ਮੋਗਾ, 7 ਅਕਤੂਬਰ (ਅ.ਬ.)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ’ਵਾਈਬ ਪੰਜਾਬ ਦੀ’ ਪ੍ਰੋਗਰਾਮ ਦੌਰਾਨ ਨੌਜਵਾਨਾਂ ਨੇ ’ਸੁਖਬੀਰ ਬਾਈ ਫਾਰ 2027’ ’ਤੇ ਮੋਹਰ ਲਗਾਈ ਜਦੋਂ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਪੰਜਾਬ ਦੀ ਤਕਦੀਰ ਬਦਲਣ ਲਈ ਇਕ ਮੌਕਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਆਖਿਆ ਕਿ ਉਹ ਉਹਨਾਂ ਦੇ ਜੀਵਨ ਵਿਚ ਖੁਸ਼ੀਆਂ ਖੇੜਾ ਤੇ ਤਰੱਕੀ ਲੈ ਕੇ ਆਉਣਗੇ। ਇਥੇ ਗੁਰੂ ਨਾਨਕ ਕਾਲਜ ਵਿਚ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਤੁਹਾਨੂੰ ਅਕਾਲੀ ਦਲ ਅਤੇ ਮੇਰੇ ’ਤੇ ਮਾਣ ਮਹਿਸੂਸ ਹੋਵੇਗਾ। ਵਾਈਬ ਪੰਜਾਬ ਦੀ ਪ੍ਰੋਗਰਾਮ ਦੌਰਾਨ ਸਰਦਾਰ ਬਾਦਲ ਨੇ ਅਨੇਕਾਂ ਸਵਾਲਾਂ ਦੇ ਜਵਾਬ ਦਿੱਤੇ ਜਿਸ ਦੌਰਾਨ ਉਹਨਾਂ ਨੇ ਚੰਡੀਗੜ੍ਹ ਕਾਲਜ ਆਫ ਆਰਟ ਜਿਥੇ ਉਹਨਾਂ ਨੇ ਕਾਂਸੀ ਤੇ ਫਾਇਬਰਗਲਾਸ ਦੇ ਬੁੱਤ ਬਣਾਏ, ਤੋਂ ਲੈ ਕੇ ਉਹਨਾਂ ਨੇ ਪਸ਼ੂਆਂ ਨਾਲ ਪਿਆਰ ਤੇ ਹਰ ਸਵੇਰੇ ਦੋ ਘੰਟੇ ਉਹਨਾਂ ਨਾਲ ਬਿਤਾਉਣ ਸਮੇਤ ਪਿੰਡ ਵਿਚ ਰਹਿਣ ਤੇ ਪੀਜ਼ਾ ਨਾਲੋਂ ਛੋਲੇ ਭਟੂਰੇ ਨੂੰ ਪਸੰਦ ਕਰਨ ਬਾਰੇ ਗੱਲ ਕੀਤੀ। ਸਰਦਾਰ ਬਾਦਲ ਨੇ ਦੱਸਿਆ ਕਿ ਉਹਨਾਂ ਨੂੰ ਸਤਿੰਦਰ ਸਰਤਾਜ ਤੇ ਦਿਲਜੀਤ ਦੁਸਾਂਝ ਨਾਲੋਂ ਏ ਪੀ ਢਿੱਲੋਂ ਜ਼ਿਆਦਾ ਪਸੰਦ ਹੈ ਤੇ ਉਹ ਕੌਫੀ ਨਾਲੋਂ ਨਮਕੀਨ ਲੱਸੀ ਪਸੰਦ ਕਰਦੇ ਹਨ ਤੇ ਉਹਨਾਂ ਨੂੰ ਸਮੁੰਦਰੀ ਤੱਟਾਂ ਨਾਲੋਂ ਪਹਾੜ ਜ਼ਿਆਦਾ ਪਸੰਦ ਹਨ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਵੇਲੇ ਵਿਸ਼ਵ ਕਬੱਡੀ ਕੱਪ ਵਿਚ ਇਨਾਮੀ ਰਾਸ਼ੀ 10 ਕਰੋੜ ਰੁਪਏ ਕੀਤੀ ਜਾਵੇਗੀ। ਅਕਾਲੀ ਦਲ ਦੇ ਪ੍ਰਧਾਨ ਨੇ ਸਿੱਖਿਆ ਖੇਤਰ ਵਿਚ ਕ੍ਰਾਂਤੀ ਲਿਆਉਣ ਦੀ ਵੀ ਗੱਲ ਕੀਤੀ। ਸਰਦਾਰ ਬਾਦਲ ਨੇ ਵਿਦਿਆਰਥੀਆਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਨਸ਼ਿਆਂ ਦਾ ਖ਼ਾਤਮਾ ਕਰੇਗਾ। ਉਹਨਾਂ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਵਰਲਡ ਸਕਿੱਲ ਯੂਨੀਵਰਸਿਟੀ ਸਥਾਪਿਤ ਕਰੇਗੀ ਜਿਸਦੇ ਸਾਰੇ ਜ਼ਿਲ੍ਹਿਆਂ ਵਿਚ ਸੈਂਟਰ ਹੋਣਗੇ। ਸਰਦਾਰ ਬਾਦਲ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਸੂਬੇ ਭਰ ਵਿਚ ਲਗਾਏ ਗਏ ’ਈਮਾਨਦਾਰ ਮੁੱਖ ਮੰਤਰੀ’ ਦੇ ਬੋਰਡਾਂ ’ਤੇ ਵੀ ਪ੍ਰਤੀਕਰਮ ਜ਼ਾਹਰ ਕਰਦਿਆਂ ਕਿਹਾ ਕਿ ਚੋਣ ਜ਼ਾਬਤਾ ਲੱਗਣ ਮਗਰੋਂ ਇਹ ਹੋਰਡਿੰਗ ਠੱਗ ਮੁੱਖ ਮੰਤਰੀ ਵਿਚ ਬਦਲ ਜਾਣਗੇ। ਉਹਨਾਂ ਕਿਹਾ ਕਿ ਆਪਣੇ ਪ੍ਰਾਪੇਗੰਡੇ ਵਾਸਤੇ ਸਰਕਾਰੀ ਖ਼ਜ਼ਾਨੇ ਵਿਚੋਂ 500 ਕਰੋੜ ਰੁਪਿਆ ਵਰਤਿਆ ਗਿਆ ਹੈ।