ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਲੋਂ ਬੈਂਕ ਮੈਨੇਜਰ ਨੂੰ ਮੰਗ ਪੱਤਰ
-ਮਾਮਲਾ ਬੈਂਕ ’ਚ ਪੈਸੇ ਜਮ੍ਹਾਂ ਕਰਵਾਉਣ ਆਈਆਂ ਕੁੜੀਆਂ ਨਾਲ ਕਥਿਤ ਧੋਖਾਧੜੀ ਦਾ- ਫ਼ਿਰੋਜ਼ਪੁਰ, 11 ਸਤੰਬਰ (ਕੁਲਬੀਰ ਸਿੰਘ ਸੋਢੀ)- ਫ਼ਿਰੋਜ਼ਪੁਰ ਸ਼ਹਿਰ ਦੇ ਮਾਲ ਰੋਡ ’ਤੇ ਸਥਿਤ ਇਕ ਨਿੱਜੀ ਬੈਂਕ ਵਿਚ ਪੈਸੇ ਜਮ੍ਹਾ ਕਰਵਾਉਣ ਆਈਆਂ ਦੋ ਕੁੜੀਆਂ ਵਲੋਂ ਬੈਂਕ ਦੇ ਇਕ ਮੁਲਾਜ਼ਮ ’ਤੇ ਪੈਸਿਆਂ ਸਬੰਧੀ ਕਥਿਤ ਧੋਖਾਧੜੀ ਕਰਨ ਦੇ ਗੰਭੀਰ ਦੋਸ਼ ਲਗਾਏ ਜਾਣ ਤੋਂ ਬਾਅਦ ਮਾਮਲਾ ਗਰਮਾ ਗਿਆ ਹੈ। ਪੀੜਤ ਅਮਨਦੀਪ ਤੇ ਵੀਰਪਾਲ ਵਲੋਂ ਇਸ ਸਬੰਧੀ ਬੈਂਕ ਮੈਨੇਜਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਆਪਣੇ ਪੈਸੇ ਵਾਪਸ ਕਰਵਾਉਣ ਦੀ ਮੰਗ ਕੀਤੀ ਗਈ ਹੈ ਪਰ ਮਸਲਾ ਹੱਲ ਨਾ ਹੋਣ ਕਰਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੀ ਪੀੜਤਾਂ ਦੇ ਹੱਕ ਵਿਚ ਸਾਹਮਣੇ ਆ ਗਈ ਹੈ।
ਧੋਖਾਧੜੀ ਮਾਮਲੇ ਨੂੰ ਸੁਲਝਾਉਣ ਲਈ ਬੈਂਕ ਦੇ ਮੈਨੇਜਰ ਨੂੰ ਮੰਗ ਪੱਤਰ ਦੇਣ ਸਮੇਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਅਤੇ ਮੈਂਬਰ। ਅਜੀਤ ਤਸਵੀਰ
12-09-2026
ਫ਼ਿਰੋਜ਼ਪੁਰ, 11 ਸਤੰਬਰ (ਕੁਲਬੀਰ ਸਿੰਘ ਸੋਢੀ)- ਫ਼ਿਰੋਜ਼ਪੁਰ ਸ਼ਹਿਰ ਦੇ ਮਾਲ ਰੋਡ ’ਤੇ ਸਥਿਤ ਇਕ ਨਿੱਜੀ ਬੈਂਕ ਵਿਚ ਪੈਸੇ ਜਮ੍ਹਾ ਕਰਵਾਉਣ ਆਈਆਂ ਦੋ ਕੁੜੀਆਂ ਵਲੋਂ ਬੈਂਕ ਦੇ ਇਕ ਮੁਲਾਜ਼ਮ ’ਤੇ ਪੈਸਿਆਂ ਸਬੰਧੀ ਕਥਿਤ ਧੋਖਾਧੜੀ ਕਰਨ ਦੇ ਗੰਭੀਰ ਦੋਸ਼ ਲਗਾਏ ਜਾਣ ਤੋਂ ਬਾਅਦ ਮਾਮਲਾ ਗਰਮਾ ਗਿਆ ਹੈ। ਪੀੜਤ ਅਮਨਦੀਪ ਤੇ ਵੀਰਪਾਲ ਵਲੋਂ ਇਸ ਸਬੰਧੀ ਬੈਂਕ ਮੈਨੇਜਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਆਪਣੇ ਪੈਸੇ ਵਾਪਸ ਕਰਵਾਉਣ ਦੀ ਮੰਗ ਕੀਤੀ ਗਈ ਹੈ ਪਰ ਮਸਲਾ ਹੱਲ ਨਾ ਹੋਣ ਕਰਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੀ ਪੀੜਤਾਂ ਦੇ ਹੱਕ ਵਿਚ ਸਾਹਮਣੇ ਆ ਗਈ ਹੈ। ਪੀੜਤ ਕੁੜੀਆਂ ਅਨੁਸਾਰ ਉਹ ਬੈਂਕ ਵਿਚ ਪੈਸੇ ਜਮ੍ਹਾ ਕਰਵਾਉਣ ਲਈ ਆਈਆਂ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਦੌਰਾਨ ਬੈਂਕ ਦੇ ਇਕ ਮੁਲਾਜ਼ਮ ਨੇ ਉਨ੍ਹਾਂ ਤੋਂ ਪੈਸੇ ਲਏ ਤੇ ਪਾਲਿਸੀ ਸਬੰਧੀ ਐਂਟਰੀ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਬਾਅਦ ਵਿਚ ਉਨ੍ਹਾਂ ਨੂੰ ਆਪਣੇ ਪੈਸਿਆਂ ਦੀ ਲੋੜ ਪਈ ਅਤੇ ਉਨ੍ਹਾਂ ਵਲੋਂ ਰਕਮ ਵਾਪਸ ਮੰਗੀ ਗਈ ਤਾਂ ਉਨ੍ਹਾਂ ਨੂੰ ਕਥਿਤ ਤੌਰ ’ਤੇ ਪਤਾ ਲੱਗਾ ਕਿ ਉਨ੍ਹਾਂ ਦੇ ਪੈਸਿਆਂ ਨਾਲ ਧੋਖਾਧੜੀ ਹੋਈ ਹੈ। ਪੀੜਤਾਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਲੈ ਕੇ ਕਈ ਵਾਰ ਬੈਂਕ ਪ੍ਰਬੰਧਕਾਂ ਨਾਲ ਸੰਪਰਕ ਕਰ ਚੁੱਕੀਆਂ ਹਨ ਤੇ ਲਿਖਤੀ ਰੂਪ ਵਿਚ ਵੀ ਆਪਣੀ ਰਕਮ ਵਾਪਸ ਕਰਨ ਦੀ ਮੰਗ ਕੀਤੀ ਜਾ ਚੁੱਕੀ ਹੈ ਪਰ ਇਸ ਦੇ ਬਾਵਜੂਦ ਅਜੇ ਤੱਕ ਉਨ੍ਹਾਂ ਨੂੰ ਪੈਸੇ ਵਾਪਸ ਨਹੀਂ ਮਿਲੇ। ਪੀੜਤਾਂ ਵਲੋਂ ਹੁਣ ਮਾਮਲੇ ਨੂੰ ਲੈ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਕੋਲ ਪਹੁੰਚ ਕਰਕੇ ਇਨਸਾਫ਼ ਦਿਵਾਉਣ ਲਈ ਸਹਿਯੋਗ ਦੀ ਮੰਗ ਕੀਤੀ ਗਈ ਹੈ। ਪੀੜਤਾਂ ਦੇ ਹੱਕ ਵਿਚ ਡਟੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਜੇਕਰ ਬੈਂਕ ਵਿਚ ਗ੍ਰਾਹਕਾਂ ਦੀ ਰਕਮ ਨਾਲ ਕਿਸੇ ਮੁਲਾਜ਼ਮ ਵਲੋਂ ਕਥਿਤ ਤੌਰ ’ਤੇ ਧੋਖਾਧੜੀ ਕੀਤੀ ਗਈ ਹੈ ਤਾਂ ਇਹ ਬਹੁਤ ਗੰਭੀਰ ਮਾਮਲਾ ਹੈ। ਉਨ੍ਹਾਂ ਬੈਂਕ ਪ੍ਰਬੰਧਕਾਂ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਪੀੜਤਾਂ ਦੀ ਰਕਮ ਤੁਰੰਤ ਵਾਪਸ ਕਰਵਾਈ ਜਾਵੇ ਤੇ ਜੇਕਰ ਜਾਂਚ ਦੌਰਾਨ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਸਬੰਧਿਤ ਮੁਲਾਜ਼ਮ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਯੂਨੀਅਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਕ ਹਫ਼ਤੇ ਦੇ ਅੰਦਰ ਪੀੜਤਾਂ ਦੇ ਪੈਸੇ ਵਾਪਸ ਨਾ ਕੀਤੇ ਗਏ ਤਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਲੋਂ ਬੈਂਕ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਇਸ ਦੀ ਜ਼ਿੰਮੇਵਾਰੀ ਬੈਂਕ ਪ੍ਰਬੰਧਕਾਂ ਦੀ ਹੋਵੇਗੀ। ਇਸ ਮੌਕੇ ਅਵਤਾਰ ਸਿੰਘ ਮਹਿਮਾ, ਗੁਰਜੱਜ ਸਿੰਘ ਸਾਂਦੇ ਹਾਸ਼ਮ, ਜਸਵੀਰ ਸਿੰਘ ਮੱਲਵਾਲ, ਗੁਰਸਿਮਰਨ ਸਿੰਘ ਝੋਕ ਤੋਂ ਇਲਾਵਾ ਹੋਰ ਕਿਸਾਨ ਆਗੂ ਵੀ ਮੌਜੂਦ ਸਨ।