ਮੰਡੀਆਂ ’ਚ ਕਿਸਾਨਾਂ ਦੀ ਖ਼ੱਜਲ-ਖ਼ੁਆਰੀ ਲਈ ਸਰਕਾਰ ਕੋਤਾਹੀ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਤੈਅ ਕਰੇ-ਕਾਦੀਆਂ
ਫ਼ਤਹਿਗੜ੍ਹ ਸਾਹਿਬ, 16 ਨਵੰਬਰ (ਸੁਰਜੀਤ ਸਿੰਘ ਸਹੀ)-ਪੰਜਾਬ ਵਿਚ ਝੋਨੇ ਦੇ ਮੌਜੂਦਾ ਖਰੀਦ ਸੀਜ਼ਨ ਦੌਰਾਨ ਮੰਡੀਆਂ ਵਿਚ ਝੋਨੇ ਦੀ ਹੋਈ ਬੇਮਿਸਾਲ ਆਮਦ ਦੇ ਸਹੀ ਅੰਕੜੇ ਇਕੱਤਰ ਕਰਨ ਅਤੇ ਪਹਿਲਾਂ ਤੋਂ ਇਸ ਦਾ ਢੁਕਵਾਂ ਅਨੁਮਾਨ ਲਗਾਉਣ ਵਿਚ ਖੇਤੀਬਾੜੀ ਵਿਭਾਗ ਸਮੇਤ ਵੱਖ-ਵੱਖ ਸਰਕਾਰੀ ਏਜੰਸੀਆਂ ਦੀ ਨਾਕਾਮੀ ਹੁਣ ਪੰਜਾਬ ਸਰਕਾਰ ਲਈ ਵੱਡੀ ਸਿਰਦਰਦੀ ਬਣਦੀ ਜਾ ਰਹੀ ਹੈ। ਝੋਨੇ ਦੀ ਆਮਦ ਅਤੇ ਖ਼ਰੀਦ ਲਈ ਕੀਤੀ ਗਈ ਸਰਕਾਰੀ ਯੋਜਨਾਬੰਦੀ ਵਿਚ ਰਹੀਆਂ ਕਮੀਆਂ ਕਾਰਨ ਜਿੱਥੇ ਸੂਬਾ ਸਰਕਾਰ ਨੂੰ ਸਿਆਸੀ ਤੌਰ ’ਤੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਆਉਣਾ ਪੈ ਰਿਹਾ ਹੈ, ਉੱਥੇ ਮੰਡੀਆਂ ਵਿਚ ਖੱਜਲ-ਖੁਆਰ ਹੋਏ ਕਿਸਾਨਾਂ ਅੰਦਰ ਵੀ ਸਰਕਾਰੀ ਪ੍ਰਬੰਧਾਂ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਫ਼ਤਹਿਗੜ੍ਹ ਸਾਹਿਬ, 16 ਨਵੰਬਰ (ਸੁਰਜੀਤ ਸਿੰਘ ਸਹੀ)-ਪੰਜਾਬ ਵਿਚ ਝੋਨੇ ਦੇ ਮੌਜੂਦਾ ਖਰੀਦ ਸੀਜ਼ਨ ਦੌਰਾਨ ਮੰਡੀਆਂ ਵਿਚ ਝੋਨੇ ਦੀ ਹੋਈ ਬੇਮਿਸਾਲ ਆਮਦ ਦੇ ਸਹੀ ਅੰਕੜੇ ਇਕੱਤਰ ਕਰਨ ਅਤੇ ਪਹਿਲਾਂ ਤੋਂ ਇਸ ਦਾ ਢੁਕਵਾਂ ਅਨੁਮਾਨ ਲਗਾਉਣ ਵਿਚ ਖੇਤੀਬਾੜੀ ਵਿਭਾਗ ਸਮੇਤ ਵੱਖ-ਵੱਖ ਸਰਕਾਰੀ ਏਜੰਸੀਆਂ ਦੀ ਨਾਕਾਮੀ ਹੁਣ ਪੰਜਾਬ ਸਰਕਾਰ ਲਈ ਵੱਡੀ ਸਿਰਦਰਦੀ ਬਣਦੀ ਜਾ ਰਹੀ ਹੈ। ਝੋਨੇ ਦੀ ਆਮਦ ਅਤੇ ਖ਼ਰੀਦ ਲਈ ਕੀਤੀ ਗਈ ਸਰਕਾਰੀ ਯੋਜਨਾਬੰਦੀ ਵਿਚ ਰਹੀਆਂ ਕਮੀਆਂ ਕਾਰਨ ਜਿੱਥੇ ਸੂਬਾ ਸਰਕਾਰ ਨੂੰ ਸਿਆਸੀ ਤੌਰ ’ਤੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਆਉਣਾ ਪੈ ਰਿਹਾ ਹੈ, ਉੱਥੇ ਮੰਡੀਆਂ ਵਿਚ ਖੱਜਲ-ਖੁਆਰ ਹੋਏ ਕਿਸਾਨਾਂ ਅੰਦਰ ਵੀ ਸਰਕਾਰੀ ਪ੍ਰਬੰਧਾਂ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਪੰਜਾਬ ਵਿਚ ਝੋਨੇ ਦੀ ਪੈਦਾਵਾਰ ਅਤੇ ਮੰਡੀਆਂ ਵਿਚ ਇਸ ਦੀ ਆਮਦ 200 ਲੱਖ ਮੀਟ੍ਰਿਕ ਟਨ ਤੋਂ ਪਾਰ ਜਾਣ ਦੀ ਸੰਭਾਵਨਾ ਪਹਿਲਾਂ ਹੀ ਪ੍ਰਗਟਾਈ ਜਾ ਰਹੀ ਸੀ ਤਾਂ ਫਿਰ ਸਰਕਾਰੀ ਪੱਧਰ ’ਤੇ ਝੋਨੇ ਦੀ ਖ਼ਰੀਦ ਦਾ ਟੀਚਾ 180 ਲੱਖ ਮੀਟ੍ਰਿਕ ਟਨ ਤੱਕ ਹੀ ਸੀਮਤ ਕਿਉਂ ਰੱਖਿਆ ਗਿਆ? ਕੀ ਖੇਤੀਬਾੜੀ ਵਿਭਾਗ, ਮੰਡੀ ਬੋਰਡ ਅਤੇ ਖ਼ਰੀਦ ਏਜੰਸੀਆਂ ਕੋਲ ਝੋਨੇ ਹੇਠ ਰਕਬੇ, ਔਸਤ ਪੈਦਾਵਾਰ ਅਤੇ ਸੰਭਾਵਿਤ ਮੰਡੀ ਆਮਦ ਸਬੰਧੀ ਕੋਈ ਠੋਸ ਅੰਕੜੇ ਨਹੀਂ ਸਨ ਜਾਂ ਫਿਰ ਇਨ੍ਹਾਂ ਅੰਕੜਿਆਂ ਦੇ ਆਧਾਰ ’ਤੇ ਸਮੇਂ ਸਿਰ ਕੇਂਦਰ ਸਰਕਾਰ ਕੋਲ ਵਾਧੂ ਖ਼ਰੀਦ ਦੀ ਮੰਗ ਉਠਾਉਣ ਵਿਚ ਅਣਗਹਿਲੀ ਵਰਤੀ ਗਈ? ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਪੱਧਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਾੜ੍ਹੀ ਤੇ ਸਾਉਣੀ ਦੇ ਸੀਜ਼ਨ ਵਿਚ ਮੰਡੀਆਂ ਵਿਚ ਵਿਕਣ ਲਈ ਆਉਣ ਵਾਲੀ ਫ਼ਸਲ ਦਾ ਅਨੁਮਾਨਿਤ ਅੰਕੜਾ ਪਹਿਲਾਂ ਜ਼ਿਲ੍ਹਾ ਪੱਧਰ ਤੇ ਇਕੱਠਾ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਰਾਜ ਪੱਧਰ ਤੇ ਅੰਕੜੇ ਇਕੱਠੇ ਕਰਕੇ ਪੰਜਾਬ ਸਰਕਾਰ ਨੂੰ ਭੇਜੇ ਜਾਂਦੇ ਹਨ। ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਝੋਨੇ ਦੀ ਪੈਦਾਵਾਰ ਦਾ ਟੀਚਾ 180 ਲੱਖ ਮੀਟ੍ਰਿਕ ਟਨ ਮਿੱਥਣਾ ਅਤੇ ਇਸ ਦੇ ਮੁਕਾਬਲੇ ਮੰਡੀਆਂ ਵਿਚ 200 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਆਮਦ ਹੋਣ ਦੀ ਸੰਭਾਵਨਾ ਨੂੰ ਅਣਡਿੱਠ ਕਰਨਾ ਸਬੰਧਿਤ ਵਿਭਾਗਾਂ ਖ਼ਾਸ ਤੌਰ ਤੇ ਖੇਤੀਬਾੜੀ ਵਿਭਾਗ ਦੀ ਵੱਡੀ ਅਣਗਹਿਲੀ ਹੈ। ਉਨ੍ਹਾਂ ਕਿਹਾ ਕਿ ਜਦੋਂ ਝੋਨੇ ਦੀ ਪੈਦਾਵਾਰ ਅਤੇ ਆਮਦ ਵਧਣ ਦੇ ਸੰਕੇਤ ਪਹਿਲਾਂ ਤੋਂ ਮੌਜੂਦ ਸਨ ਤਾਂ ਸਰਕਾਰ ਨੂੰ ਉਸੇ ਸਮੇਂ ਕੇਂਦਰ ਨਾਲ ਤਾਲਮੇਲ ਕਰਕੇ ਖ਼ਰੀਦ ਅਤੇ ਭੰਡਾਰਨ ਦੇ ਲੋੜੀਂਦੇ ਪ੍ਰਬੰਧ ਕਰਨੇ ਚਾਹੀਦੇ ਸਨ।