ਸਮੁੰਦਰੀ ਜਹਾਜ਼ਾਂ ਅਤੇ ਮਲਾਹਾਂ ’ਤੇ ਹਮਲੇ ਕਿਸੇ ਵੀ ਤਰ੍ਹਾਂ ਸਵੀਕਾਰਯੋਗ ਨਹੀਂ-ਜੈਸ਼ੰਕਰ
ਨਵੀਂ ਦਿੱਲੀ, 27 ਨਵੰਬਰ (ਪੀ. ਟੀ. ਆਈ.)-ਹਿੰਦ ਮਹਾਂਸਾਗਰ ਦੇ ਤੱਟਵਰਤੀ ਦੇਸ਼ਾਂ ਦੇ ਇਕ ਸਮੂਹ ਨੇ ਸ਼ੁੱਕਰਵਾਰ ਨੂੰ ਖੇਤਰ ਵਿਚ ਸ਼ਾਂਤੀ ਅਤੇ ਖੁਸ਼ਹਾਲੀ ਲਈ ਕੰਮ ਕਰਨ ਦਾ ਅਹਿਦ ਲਿਆ। ਇਸ ਦੇ ਨਾਲ ਹੀ, ਰਣਨੀਤਕ ਸਮੁੰਦਰੀ ਖੇਤਰਾਂ ਵਿਚ ਚੀਨ ਦੇ ਵਧਦੇ ਹਮਲਾਵਰ ਰਵੱਈਏ ਨੂੰ ਲੈ ਕੇ ਵਧ ਰਹੀ ਚਿੰਤਾ ਦੇ ਵਿਚਕਾਰ, ਉਨ੍ਹਾਂ ਨੇ ਸਮੁੰਦਰੀ ਆਵਾਜਾਈ ਦੀ ਆਜ਼ਾਦੀ, ਬਿਨਾਂ ਕਿਸੇ ਰੁਕਾਵਟ ਦੇ ਵਪਾਰ ਅਤੇ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਨੂੰ ਯਕੀਨੀ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਨਵੀਂ ਦਿੱਲੀ ਵਿਚ ਭਾਰਤ ਦੀ ਮੇਜ਼ਬਾਨੀ ਹੇਠ ਹੋਈ ਮੰਤਰੀ ਪੱਧਰੀ ਬੈਠਕ ਦੌਰਾਨ ‘ਇੰਡੀਅਨ ਓਸ਼ੀਅਨ ਰਿਮ ਐਸੋਸੀਏਸ਼ਨ’ (ਆਈ.ਓ.ਆਰ.ਏ.) ਨੇ ਸਮੁੰਦਰੀ ਸੁਰੱਖਿਆ ਅਤੇ ਜਹਾਜ਼ਾਂ ਤੇ ਸਮੁੰਦਰੀ ਕਰਮਚਾਰੀਆਂ ਦੀ ਸੁਰੱਖਿਆ ਨੂੰ ਕਮਜ਼ੋਰ ਕੀਤੇ ਜਾਣ ‘ਤੇ ਚਿੰਤਾ ਪ੍ਰਗਟਾਈ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਸੱਦਾ ਦਿੱਤਾ। ਵਿਦੇਸ਼ ਮੰਤਰਾਲੇ ਅਨੁਸਾਰ ਆਈ.ਓ.ਆਰ.ਏ. ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਭਾਰਤ ਨੇ ਇਸ ਸਮੂਹ ਦੀ ਸੰਸਥਾਗਤ ਅਤੇ ਵਿੱਤੀ ਸਮਰੱਥਾ ਵਧਾਉਣ ਲਈ 5,00,000 ਅਮਰੀਕੀ ਡਾਲਰ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ।ਭਾਰਤ ਨੇ ਆਈ.ਓ.ਆਰ.ਏ. ਦੇ ਮੌਜੂਦਾ ਚੇਅਰ (ਪ੍ਰਧਾਨ) ਵਜੋਂ ਨਵੀਂ ਦਿੱਲੀ ਵਿੱਚ ਇਸ ਬੈਠਕ ਦੀ ਮੇਜ਼ਬਾਨੀ ਕੀਤੀ। ਆਈ.ਓ.ਆਰ.ਏ. ਵਿਚ 23 ਦੇਸ਼ ਸ਼ਾਮਿਲ ਹਨ, ਜਿਨ੍ਹਾਂ ਵਿਚ ਆਸਟ੍ਰੇਲੀਆ, ਇੰਡੋਨੇਸ਼ੀਆ, ਦੱਖਣੀ ਅਫਰੀਕਾ, ਕੀਨੀਆ, ਤਨਜ਼ਾਨੀਆ, ਮੋਜ਼ਾਮਬੀਕ, ਸੋਮਾਲੀਆ, ਓਮਾਨ, ਯਮਨ, ਬੰਗਲਾਦੇਸ਼, ਮਲੇਸ਼ੀਆ ਅਤੇ ਥਾਈਲੈਂਡ ਸ਼ਾਮਲ ਹਨ। ਇਸ ਤੋਂ ਇਲਾਵਾ, ਅਮਰੀਕਾ, ਯੂਰਪੀ ਸੰਘ ਅਤੇ ਆਈ.ਓ.ਆਰ.ਏ. ਦੇ ਕਈ ਹੋਰ ‘ਸੰਵਾਦ ਭਾਈਵਾਲ’ ਵੀ ਇਸ ਇਕੱਠ ਵਿਚ ਸ਼ਾਮਿਲ ਹੋਏ।ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਹਿੰਦ ਮਹਾਂਸਾਗਰ ਵਿਸ਼ਵ ਵਪਾਰ, ਊਰਜਾ ਸੁਰੱਖਿਆ ਅਤੇ ਸੰਪਰਕ ਲਈ ਕੇਂਦਰੀ ਮਹੱਤਤਾ ਰੱਖਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਇਸ ਖੇਤਰ ਦੇ ਸਾਰੇ ਤੱਟੀ ਦੇਸ਼ਾਂ ਨੂੰ ਇਸ ਦੀ ਸੁਰੱਖਿਆ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਸਮੁੰਦਰੀ ਜਹਾਜ਼ਾਂ ਅਤੇ ਮਲਾਹਾਂ ’ਤੇ ਵੱਧ ਰਹੇ ਹਮਲਿਆਂ ਨੂੰ ਕਿਸੇ ਵੀ ਤਰ੍ਹਾਂ ਸਵੀਕਾਰਯੋਗ ਨਹੀਂ ਕਰਾਰ ਦਿੱਤਾ।‘ਇੰਡੀਅਨ ਓਸ਼ੀਅਨ ਰਿਮ ਐਸੋਸੀਏਸ਼ਨ’ (ਆਈ.ਓ.ਆਰ.ਏ.) ਦੇ ਮੰਤਰੀ ਪੱਧਰੀ ਸੰਮੇਲਨ ਵਿਚ ਬੋਲਦਿਆਂ ਜੈਸ਼ੰਕਰ ਨੇ ਸਮੁੰਦਰੀ ਕਾਨੂੰਨਾਂ, ਖਾਸ ਕਰਕੇ ‘ਸਮੁੰਦਰੀ ਕਾਨੂੰਨ ਬਾਰੇ ਸੰਯੁਕਤ ਰਾਸ਼ਟਰ ਕਨਵੈਨਸ਼ਨ’ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ। ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਵਿਸ਼ਵ ਸਮੁੰਦਰੀ ਖੇਤਰ ਵਿਚ ਤਣਾਅ ਵਧ ਰਿਹਾ ਹੈ, ਜਿਸ ਵਿਚ ਦੱਖਣੀ ਚੀਨ ਸਾਗਰ ਵਿਚ ਚੀਨ ਵਲੋਂ ਆਪਣੀ ਫੌਜੀ ਤਾਕਤ ਦਾ ਪ੍ਰਦਰਸ਼ਨ ਕਰਨਾ ਵੀ ਸ਼ਾਮਿਲ ਹੈ।
ਭਾਰਤ ਵਲੋਂ ਸਮਰੱਥਾ ਨਿਰਮਾਣ ਲਈ ਆਈ.ਓ.ਆਰ.ਏ. ਨੂੰ 5,00,000 ਅਮਰੀਕੀ ਡਾਲਰ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ
ਸਮੁੰਦਰੀ ਜਹਾਜ਼ਾਂ ਅਤੇ ਮਲਾਹਾਂ ’ਤੇ ਹਮਲੇ ਕਿਸੇ ਵੀ ਤਰ੍ਹਾਂ ਸਵੀਕਾਰਯੋਗ ਨਹੀਂ-ਜੈਸ਼ੰਕਰ ਨਵੀਂ ਦਿੱਲੀ, 27 ਨਵੰਬਰ (ਪੀ. ਟੀ.
ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਵਿਦੇਸ਼ ਮੰਤਰੀ ਐਸ. ਜੈਸ਼ੰਕਰ।
28-11-2026