16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਤੀਰਥ ਯਾਤਰਾ ਬੱਸ ਹਾਦਸਾ-ਸੜਕ ਜਾਮ ਮਗਰੋਂ 5 ਲੱਖ ਤੋਂ ਵਧ ਕੇ 18 ਲੱਖ ਹੋਇਆ ਮੁਆਵਜ਼ਾ

ਮੰਡੀ ਕਿੱਲਿਆਂਵਾਲੀ, 16 ਨਵੰਬਰ (ਇਕਬਾਲ ਸਿੰਘ ਸ਼ਾਂਤ)-ਦੋ ਤੀਰਥ ਯਾਤਰਾ ਬੱਸਾਂ ਦੇ ਹਾਦਸੇ ਵਿਚ ਜਾਨ ਗੁਆਉਣ ਵਾਲੇ ਭੀਟੀਵਾਲਾ ਦੇ 20 ਸਾਲਾ ਸਹਿਜਪ੍ਰੀਤ ਸਿੰਘ ਦਾ ਅੱਜ ਸਸਕਾਰ ਕਰ ਦਿੱਤਾ ਗਿਆ। ਪਰਿਵਾਰ ਅਤੇ ਪਿੰਡ ਵਾਸੀਆਂ ਵਲੋਂ ਮੁਆਵਜ਼ੇ ਦੀ ਰਕਮ ਵਧਾਉਣ ਦੀ ਮੰਗ ਤਹਿਤ ਕੌਮੀ ਸ਼ਾਹਰਾਹ 354ਈ ’ਤੇ ਦਿੱਤੇ ਧਰਨੇ ਮਗਰੋਂ ਬੀਤੀ ਰਾਤ ਦੋ ਵਜੇ ਪ੍ਰਸ਼ਾਸਨ ਨਾਲ 18 ਲੱਖ ਰੁਪਏ ਦੀ ਕੁਲ ਸਹਾਇਤਾ ’ਤੇ ਸਹਿਮਤੀ ਬਣੀ।

Ad Position 21
No active advertisement
ਅਜੀਤ ਡੈਸਕ 17-11-2026
ਮੰਡੀ ਕਿੱਲਿਆਂਵਾਲੀ, 16 ਨਵੰਬਰ (ਇਕਬਾਲ ਸਿੰਘ ਸ਼ਾਂਤ)-ਦੋ ਤੀਰਥ ਯਾਤਰਾ ਬੱਸਾਂ ਦੇ ਹਾਦਸੇ ਵਿਚ ਜਾਨ ਗੁਆਉਣ ਵਾਲੇ ਭੀਟੀਵਾਲਾ ਦੇ 20 ਸਾਲਾ ਸਹਿਜਪ੍ਰੀਤ ਸਿੰਘ ਦਾ ਅੱਜ ਸਸਕਾਰ ਕਰ ਦਿੱਤਾ ਗਿਆ। ਪਰਿਵਾਰ ਅਤੇ ਪਿੰਡ ਵਾਸੀਆਂ ਵਲੋਂ ਮੁਆਵਜ਼ੇ ਦੀ ਰਕਮ ਵਧਾਉਣ ਦੀ ਮੰਗ ਤਹਿਤ ਕੌਮੀ ਸ਼ਾਹਰਾਹ 354ਈ ’ਤੇ ਦਿੱਤੇ ਧਰਨੇ ਮਗਰੋਂ ਬੀਤੀ ਰਾਤ ਦੋ ਵਜੇ ਪ੍ਰਸ਼ਾਸਨ ਨਾਲ 18 ਲੱਖ ਰੁਪਏ ਦੀ ਕੁਲ ਸਹਾਇਤਾ ’ਤੇ ਸਹਿਮਤੀ ਬਣੀ। ਇਸ ਘਟਨਾਕ੍ਰਮ ਨਾਲ ਹਾਦਸੇ ਦੇ ਬਾਕੀ ਚਾਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵੀ ਬਰਾਬਰ ਮੁਆਵਜ਼ਾ ਦੇਣ ਸੰਬੰਧੀ ਮਾਮਲਾ ਮਘਣ ਦੇ ਆਸਾਰ ਬਣ ਗਏ ਹਨ। ਭਰੋਸੇਯੋਗ ਸਰਕਾਰੀ ਸੂਤਰਾਂ ਅਨੁਸਾਰ 18 ਲੱਖ ਰੁਪਏ ’ਚੋਂ ਪੰਜ ਲੱਖ ਰੁਪਏ ਮੁੱਖ ਮੰਤਰੀ ਰਾਹਤ ਫੰਡ ਅਤੇ ਬਾਕੀ 