ਝੋਨੇ ਦੀ ਪਰਾਲੀ ਵੱਢਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਕੁੱਟਮਾਰ, ਦੋਵਾਂ ਧਿਰਾਂ ’ਤੇ ਕਰਾਸ ਪਰਚਾ ਦਰਜ
ਫ਼ਾਜ਼ਿਲਕਾ, 7 ਨਵੰਬਰ (ਦਵਿੰਦਰ ਪਾਲ ਸਿੰਘ)-ਥਾਣਾ ਵੈਰੋਕੇ ਪੁਲਿਸ ਨੇ ਝੋਨੇ ਦੀ ਪਰਾਲੀ ਵੱਢਣ ਨੂੰ ਲੈ ਕੇ ਜ਼ਮੀਨੀ ਵਿਵਾਦ ਵਿਚ ਦੋ ਧਿਰਾਂ ਵਿਚਾਲੇ ਹੋਈ ਕੁੱਟਮਾਰ ਦੇ ਮਾਮਲੇ ਵਿਚ ਕਰਾਸ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਪਿੰਡ ਚੱਕ ਬਲੋਚਾਂ ਉਰਫ਼ ਮਹਾਲਮਾਂ ਵਿਖੇ ਦੋਵਾਂ ਧਿਰਾਂ ਦੀ ਜ਼ਮੀਨ ਵਿਚ ਝੋਨੇ ਦੀ ਪਰਾਲੀ ਵੱਢਣ ਸਬੰਧੀ ਲੜਾਈ-ਝਗੜਾ ਹੋਇਆ ਸੀ।
ਫ਼ਾਜ਼ਿਲਕਾ, 7 ਨਵੰਬਰ (ਦਵਿੰਦਰ ਪਾਲ ਸਿੰਘ)-ਥਾਣਾ ਵੈਰੋਕੇ ਪੁਲਿਸ ਨੇ ਝੋਨੇ ਦੀ ਪਰਾਲੀ ਵੱਢਣ ਨੂੰ ਲੈ ਕੇ ਜ਼ਮੀਨੀ ਵਿਵਾਦ ਵਿਚ ਦੋ ਧਿਰਾਂ ਵਿਚਾਲੇ ਹੋਈ ਕੁੱਟਮਾਰ ਦੇ ਮਾਮਲੇ ਵਿਚ ਕਰਾਸ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਪਿੰਡ ਚੱਕ ਬਲੋਚਾਂ ਉਰਫ਼ ਮਹਾਲਮਾਂ ਵਿਖੇ ਦੋਵਾਂ ਧਿਰਾਂ ਦੀ ਜ਼ਮੀਨ ਵਿਚ ਝੋਨੇ ਦੀ ਪਰਾਲੀ ਵੱਢਣ ਸਬੰਧੀ ਲੜਾਈ-ਝਗੜਾ ਹੋਇਆ ਸੀ। ਇਸ ਦੌਰਾਨ ਦੋਵਾਂ ਧਿਰਾਂ ਨੇ ਇਕ-ਦੂਜੇ ਦੀ ਕੁੱਟਮਾਰ ਕਰਕੇ ਸੱਟਾਂ ਮਾਰੀਆਂ ਸਨ। ਦੋਵਾਂ ਧਿਰਾਂ ਦੀਆਂ ਐਮ.ਐਲ.ਆਰ ਥਾਣੇ ਵਿਚ ਪ੍ਰਾਪਤ ਹੋਈਆਂ ਸਨ। ਇਸ ਤੋਂ ਬਾਅਦ ਦੋਵਾਂ ਧਿਰਾਂ ਦੇ ਵਿਅਕਤੀ ਥਾਣੇ ਵਿਚ ਪਹੁੰਚ ਕੇ ਆਪਣੇ ਬਿਆਨ ਦਰਜ ਕਰਵਾਏ। ਇਕ ਧਿਰ ਵਿਚ ਪੁਰਸ਼ੋਤਮ ਸਿੰਘ ਪੁੱਤਰ ਸ਼ੇਰ ਸਿੰਘ, ਗੁਰਵਿੰਦਰ ਸਿੰਘ ਪੁੱਤਰ ਸ਼ੇਰ ਸਿੰਘ, ਰੇਸ਼ਮ ਬਾਈ ਵਿਧਵਾ ਹਰਬੰਸ ਸਿੰਘ ਅਤੇ ਜਸਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਚੱਕ ਬਲੋਚਾਂ ਉਰਫ਼ ਮਹਾਲਮਾਂ ਸ਼ਾਮਲ ਹਨ ਜਿਨ੍ਹਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੂਜੀ ਧਿਰ ਵਿਚ ਹੁਸ਼ਿਆਰ ਸਿੰਘ ਪੁੱਤਰ ਗੁਰਦੀਪ ਸਿੰਘ, ਸੀਮਾ ਰਾਣੀ ਪਤਨੀ ਹੁਸ਼ਿਆਰ ਸਿੰਘ, ਸ਼ੀਲੋ ਬਾਈ ਪਤਨੀ ਗੁਰਦੀਪ ਸਿੰਘ ਅਤੇ ਗੁਰਦੀਪ ਸਿੰਘ ਪੁੱਤਰ ਲਾਲ ਸਿੰਘ ਸ਼ਾਮਲ ਹਨ। ਜਿਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਹੈਰੋਇਨ ਸਮੇਤ ਇਕ ਵਿਅਕਤੀ ਕਾਬੂ -ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਨੀਲ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਸੋਸਾਇਟੀ ਬੈਂਕ ਦੀ ਪਿਛਲੀ ਸਾਈਡ ਪਿੰਡ ਟਿਵਾਣਾ ਕਲਾਂ ਜਲਾਲਾਬਾਦ ਵਿਖੇ ਪਹੁੰਚੀ ਤਾਂ ਇਕ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਮੌਕੇ ਤੋਂ ਖਿਸਕਣ ਲੱਗਿਆ। ਉਸ ਨੂੰ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਮ ਆਕਾਸ਼ ਪੁੱਤਰ ਰਾਜ ਕੁਮਾਰ ਵਾਸੀ ਕਮਿਊਨਿਟੀ ਹਾਲ ਦੀ ਬੈਕ ਸਾਈਡ ਜਲਾਲਾਬਾਦ ਦੱਸਿਆ। ਉਸ ਦੀ ਤਲਾਸ਼ੀ ਦੌਰਾਨ 2 ਗਰਾਮ ਹੈਰੋਇਨ ਬਰਾਮਦ ਹੋਈ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪਰਾਲੀ ਨੂੰ ਅੱਗ ਲਗਾਉਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ - ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਖੇਤ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਸਬ ਇੰਸਪੈਕਟਰ ਕ੍ਰਿਸ਼ਨ ਨੇ ਦੱਸਿਆ ਕਿ ਲੋਕਲ ਲੈਵਲ ਮੋਨੀਟਰਿੰਗ ਕਮੇਟੀ ਤਹਿਸੀਲ ਜਲਾਲਾਬਾਦ ਵਲੋਂ ਥਾਣੇ ਵਿਚ ਪੱਤਰ ਪ੍ਰਾਪਤ ਹੋਇਆ ਸੀ ਕਿ ਗੁਰਦੀਪ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਚੱਕ ਬਜੀਦਾ ਦੇ ਖੇਤਾਂ ਵਿਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਗੁਰਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪਰਾਲੀ ਨੂੰ ਅੱਗ ਲਗਾਉਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ -ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਖੇਤ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਸਬ ਇੰਸਪੈਕਟਰ ਕ੍ਰਿਸ਼ਨ ਨੇ ਦੱਸਿਆ ਕਿ ਲੋਕਲ ਲੈਵਲ ਮੋਨੀਟਰਿੰਗ ਕਮੇਟੀ ਤਹਿਸੀਲ ਜਲਾਲਾਬਾਦ ਵਲੋਂ ਥਾਣੇ ਵਿਚ ਪੱਤਰ ਪ੍ਰਾਪਤ ਹੋਇਆ ਸੀ ਕਿ ਕਰਤਾਰ ਸਿੰਘ ਪੁੱਤਰ ਪੰਜਾ ਸਿੰਘ ਵਾਸੀ ਗੱਟੀ ਹਾਸਲ ਦੇ ਖੇਤਾਂ ਵਿਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਨਸ਼ੇ ਦਾ ਸੇਵਨ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ -ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਨਸ਼ੇ ਦਾ ਸੇਵਨ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਸਾਥੀ ਮੁਲਾਜ਼ਮਾਂ ਸਮੇਤ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਸਬੰਧੀ ਨਹਿਰ ਪਟੜੀ ਸੁਖੇਰਾ ਬੋਦਲਾ ਤੋਂ ਲੱਧੂਵਾਲਾ ਹਿਠਾੜ ਵੱਲ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਮੋਰਚੇ ਕੋਲ ਪਹੁੰਚੀ ਤਾਂ ਇਕ ਵਿਅਕਤੀ ਨਸ਼ੇ ਦਾ ਸੇਵਨ ਕਰਦਾ ਮਿਲਿਆ। ਉਸ ਦੀ ਤਲਾਸ਼ੀ ਦੌਰਾਨ ਇਕ ਲਾਈਟਰ, ਪੰਨੀ ਅਤੇ 10 ਰੁਪਏ ਦਾ ਨੋਟ ਬਰਾਮਦ ਹੋਇਆ। ਕਾਬੂ ਕੀਤੇ ਵਿਅਕਤੀ ਦੀ ਪਛਾਣ ਮਨਜੀਤ ਸਿੰਘ ਪੁੱਤਰ ਧੌਲਾ ਸਿੰਘ ਵਾਸੀ ਮੂਸੇਵਾਲਾ ਥਾਣਾ ਗੁਰੂਹਰਸਹਾਏ ਜ਼ਿਲ੍ਹਾ ਫ਼ਿਰੋਜ਼ਪੁਰ ਵਜੋਂ ਹੋਈ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਨਸ਼ੇ ਦੀ ਹਾਲਤ ਵਿਚ ਮਿਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ -ਥਾਣਾ ਸਿਟੀ ਫ਼ਾਜ਼ਿਲਕਾ ਪੁਲਿਸ ਨੇ ਨਸ਼ੇ ਦੀ ਹਾਲਤ ਵਿਚ ਮਿਲੇ ਇਕ ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਸਬ ਇੰਸਪੈਕਟਰ ਅੰਮ੍ਰਿਤਾ ਨੇ ਦੱਸਿਆ ਕਿ ਉਹ ਸਾਥੀ ਮੁਲਾਜ਼ਮਾਂ ਸਮੇਤ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਸਬੰਧੀ ਇਲਾਕੇ ਵਿਚ ਮੌਜੂਦ ਸਨ। ਇਸ ਦੌਰਾਨ ਸੈਣੀਆਂ ਰੋਡ ਫ਼ਾਜ਼ਿਲਕਾ ਵਿਖੇ ਇਕ ਨੌਜਵਾਨ ਸ਼ੱਕੀ ਹਾਲਤ ਵਿਚ ਝਾੜੀਆਂ ਦੇ ਅੱਗੇ ਬੈਠਾ ਦਿਖਾਈ ਦਿੱਤਾ। ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਵਿਅਕਤੀ ਦੀ ਪਛਾਣ ਪਰਗਟ ਸਿੰਘ ਪੁੱਤਰ ਰਾਜ ਸਿੰਘ ਵਾਸੀ ਮੌਜਮ ਫ਼ਾਜ਼ਿਲਕਾ ਵਜੋਂ ਹੋਈ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪਰਾਲੀ ਨੂੰ ਅੱਗ ਲਗਾਉਣ ਵਾਲੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ -ਥਾਣਾ ਸਦਰ ਫ਼ਾਜ਼ਿਲਕਾ ਪੁਲਿਸ ਨੇ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਪਿੰਡ ਲੱਖੇਵਾਲਾ ਅਸਲੀ ਵਿਖੇ ਹਰਨਾਮ ਸਿੰਘ ਪੁੱਤਰ ਭਗਵਾਨ ਸਿੰਘ, ਹੰਸਾ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ ਗੱਜਣ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਲੱਖੇਵਾਲਾ ਅਸਲੀ ਨੇ ਆਪਣੇ ਖੇਤ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਸੀ ਅਤੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਤਿੰਨੋਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪਰਾਲੀ ਨੂੰ ਅੱਗ ਲਗਾਉਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ -ਥਾਣਾ ਸਦਰ ਫ਼ਾਜ਼ਿਲਕਾ ਪੁਲਿਸ ਨੇ ਖੇਤ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਲੱਖੇਵਾਲਾ ਅਸਲੀ ਦੇ ਖੇਤ ਵਿਚ ਜਸਵੀਰ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਚੁਵਾੜਿਆਂ ਵਾਲੀ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਗਈ ਸੀ ਅਤੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।