ਸਾਦੀਹਰੀ ਦੀ ਜ਼ਮੀਨ ਦਾ ਮਸਲਾ ਹੱਲ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਧਰਨਾ ਜਾਰੀ ਰੱਖਣ ਦਾ ਫ਼ੈਸਲਾ
ਦਿੜ੍ਹਬਾ ਮੰਡੀ, 13 ਅਕਤੂਬਰ (ਜਸਵੀਰ ਸਿੰਘ ਔਜਲਾ)-ਪਿੰਡ ਸਾਦੀਹਰੀ ਦੀ ਨਜ਼ੂਲ ਜ਼ਮੀਨ ਦੇ ਵਿਵਾਦ ਦਾ ਪੱਕਾ ਹੱਲ ਕਰਵਾਉਣ ਅਤੇ ਨੌਜਵਾਨਾਂ ਖ਼ਿਲਾਫ਼ ਦਰਜ ਕਥਿਤ ਝੂਠੇ ਪਰਚੇ ਰੱਦ ਕਰਵਾਉਣ ਲਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਅੱਗੇ ਲਾਇਆ ਮੋਰਚਾ ਦੂਜੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ, ਪਰ ਕੋਈ ਅੰਤਿਮ ਹੱਲ ਨਾ ਨਿਕਲਣ ਕਾਰਨ ਜਥੇਬੰਦੀ ਨੇ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ।
ਦਿੜ੍ਹਬਾ ਮੰਡੀ, 13 ਅਕਤੂਬਰ (ਜਸਵੀਰ ਸਿੰਘ ਔਜਲਾ)-ਪਿੰਡ ਸਾਦੀਹਰੀ ਦੀ ਨਜ਼ੂਲ ਜ਼ਮੀਨ ਦੇ ਵਿਵਾਦ ਦਾ ਪੱਕਾ ਹੱਲ ਕਰਵਾਉਣ ਅਤੇ ਨੌਜਵਾਨਾਂ ਖ਼ਿਲਾਫ਼ ਦਰਜ ਕਥਿਤ ਝੂਠੇ ਪਰਚੇ ਰੱਦ ਕਰਵਾਉਣ ਲਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਅੱਗੇ ਲਾਇਆ ਮੋਰਚਾ ਦੂਜੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ, ਪਰ ਕੋਈ ਅੰਤਿਮ ਹੱਲ ਨਾ ਨਿਕਲਣ ਕਾਰਨ ਜਥੇਬੰਦੀ ਨੇ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ। ਐਸ.ਡੀ.ਐਮ. ਦਿੜ੍ਹਬਾ, ਡੀ.ਆਰ. ਸੰਗਰੂਰ, ਏ.ਆਰ. ਮੂਨਕ ਅਤੇ ਬੀਡੀਪੀਓ ਦਿੜ੍ਹਬਾ ਨਾਲ ਹੋਈ ਮੀਟਿੰਗ ’ਚ ਜ਼ਮੀਨ ਦੇ ਮਸਲੇ ਸਬੰਧੀ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਅਧਿਕਾਰੀਆਂ ਵਲੋਂ ਮਸਲੇ ਦੇ ਪੱਕੇ ਹੱਲ ਲਈ ਕੁਝ ਦਿਨਾਂ ਦਾ ਸਮਾਂ ਮੰਗਿਆ ਗਿਆ, ਜਿਸ ਤੋਂ ਬਾਅਦ ਜਥੇਬੰਦੀ ਨੇ ਮੰਗਾਂ ਪੂਰੀਆਂ ਹੋਣ ਤੱਕ ਮੋਰਚਾ ਜਾਰੀ ਰੱਖਣ ਦਾ ਫ਼ੈਸਲਾ ਕੀਤਾ। ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੇ ਕਿਹਾ ਕਿ ਕਮੇਟੀ ਅਨੁਸਾਰ ਪਿਛਲੇ ਸਮੇਂ ਦੌਰਾਨ ਪਿੰਡ ਸਾਦੀਹਰੀ ਦੇ ਦਰਜਨਾਂ ਨੌਜਵਾਨਾਂ ਖ਼ਿਲਾਫ਼ ਕਥਿਤ ਝੂਠੇ ਪਰਚੇ ਦਰਜ ਕੀਤੇ ਗਏ, ਜਿਸ ਨਾਲ ਉਨ੍ਹਾਂ ਦੇ ਭਵਿੱਖ ’ਤੇ ਮਾੜਾ ਅਸਰ ਪਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਜ਼ੂਲ ਜ਼ਮੀਨ ਅਤੇ ਸੁਸਾਇਟੀਆਂ ਨਾਲ ਸਬੰਧਤ ਮਸਲੇ ਨੂੰ ਲੰਮੇ ਸਮੇਂ ਤੋਂ ਲਟਕਾਇਆ ਜਾ ਰਿਹਾ ਹੈ। ਪ੍ਰਸ਼ਾਸਨ ਨਾਲ 50 ਤੋਂ ਵੱਧ ਮੀਟਿੰਗਾਂ ਹੋਣ ਦੇ ਬਾਵਜੂਦ ਮੰਗਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੰਘਰਸ਼ ਕਰ ਰਹੇ ਲੋਕਾਂ ਨੂੰ ਦਬਾਉਣ ਦੀ ਬਜਾਏ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇ। ਆਗੂਆਂ ਨੇ ਐਲਾਨ ਕੀਤਾ ਕਿ ਜ਼ਮੀਨ ਦੇ ਮਸਲੇ ਦਾ ਪੱਕਾ ਹੱਲ ਕਰਨ ਅਤੇ ਪਰਚੇ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਗੁਰਵਿੰਦਰ ਸਿੰਘ ਸਾਦੀਹਰੀ,ਰਾਜੂ ਸਾਦੀਹਰੀ, ਸਤਿਗੁਰ ਰਾਏਧਰਨਾ, ਲੱਖੀ ਸਾਦੀਹਰੀ, ਮੱਖਣ ਸਿੰਘ, ਜਗਤਾਰ ਸਿੰਘ, ਮਿੱਠੂ ਸਿੰਘ ਅਤੇ ਜੱਗੀ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਹੋਰ ਲੋਕ ਹਾਜ਼ਰ ਸਨ।