ਮੁੰਬਈ ’ਚ ਦਾਊਦ ਨਾਲ ਜੁੜੀ ਜਾਇਦਾਦ ਨੂੰ ਢਾਹੁਣ ਦੀ ਕਾਰਵਾਈ ’ਤੇ ਰੋਕ
ਮੁੰਬਈ, 18 ਨਵੰਬਰ (ਏਜੰਸੀ)-ਸੁਪਰੀਮ ਕੋਰਟ ਵਲੋਂ ਲਗਾਈ ਗਈ ਰੋਕ ਨੇ ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (ਬੀ. ਐਮ.
ਮੁੰਬਈ, 18 ਨਵੰਬਰ (ਏਜੰਸੀ)-ਸੁਪਰੀਮ ਕੋਰਟ ਵਲੋਂ ਲਗਾਈ ਗਈ ਰੋਕ ਨੇ ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (ਬੀ.ਐਮ.ਸੀ.) ਨੂੰ ‘ਹਾਜੀ ਇਸਮਾਈਲ ਹਾਜੀ ਹਬੀਬ ਮੁਸਾਫਿਰਖਾਨਾ’ ਨੂੰ ਢਾਹੁਣ ਦੀ ਯੋਜਨਾ ’ਤੇ ਅਮਲ ਕਰਨ ਤੋਂ ਰੋਕ ਦਿੱਤਾ ਹੈ। ਭੇਂਡੀ ਬਾਜ਼ਾਰ ਦੀ ਪਾਕਮੋਡੀਆ ਸਟ੍ਰੀਟ ’ਤੇ ਸਥਿਤ ਇਹ ਇਮਾਰਤ ਬਹੁਤ ਹੀ ਖਸਤਾ ਹਾਲਤ ਵਿਚ ਹੈ ਅਤੇ ਇਸ ਦਾ ਸੰਬੰਧ ਅੰਡਰਵਰਲਡ ਦੇ ਭਗੌੜੇ ਡਾਨ ਦਾਊਦ ਇਬਰਾਹਿਮ ਨਾਲ ਦੱਸਿਆ ਜਾਂਦਾ ਹੈ। ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਥਾਨਕ ਵਿਧਾਇਕ ਅਮੀਨ ਪਟੇਲ ਨੇ ਦਾਅਵਾ ਕੀਤਾ ਕਿ ਕੁਝ ਪ੍ਰਭਾਵਿਤ ਵਿਅਕਤੀਆਂ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਵਲੋਂ ਹਾਲ ਹੀ ’ਚ ਦਿੱਤੀ ਗਈ ਰੋਕ ਕਾਰਨ, ਨਗਰ ਨਿਗਮ ਹੁਣ ਇਸ ਇਮਾਰਤ ਨੂੰ ਢਾਹੁਣ ਦੀ ਕਾਰਵਾਈ ਅੱਗੇ ਨਹੀਂ ਵਧਾ ਸਕਦਾ। ਇਸ ਇਮਾਰਤ ਨੂੰ ਢਾਹੁਣ ਦੇ ਹੁਕਮ ਬੰਬੇ ਹਾਈ ਕੋਰਟ ਵਲੋਂ 31 ਅਗਸਤ, 2020 ਨੂੰ ਦਿੱਤੇ ਗਏ ਸਨ। ਨਗਰ ਨਿਗਮ ਅਧਿਕਾਰੀਆਂ ਨੇ ਪੁਲਿਸ ਸੁਰੱਖਿਆ ਹੇਠ 18 ਅਤੇ 19 ਨਵੰਬਰ ਨੂੰ ਇਸ ਇਮਾਰਤ ਨੂੰ ਢਾਹੁਣ ਦੀ ਯੋਜਨਾ ਬਣਾਈ ਸੀ। ਰਿਪੋਰਟਾਂ ਅਨੁਸਾਰ 1986 ਵਿਚ ਭਾਰਤ ਛੱਡਣ ਤੋਂ ਪਹਿਲਾਂ ਦਾਊਦ ਅਤੇ ਉਸ ਦਾ ਪਰਿਵਾਰ ਇਸ ਇਮਾਰਤ ਵਿਚ ਰਹਿੰਦੇ ਸਨ। ਇਸ ਨੂੰ ਉਸ ਦਾ ਰਿਹਾਇਸ਼ੀ ਟਿਕਾਣਾ ਅਤੇ ਦਫ਼ਤਰ ਵੀ ਦੱਸਿਆ ਜਾਂਦਾ ਹੈ, ਜਿਥੇ ਕਥਿਤ ਤੌਰ ’ਤੇ 1993 ਦੇ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੀ ਸਾਜ਼ਿਸ਼ ਰਚੀ ਗਈ ਸੀ।