹਿਲ ਦੇ ਖਿਲਾਫ ਜ਼ਬਰ ਜਨਾਹ ਦੇ ਦੋ ਕੇਸ ਰੱਦ ਕਰਵਾਉਣ ਲਈ ਰਿਸ਼ਵਤ ਦੀ ਸੌਦੇਬਾਜ਼ੀ ਪੱਕੀ ਕਰ ਲਈ ਸੀ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਮੁਲਜ਼ਮ ਨੂੰ ਦੋ ਮਹੀਨਿਆਂ ਵਿਚ ਹੀ ਜੇਲ੍ਹ ਵਿਚੋਂ ਕੱਢ ਦਿੱਤਾ ਗਿਆ ਤੇ ਉਹ ਦੇਸ਼ ਵਿਚੋਂ ਭੱਜ ਗਿਆ।

Ad Position 22
No active advertisement
ਪਿਛਲੀ ਖ਼ਬਰ ਅਮਨ ਅਰੋੜਾ ਵਲੋਂ ਭਾਰਤ ਦੇ ਕੌਂਸਲ ਜਨਰਲ ਅਤੇ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ ਗਈ ਅਗਲੀ ਖ਼ਬਰ ਜਨਰਲ ਕੌਂਸਲ ਮੈਂਬਰਾਂ ਦੀਆਂ ਨਿਯੁਕਤੀਆਂ ਨਾਲ ਹਲਕਾ ਅਜਨਾਲਾ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਜਥੇਬੰਦਕ ਢਾਂਚੇ ਨੂੰ ਮਿਲੇ...
Ad Position 24