ਪਹਿਲੀ ਸਟੇਟ ਮਾਸਟਰਜ਼ ਅਥਲੈਟਿਕਸ ਮੀਟ ਸ਼ਾਨੋ-ਸ਼ੌਕਤ ਨਾਲ ਸੰਪੰਨ
104 ਸਾਲਾ ਬਜ਼ੁਰਗ ਸਮੇਤ 35 ਤੋਂ 104 ਸਾਲ ਤੱਕ ਦੇ ਖਿਡਾਰੀਆਂ ਨੇ ਦਿਖਾਇਆ ਖੇਡ ਜਜ਼ਬਾ
ਫ਼ਿਰੋਜ਼ਪੁਰ, 16 ਨਵੰਬਰ (ਗੁਰਿੰਦਰ ਸਿੰਘ)-ਮਾਸਟਰ ਅਥਲੈਟਿਕ ਫੈਡਰੇਸ਼ਨ ਆਫ਼ ਪੰਜਾਬ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕਰਵਾਈ ਗਈ ਪਹਿਲੀ ਦੋ ਰੋਜ਼ਾ ਸਟੇਟ ਮਾਸਟਰਜ਼ ਅਥਲੈਟਿਕਸ ਮੀਟ ਉਤਸ਼ਾਹ, ਜੋਸ਼ ਅਤੇ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਈ। ਇਸ ਖੇਡ ਮਹਾਂਕੁੰਭ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 35 ਤੋਂ 104 ਸਾਲ ਤੱਕ ਦੀ ਉਮਰ ਦੇ ਖਿਡਾਰੀਆਂ ਨੇ ਭਾਗ ਲੈ ਕੇ ਇਹ ਸਾਬਤ ਕਰ ਦਿੱਤਾ ਕਿ ਖੇਡਾਂ ਪ੍ਰਤੀ ਜਜ਼ਬਾ, ਹੌਸਲਾ ਅਤੇ ਜਨੂੰਨ ਉਮਰ ਦੀਆਂ ਹੱਦਾਂ ਤੋਂ ਉੱਪਰ ਹੁੰਦਾ ਹੈ।
ਫ਼ਿਰੋਜ਼ਪੁਰ, 16 ਨਵੰਬਰ (ਗੁਰਿੰਦਰ ਸਿੰਘ)-ਮਾਸਟਰ ਅਥਲੈਟਿਕ ਫੈਡਰੇਸ਼ਨ ਆਫ਼ ਪੰਜਾਬ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕਰਵਾਈ ਗਈ ਪਹਿਲੀ ਦੋ ਰੋਜ਼ਾ ਸਟੇਟ ਮਾਸਟਰਜ਼ ਅਥਲੈਟਿਕਸ ਮੀਟ ਉਤਸ਼ਾਹ, ਜੋਸ਼ ਅਤੇ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਈ। ਇਸ ਖੇਡ ਮਹਾਂਕੁੰਭ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 35 ਤੋਂ 104 ਸਾਲ ਤੱਕ ਦੀ ਉਮਰ ਦੇ ਖਿਡਾਰੀਆਂ ਨੇ ਭਾਗ ਲੈ ਕੇ ਇਹ ਸਾਬਤ ਕਰ ਦਿੱਤਾ ਕਿ ਖੇਡਾਂ ਪ੍ਰਤੀ ਜਜ਼ਬਾ, ਹੌਸਲਾ ਅਤੇ ਜਨੂੰਨ ਉਮਰ ਦੀਆਂ ਹੱਦਾਂ ਤੋਂ ਉੱਪਰ ਹੁੰਦਾ ਹੈ। ਸਮਾਪਤੀ ਸਮਾਰੋਹ ਵਿਚ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ, ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ, ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬੌਬੀ ਬਾਠ, ਭਾਜਪਾ ਆਗੂ ਦੀਪਕ ਸ਼ਰਮਾ ਅਤੇ ਪੰਜਾਬ ਐਗਰੋ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਮਹਿਮਾਨਾਂ ਵਲੋਂ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਫੈਡਰੇਸ਼ਨ ਦੇ ਚੇਅਰਮੈਨ ਰਜਵੰਤ ਸਿੰਘ ਘੁੱਲੀ, ਪ੍ਰਧਾਨ ਰਜਿੰਦਰ ਸਿੰਘ ਸਿੱਧਵਾਂ, ਸਕੱਤਰ ਪ੍ਰਗਟ ਸਿੰਘ ਗਿੱਲ ਅਤੇ ਜ਼ਿਲ੍ਹਾ ਮਾਸਟਰਜ਼ ਅਥਲੈਟਿਕਸ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਡਾ. ਗੁਰਿੰਦਰਜੀਤ ਸਿੰਘ ਢਿੱਲੋਂ, ਜਨਰਲ ਸਕੱਤਰ ਈਸ਼ਵਰ ਸ਼ਰਮਾ ਅਤੇ ਪ੍ਰੈੱਸ ਸਕੱਤਰ ਸਰਬਜੀਤ ਸਿੰਘ ਭਾਵੜਾ ਨੇ ਦੱਸਿਆ ਕਿ ਇਸ ਮੀਟ ਦਾ ਮੁੱਖ ਉਦੇਸ਼ ਹਰ ਉਮਰ ਵਰਗ ਦੇ ਲੋਕਾਂ ਨੂੰ ਖੇਡਾਂ ਨਾਲ ਜੋੜਨਾ, ਸਰੀਰਕ ਤੰਦਰੁਸਤੀ ਪ੍ਰਤੀ ਜਾਗਰੂਕ ਕਰਨਾ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨਾ ਸੀ। ਉਨ੍ਹਾਂ ਕਿਹਾ ਕਿ 104 ਸਾਲ ਦੀ ਉਮਰ ਵਿਚ ਵੀ ਖਿਡਾਰੀਆਂ ਦਾ ਪੂਰੇ ਜੋਸ਼ ਅਤੇ ਹੌਸਲੇ ਨਾਲ ਖੇਡ ਮੈਦਾਨ ਵਿਚ ਉਤਰਨਾ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਹੈ। ਦੂਜੇ ਦਿਨ ਹੋਏ ਮੁਕਾਬਲਿਆਂ ਵਿੱਚ ਜੈਵਲਿਨ ਥ੍ਰੋਅ ਦੇ ਵੱਖ-ਵੱਖ ਉਮਰ ਵਰਗਾਂ ਵਿਚ ਈਸ਼ਵਰ ਦਾਸ ਫ਼ਿਰੋਜ਼ਪੁਰ, ਸੁਰਿੰਦਰ ਸਿੰਘ, ਜਗਤਾਰ ਸਿੰਘ ਧਨੋਆ ਅਤੇ ਸੁਰਿੰਦਰ ਪਾਲ ਸਿੰਘ ਸ਼ਰਮਾ ਨੇ ਪਹਿਲੇ ਸਥਾਨ ਹਾਸਲ ਕੀਤੇ। ਹੈਮਰ ਥ੍ਰੋਅ ਵਿਚ ਰਜਿੰਦਰ ਸਿੰਘ ਸਿੱਧਵਾਂ, ਗੁਰਭੇਜ ਸਿੰਘ, ਪ੍ਰਗਟ ਸਿੰਘ, ਸੁਖਜਿੰਦਰ ਸਿੰਘ, ਗੁਰਦਿਆਲ ਸਿੰਘ ਵਿਰਕ, ਰਸ਼ਪਾਲ ਸਿੰਘ ਅਤੇ ਹਰਜਿੰਦਰ ਸਿੰਘ ਨੇ ਆਪੋ-ਆਪਣੇ ਉਮਰ ਵਰਗਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੇ ਸਥਾਨ ਪ੍ਰਾਪਤ ਕੀਤੇ। ਇਸੇ ਤਰ੍ਹਾਂ ਪੋਲ ਵਾਲਟ ਮੁਕਾਬਲਿਆਂ ਵਿਚ ਲਖਵਿੰਦਰ ਸਿੰਘ ਅੰਮ੍ਰਿਤਸਰ ਅਤੇ ਪਿਆਰਾ ਸਿੰਘ ਹੁਸ਼ਿਆਰਪੁਰ ਨੇ ਜਿੱਤ ਦਰਜ ਕੀਤੀ। ਹੈਮਰ ਥ੍ਰੋਅ ਦੇ 65 ਸਾਲਾ ਵਰਗ ਵਿਚ ਰਾਜਵੰਤ ਸਿੰਘ ਘੁੱਲੀ ਨੇ ਦੂਜਾ ਅਤੇ ਪਲਵਿੰਦਰ ਸਿੰਘ ਮਾਨਸਾ ਨੇ ਤੀਜਾ ਸਥਾਨ ਹਾਸਲ ਕੀਤਾ।ਸਮਾਗਮ ਦੌਰਾਨ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਖੇਡ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਤੋਂ ਇਲਾਵਾ 104 ਸਾਲਾ ਜਗਤਾਰ ਸਿੰਘ ਧਨੋਆ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਫ਼ਿਰੋਜ਼ਪੁਰ ਵਿਖੇ ਇਸ ਪੱਧਰ ਦਾ ਖੇਡ ਸਮਾਗਮ ਕਰਵਾਉਣਾ ਮਾਣ ਵਾਲੀ ਗੱਲ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ। ਇਸ ਮੌਕੇ ਗੁਰਦਿਆਲ ਸਿੰਘ ਵਿਰਕ, ਦਲੀਪ ਸਿੰਘ ਸੰਧੂ, ਬਲਦੇਵ ਰਾਜ ਸ਼ਰਮਾ, ਗੁਰਵਿੰਦਰ ਸਿੰਘ ਮਠਾੜੂ, ਜਸਪ੍ਰੀਤ ਸਿੰਘ, ਡਾ. ਸੁਰਜੀਤ ਸਿੰਘ, ਮਨਜੀਤ ਸਿੰਘ, ਜਸਬੀਰ ਕੌਰ, ਜਗੀਰ ਸਿੰਘ, ਕੇਵਲ ਕ੍ਰਿਸ਼ਨ, ਹਰਬਰਿੰਦਰ ਸਿੰਘ, ਸਤਿੰਦਰ ਸਿੰਘ ਬਾਠ, ਨੇਹਾ ਖਾਨ, ਵਰਿੰਦਰਪਾਲ ਸਿੰਘ ਖਾਲਸਾ, ਅਵਿਨਾਸ਼ ਕੁਮਾਰ ਸੂਰਤ, ਰਾਕੇਸ਼ ਕੁਮਾਰ ਨੈਸ਼ਨਲ ਅਵਾਰਡੀ, ਦਰਬਾਰਾ ਸਿੰਘ ਸੰਧੂ, ਦਰਸ਼ਨ ਸਿੰਘ ਗਿੱਲ, ਅਮਰਜੀਤ ਸਿੰਘ ਅਤੇ ਸਰਬਜੀਤ ਸਿੰਘ ਸਾਬਾ ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਅਤੇ ਪਤਵੰਤੇ ਹਾਜ਼ਰ ਸਨ।