ਸਿੱਖ ਨੌਜਵਾਨ ਤੇਜਪਾਲ ਸਿੰਘ ਬੱਠਲਾ ਨੇ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ‘ਚ ਭਰਤੀ ਹੋ ਕੇ ਦੇਸ਼ ਦਾ ਨਾਂਅ ਕੀਤਾ ਰੌਸ਼ਨ
ਮੋਗਾ, 7 ਅਗਸਤ (ਸੁਰਿੰਦਰਪਾਲ ਸਿੰਘ)-ਸਿੱਖ ਨੌਜਵਾਨ ਤੇਜਪਾਲ ਸਿੰਘ ਬੱਠਲਾ ਨੇ ਕੈਨੇਡਾ ਦੀ ਪ੍ਰਸਿੱਧ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (ਆਰ. ਸੀ.
ਮੋਗਾ, 7 ਅਗਸਤ (ਸੁਰਿੰਦਰਪਾਲ ਸਿੰਘ)-ਸਿੱਖ ਨੌਜਵਾਨ ਤੇਜਪਾਲ ਸਿੰਘ ਬੱਠਲਾ ਨੇ ਕੈਨੇਡਾ ਦੀ ਪ੍ਰਸਿੱਧ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (ਆਰ.ਸੀ.ਐਮ.ਵੀ.) ਵਿਚ ਭਰਤੀ ਹੋ ਕੇ ਨਾ ਸਿਰਫ਼ ਆਪਣੇ ਪਰਿਵਾਰ, ਸਗੋਂ ਸਮੁੱਚੇ ਸਿੱਖ ਭਾਈਚਾਰੇ ਅਤੇ ਦੇਸ਼ ਦਾ ਨਾਂ ਵੀ ਰੌਸ਼ਨ ਕੀਤਾ ਹੈ। ਤੇਜਪਾਲ ਸਿੰਘ ਬੱਠਲਾ ਦਾ ਜਨਮ ਉੱਤਰਾਖੰਡ ਦੇ ਰੁਦਰਪੁਰ ਵਿਖੇ ਪਿਤਾ ਜਸਪਾਲ ਸਿੰਘ ਅਤੇ ਮਾਤਾ ਜਸਵਿੰਦਰ ਕੌਰ ਦੇ ਘਰ ਹੋਇਆ। ਬਚਪਨ ਤੋਂ ਹੀ ਮਿਹਨਤੀ, ਅਨੁਸ਼ਾਸਿਤ ਅਤੇ ਦ੍ਰਿੜ੍ਹ ਇਰਾਦਿਆਂ ਵਾਲੇ ਤੇਜਪਾਲ ਨੇ ਆਪਣੀ ਲਗਨ ਅਤੇ ਮਿਹਨਤ ਦੇ ਸਦਕਾ ਕੈਨੇਡਾ ਦੀ ਦੁਨੀਆ ਭਰ ਵਿਚ ਮਾਣਯੋਗ ਮੰਨੀ ਜਾਣ ਵਾਲੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਵਿਚ ਆਪਣਾ ਸਥਾਨ ਬਣਾਇਆ। ਭਾਰਤ ਤੋਂ ਕੈਨੇਡਾ ਤੱਕ ਦਾ ਉਨ੍ਹਾਂ ਦਾ ਸਫ਼ਰ ਸਮਰਪਣ, ਇਮਾਨਦਾਰੀ, ਬਹਾਦਰੀ ਅਤੇ ਅਨੁਸ਼ਾਸਨ ਦੀ ਪ੍ਰੇਰਣਾਦਾਇਕ ਮਿਸਾਲ ਹੈ। ਉਨ੍ਹਾਂ ਦੀ ਇਹ ਉਪਲਬਧੀ ਸਿੱਖੀ ਦੀਆਂ ਉੱਚੀਆਂ ਕਦਰਾਂ-ਕੀਮਤਾਂ ਅਤੇ ਸੇਵਾ ਦੀ ਭਾਵਨਾ ਨੂੰ ਵੀ ਦਰਸਾਉਂਦੀ ਹੈ। ਕੈਨੇਡੀਅਨ ਭਾਈਚਾਰੇ ਦੀ ਸੁਰੱਖਿਆ ਅਤੇ ਸੇਵਾ ਲਈ ਉਨ੍ਹਾਂ ਦੀ ਨਿਭਾਈ ਜਾ ਰਹੀ ਜ਼ਿੰਮੇਵਾਰੀ ਵਿਦੇਸ਼ਾਂ ਵਿਚ ਵੱਸਦੇ ਭਾਰਤੀਆਂ, ਖ਼ਾਸ ਕਰਕੇ ਸਿੱਖ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਹੈ। ਇਸ ਮਾਣਮੱਤੀ ਪ੍ਰਾਪਤੀ ‘ਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਿੱਖ ਭਾਈਚਾਰੇ ਅਤੇ ਸ਼ੁੱਭਚਿੰਤਕਾਂ ਵਲੋਂ ਤੇਜਪਾਲ ਸਿੰਘ ਬੱਠਲਾ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਸਭ ਨੇ ਉਨ੍ਹਾਂ ਦੇ ਉਜਲੇ ਭਵਿੱਖ ਅਤੇ ਸੇਵਾ ਦੇ ਖੇਤਰ ਵਿਚ ਹੋਰ ਵੱਡੀਆਂ ਕਾਮਯਾਬੀਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ।