ਪਰਾਲੀ ਤੋਂ ਬਾਲਣ ਬਣਾਉਣ ਵਾਲੀ ਫ਼ੈਕਟਰੀ ਵਿਚ ਲੱਗੀ ਅੱਗ- ਲੱਖਾਂ ਦਾ ਨੁਕਸਾਨ
ਮਮਦੋਟ, 7 ਨਵੰਬਰ (ਸੁਖਦੇਵ ਸਿੰਘ ਸੰਗਮ, ਰਾਜਿੰਦਰ ਸਿੰਘ ਹਾਂਡਾ)-ਮਮਦੋਟ ਬਲਾਕ ਦੇ ਸਰਹੱਦੀ ਪਿੰਡ ਖੁੰਦਰ ਉਤਾੜ ਵਿਖੇ ਪਰਾਲੀ ਤੋਂ ਬਾਲਣ ਤਿਆਰ ਕਰਨ ਵਾਲੀ ਫ਼ੈਕਟਰੀ ਵਿਚ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਅਚਾਨਕ ਅੱਗ ਲੱਗਣ ਕਾਰਨ ਪਰਾਲੀ ਦੇ ਦੋ ਵੱਡੇ ਚੱਠੇ ਸੜ ਕੇ ਸੁਆਹ ਹੋ ਗਏ। ਇਸ ਘਟਨਾ ਕਾਰਨ ਫ਼ੈਕਟਰੀ ਮਾਲਕ ਵਲੋਂ ਕਰੀਬ 18 ਤੋਂ 20 ਲੱਖ ਰੁਪਏ ਦੇ ਨੁਕਸਾਨ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਮਮਦੋਟ, 7 ਨਵੰਬਰ (ਸੁਖਦੇਵ ਸਿੰਘ ਸੰਗਮ, ਰਾਜਿੰਦਰ ਸਿੰਘ ਹਾਂਡਾ)-ਮਮਦੋਟ ਬਲਾਕ ਦੇ ਸਰਹੱਦੀ ਪਿੰਡ ਖੁੰਦਰ ਉਤਾੜ ਵਿਖੇ ਪਰਾਲੀ ਤੋਂ ਬਾਲਣ ਤਿਆਰ ਕਰਨ ਵਾਲੀ ਫ਼ੈਕਟਰੀ ਵਿਚ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਅਚਾਨਕ ਅੱਗ ਲੱਗਣ ਕਾਰਨ ਪਰਾਲੀ ਦੇ ਦੋ ਵੱਡੇ ਚੱਠੇ ਸੜ ਕੇ ਸੁਆਹ ਹੋ ਗਏ। ਇਸ ਘਟਨਾ ਕਾਰਨ ਫ਼ੈਕਟਰੀ ਮਾਲਕ ਵਲੋਂ ਕਰੀਬ 18 ਤੋਂ 20 ਲੱਖ ਰੁਪਏ ਦੇ ਨੁਕਸਾਨ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸ੍ਰੀ ਗੁਰੂ ਰਾਮਦਾਸ ਬਾਇਓ ਫਿਊਲ ਖੁੰਦਰ ਉਤਾੜ ਦੇ ਮਾਲਕ ਚੰਦਨ ਮਹਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਫ਼ੈਕਟਰੀ ਵਿਚ ਪਰਾਲੀ ਤੋਂ ਗੱਟੀ(ਥਰਮਲ ਪਲਾਂਟ ਅਤੇ ਫ਼ੈਕਟਰੀਆਂ ਵਿਚ ਬਾਲਣ ਯੁਕਤ) ਤਿਆਰ ਕੀਤੀ ਜਾਂਦੀ ਹੈ ਜਿਸ ਵਿਚ ਸ਼ੁੱਕਰਵਾਰ ਦੇਰ ਰਾਤ ਫ਼ੈਕਟਰੀ ਵਿਚ ਅਚਾਨਕ ਅੱਗ ਲੱਗ ਗਈ, ਜਿਸ ਨੇ ਦੇਖਦੇ ਹੀ ਦੇਖਦੇ ਪਰਾਲੀ ਦੇ ਦੋ ਵੱਡੇ ਚੱਠਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫ਼ਿਰੋਜ਼ਪੁਰ ਅਤੇ ਜਲਾਲਾਬਾਦ ਤੋਂ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਜਿੰਨਾ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਅੱਗ ਤੋਂ ਆਸ ਪਾਸ ਦੇ ਇਲਾਕੇ ਨੂੰ ਸੁਰੱਖਿਅਤ ਕੀਤਾ ਗਿਆ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਫ਼ੈਕਟਰੀ ਮਾਲਕ ਨੇ ਸਰਕਾਰ ਤੋਂ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।