ਵਿਦਿਆਰਥੀਆਂ ਦੇ ਹੌਸਲੇ ਲਈ ਐਸ.ਡੀ.ਐਮ. ਹਰਦੀਪ ਸਿੰਘ ਦਾ ਸ਼ਲਾਘਾਯੋਗ ਉਪਰਾਲਾ, ਨਿੱਜੀ ਰਾਸ਼ੀ ’ਚੋਂ ਦਿੱਤੇ 11,000 ਦੇ ਇਨਾਮ
ਗੁਰੂਹਰਸਹਾਏ, 24 ਅਗਸਤ (ਕਪਿਲ ਕੰਧਾਰੀ)-ਆਜ਼ਾਦੀ ਦਿਵਸ ਸਮਾਰੋਹ ਮੌਕੇ ਐਸ. ਡੀ.
ਗੁਰੂਹਰਸਹਾਏ, 24 ਅਗਸਤ (ਕਪਿਲ ਕੰਧਾਰੀ)-ਆਜ਼ਾਦੀ ਦਿਵਸ ਸਮਾਰੋਹ ਮੌਕੇ ਐਸ.ਡੀ.ਐਮ. ਗੁਰੂਹਰਸਹਾਏ ਹਰਦੀਪ ਸਿੰਘ ਵਲੋਂ ਵਿਦਿਆਰਥੀਆਂ ਦਾ ਹੌਸਲਾ ਵਧਾਉਣ ਲਈ ਇਕ ਸ਼ਲਾਘਾਯੋਗ ਅਤੇ ਪ੍ਰੇਰਨਾਦਾਇਕ ਪਹਿਲ ਕੀਤੀ ਗਈ। ਉਨ੍ਹਾਂ ਨੇ ਆਪਣੀ ਨਿੱਜੀ ਰਾਸ਼ੀ ਵਿਚੋਂ 11,000 ਦੀ ਨਕਦ ਇਨਾਮੀ ਰਾਸ਼ੀ ਸਰਕਾਰੀ ਹਾਈ ਸਕੂਲ ਸ਼ਰੀਂਹ ਵਾਲਾ ਬਰਾੜ ਦੇ ਵਿਦਿਆਰਥੀਆਂ ਨੂੰ ਦੇਣ ਦਾ ਐਲਾਨ ਕੀਤਾ ਸੀ। ਜਿਸ ਦੇ ਚੱਲਦਿਆਂ ਇਹ ਰਾਸ਼ੀ ਐਸ.ਡੀ.ਐਮ ਹਰਦੀਪ ਸਿੰਘ ਵਲੋਂ ਸਕੂਲ ਵਿਖੇ ਵਿਦਿਆਰਥੀਆਂ ਦੇ ਲਈ ਭੇਜੀ ਗਈ। ਮੁੱਖ ਅਧਿਆਪਕ ਮੈਡਮ ਰਿੰਕਲ ਮੰਜਾਲ ਨੇ ਕਿਹਾ ਕਿ ਇਹ ਉਪਰਾਲਾ ਵਿਦਿਆਰਥੀਆਂ ਦੀ ਪ੍ਰਤਿਭਾ, ਮਿਹਨਤ ਅਤੇ ਆਤਮ-ਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਵਾਲਾ ਸਾਬਤ ਹੋਇਆ। ਸਰਕਾਰੀ ਹਾਈ ਸਕੂਲ ਸ਼ਰੀਂਹ ਵਾਲਾ ਬਰਾੜ ਦੇ ਵਿਦਿਆਰਥੀਆਂ ਲਈ ਇਹ ਪਲ ਮਾਣ ਅਤੇ ਖ਼ੁਸ਼ੀ ਭਰਿਆ ਰਿਹਾ। ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੇ ਐਸ.ਡੀ.ਐਮ. ਹਰਦੀਪ ਸਿੰਘ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਉਤਸ਼ਾਹਜਨਕ ਕਦਮ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਤੇ ਭਵਿੱਖ ਵਿਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦੇ ਹਨ। ਸਕੂਲ ਮੁਖੀ ਰਿੰਕਲ ਮੁੰਜਾਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਵਾਲੇ ਅਜਿਹੇ ਯਤਨ ਉਨ੍ਹਾਂ ਅੰਦਰ ਆਤਮ-ਵਿਸ਼ਵਾਸ ਅਤੇ ਸਫਲਤਾ ਦੀ ਨਵੀਂ ਊਰਜਾ ਪੈਦਾ ਕਰਦੇ ਹਨ। ਉਨ੍ਹਾਂ ਐਸ.ਡੀ.ਐਮ. ਹਰਦੀਪ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਹ ਕਦਮ ਸਕੂਲ ਦੇ ਵਿਦਿਆਰਥੀਆਂ ਲਈ ਲੰਬੇ ਸਮੇਂ ਤੱਕ ਪੇ੍ਰਨਾ ਦਾ ਸਰੋਤ ਬਣਿਆ ਰਹੇਗਾ। ਇਸ ਮੌਕੇ ਰਾਧਿਕਾ, ਮੇਘਾ, ਮਮਤਾ, ਕੁਲਵਿੰਦਰ ਕੌਰ, ਹਰਮੀਤ ਕੌਰ, ਸੁਮਿਤ ਮਲਿਕ, ਅਮਰੀਕ ਸਿੰਘ, ਸਚਿਨ ਕੁਮਾਰ, ਸੁਰਿੰਦਰ ਪਾਲ ਅਤੇ ਨਵਦੀਪ ਸ਼ਰਮਾ ਸਮੇਤ ਸਮੂਹ ਸਟਾਫ਼ ਨੇ ਵੀ ਐਸ.ਡੀ.ਐਮ. ਹਰਦੀਪ ਸਿੰਘ ਦੇ ਇਸ ਸ਼ਲਾਘਾਯੋਗ ਉਪਰਾਲੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ।