ਐਮ.ਆਰ.ਸਰਕਾਰੀ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਰੈੱਡ ਰਿਬਨ ਕਲੱਬਾਂ ਦੀ ਮੀਟਿੰਗ ਅਤੇ ‘ਰੈੱਡ ਰਨ’ ਕਰਵਾਈ
ਫ਼ਾਜ਼ਿਲਕਾ,7 ਅਗਸਤ (ਅਮਰਜੀਤ ਸ਼ਰਮਾ)-ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਫ਼ਾਜ਼ਿਲਕਾ ਦੇ ਨਿਰਦੇਸ਼ਾਂ ਹੇਠ ਐਮ. ਆਰ.
ਫ਼ਾਜ਼ਿਲਕਾ,7 ਅਗਸਤ (ਅਮਰਜੀਤ ਸ਼ਰਮਾ)-ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਫ਼ਾਜ਼ਿਲਕਾ ਦੇ ਨਿਰਦੇਸ਼ਾਂ ਹੇਠ ਐਮ.ਆਰ.ਸਰਕਾਰੀ ਕਾਲਜ ਵਿਖੇ ਸਾਲ 2026-27 ਲਈ ਜ਼ਿਲ੍ਹਾ ਪੱਧਰੀ ਰੈੱਡ ਰਿਬਨ ਕਲੱਬਾਂ ਦੀ ਐਡਵੋਕੇਸੀ ਮੀਟਿੰਗ ਅਤੇ ‘ਰੈੱਡ ਰਨ’ (ਮੈਰਾਥਨ) ਕਰਵਾਈ ਗਈ। ਇਸ ਸਮਾਗਮ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਅਤੇ ਗੈਰ-ਸਰਕਾਰੀ ਕਾਲਜਾਂ ਦੇ ਨੁਮਾਇੰਦਿਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਦੀ ਸ਼ੁਰੂਆਤ ’ਤੇ ਪ੍ਰੋ.ਜਸਕਰਨ ਸਿੰਘ ਨੇ ਸਭ ਦਾ ਸਵਾਗਤ ਕਰਦਿਆਂ ਐੱਚ.ਆਈ.ਵੀ./ਏਡਜ਼ ਦੀ ਰੋਕਥਾਮ, ਨੌਜਵਾਨਾਂ ’ਚ ਸਮਾਜਿਕ ਜਾਗਰੂਕਤਾ ਪੈਦਾ ਕਰਨ ਅਤੇ ਰੈੱਡ ਰਿਬਨ ਕਲੱਬਾਂ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਬਣਾਉਣ ਬਾਰੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਕਰਵਾਈ ਗਈ ‘ਰੈੱਡ ਰਨ’ ਵਿਚ ਐਮ.ਆਰ. ਕਾਲਜ ਦੇ ਬੀ.ਏ. ਭਾਗ-1 ਦੇ ਵਿਦਿਆਰਥੀ ਸੁਰਿੰਦਰ ਸਿੰਘ ਅਤੇ ਬੀ.ਏ. ਭਾਗ-3 ਦੀ ਵਿਦਿਆਰਥਣ ਜਸਵਿੰਦਰ ਕੌਰ ਨੇ ਆਪਣੇ-ਆਪਣੇ ਵਰਗ ਵਿਚ ਤੀਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ 2,000-2,000 ਰੁਪਏ ਦੀ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਨਵਾਜਿਆ ਗਿਆ। ਕਾਲਜ ਇੰਚਾਰਜ ਪ੍ਰੋ. ਗੁਰਮਿੰਦਰ ਕੌਰ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ’ਚ ਸਿਹਤ ਜਾਗਰੂਕਤਾ, ਲੀਡਰਸ਼ਿਪ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਦੇ ਹਨ। ਇਸ ਮੌਕੇ ਰੈੱਡ ਰਿਬਨ ਕਲੱਬ ਇੰਚਾਰਜ ਪ੍ਰੋ.ਮੰਜੂ ਰਾਣੀ, ਸਮੂਹ ਕਮੇਟੀ ਮੈਂਬਰ, ਪ੍ਰੋਫੈਸਰ ਅਤੇ ਵੱਡੀ ਗਿਣਤੀ ’ਚ ਵਿਦਿਆਰਥੀ ਮੌਜੂਦ ਸਨ।