13 ਲੱਖ ਰੁਪਏ ਕਥਿਤ ਤੌਰ ’ਤੇ ਰੈੱਡ ਕਰਾਸ ਜਾਂ ਹੋਰ ਸਰੋਤਾਂ ਰਾਹੀਂ ਦਿੱਤੇ ਜਾਣੇ ਹਨ। ਸੰਘਰਸ਼ ਕਮੇਟੀ ਦੇ ਇਕ ਪ੍ਰਮੁੱਖ ਮੈਂਬਰ ਨੇ ਮੁਆਵਜ਼ੇ ’ਤੇ ਸਹਿਮਤੀ ਦੀ ਪੁਸ਼ਟੀ ਕੀਤੀ ਹੈ। ਅਧਿਕਾਰਤ ਪੁਸ਼ਟੀ ਲਈ ਡਿਪਟੀ ਕਮਿਸ਼ਨਰ ਅਮਿਤ ਪੰਚਾਲ ਅਤੇ ਏ.ਡੀ.ਸੀ. ਨਰਿੰਦਰ ਸਿੰਘ ਧਾਲੀਵਾਲ ਨਾਲ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਸਿਆਸੀ ਹਲਕਿਆਂ ’ਚ ਇਸ ਘਟਨਾਕ੍ਰਮ ਨੂੰ ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਮਾਮਲੇ ਤੋਂ ਬਾਅਦ ਸਰਕਾਰ ਲਈ ਇਕ ਹੋਰ ਚੁਣੌਤੀ ਵਜੋਂ ਦੇਖਿਆ ਜਾ ਰਿਹਾ ਹੈ। ਚੋਣਾਂ ਨੇੜੇ ਹੋਣ ਕਾਰਨ ਨਵੇਂ ਲੋਕ-ਰੋਹ ਤੋਂ ਬਚਣ ਲਈ ਸਰਕਾਰ ਵਲੋਂ ਮਾਮਲਾ ਰਾਤੋ-ਰਾਤ ਨਿਪਟਾ ਲਏ ਜਾਣ ਦੀ ਚਰਚਾ ਹੈ। ਹਾਦਸੇ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਅਤੇ ਜ਼ਖ਼ਮੀਆਂ ਨੂੰ ਇੱਕ-ਇੱਕ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ। ਇਸ ਨੂੰ ਨਾਕਾਫ਼ੀ ਦੱਸਦਿਆਂ ਸਹਿਜਪ੍ਰੀਤ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਇਕ ਕਰੋੜ ਰੁਪਏ ਮੁਆਵਜ਼ੇ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕਰਦਿਆਂ ਕੌਮੀ ਸ਼ਾਹਰਾਹ ’ਤੇ ਧਰਨਾ ਲਾਇਆ ਸੀ। ਸਮਝੌਤੇ ਮਗਰੋਂ ਸਵਾਲ ਹੈ ਕਿ ਹਾਦਸੇ ’ਚ ਜਾਨ ਗੁਆਉਣ ਵਾਲੇ ਬਾਕੀ ਚਾਰ ਵਿਅਕਤੀਆਂ ਦੇ ਪਰਿਵਾਰਾਂ ਨੂੰ ਵੀ 18-18 ਲੱਖ ਰੁਪਏ ਮਿਲਣਗੇ ਜਾਂ ਵਧਿਆ ਮੁਆਵਜ਼ਾ ਸਿਰਫ਼ ਸੜਕ ਜਾਮ ਅਤੇ ਧਰਨਾ ਦੇਣ ਵਾਲੇ ਪਰਿਵਾਰ ਤੱਕ ਸੀਮਤ ਰਹੇਗਾ। ਬਾਕੀ ਪਰਿਵਾਰਾਂ ਨੂੰ ਬਰਾਬਰ ਸਹਾਇਤਾ ਨਾ ਮਿਲਣ ’ਤੇ ਸਰਕਾਰ ਦੀ ਮੁਆਵਜ਼ਾ ਨੀਤੀ ’ਚ ਵਿਤਕਰੇ ਦਾ ਸਵਾਲ ਉੱਠਣ ਦੀ ਸੰਭਾਵਨਾ ਹੈ। ਸਹਿਜਪ੍ਰੀਤ ਸਿੰਘ ਅਤੇ ਹਾਦਸੇ ’ਚ ਮਾਰੇ ਗਏ ਅਵਤਾਰ ਸਿੰਘ ਦੋਵੇਂ ਤੀਰਥ ਯਾਤਰਾ ਬੱਸਾਂ ’ਚ ਆਰਜ਼ੀ ‘ਗਾਈਡ’ ਵਜੋਂ ਕੰਮ ਕਰਦੇ ਸਨ। ਅਵਤਾਰ ਸਿੰਘ ਦਾ ਸਸਕਾਰ ਬੀਤੇ ਦਿਨ ਸ਼ਾਮ ਨੂੰ ਕੀਤਾ ਗਿਆ ਸੀ। ਬੱਸ ਕੰਪਨੀ ਵਲੋਂ ਦੋਵਾਂ ਨੂੰ ਪ੍ਰਤੀ ਗੇੜਾ ਕਰੀਬ 2500 ਰੁਪਏ ਮਿਹਨਤਾਨਾ ਦਿੱਤਾ ਜਾਂਦਾ ਸੀ। ਆਖਿਆ ਜਾ ਰਿਹਾ ਕਿ ਆਰਜ਼ੀ ਮੁਲਾਜ਼ਮ ਹੋਣ ਕਰਕੇ ਬੀਮੇ ਜਾਂ ਸਮਾਜਿਕ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਸੀ, ਇਹੋ ਨੁਕਤਾ ਸਰਕਾਰ ਅਤੇ ਬੱਸ ਕੰਪਨੀ ਲਈ ਆਗਾਮੀ ਕਿਸੇ ਚਾਰਾਜੋਈ ਦੀ ਸੂਰਤ ਵਿਚ ਵੱਡੀ ਜਵਾਬਦੇਹੀ ਬਣ ਸਕਦਾ ਹੈ। ਇਸੇ ਦੌਰਾਨ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਚੱਲ ਰਹੀਆਂ ਬੱਸਾਂ ਦੀ ਸੁਰੱਖਿਆ ਅਤੇ ਹਾਲਤ ’ਚ ਕਥਿਤ ਕੁਤਾਹੀਆਂ ਦਾ ਖ਼ੁਦ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ ਸੰਮਨ ਜਾਰੀ ਕੀਤੇ ਹੋਏ ਹਨ। ਕਮਿਸ਼ਨ ਨੇ ਸਾਰੀਆਂ ਬੱਸਾਂ ਦੀ ਤਕਨੀਕੀ ਜਾਂਚ, ਸੁਰੱਖਿਆ ਮਾਪਦੰਡਾਂ ’ਤੇ ਖ਼ਰੀਆਂ ਨਾ ਉੱਤਰਨ ਵਾਲੀਆਂ ਬੱਸਾਂ ਨੂੰ ਸੜਕਾਂ ਤੋਂ ਹਟਾਉਣ ਅਤੇ 30 ਨਵੰਬਰ ਤੱਕ ਵਿਸਥਾਰਤ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
Ad Position 22
No active advertisement
ਪਿਛਲੀ ਖ਼ਬਰ ਮੰਡੀਆਂ ’ਚ ਕਿਸਾਨਾਂ ਦੀ ਖ਼ੱਜਲ-ਖ਼ੁਆਰੀ ਲਈ ਸਰਕਾਰ ਕੋਤਾਹੀ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਤੈਅ ਕਰੇ-ਕਾਦੀਆਂ ਅਗਲੀ ਖ਼ਬਰ ਪੰਜਾਬ ਦੀਆਂ ਅੱਠ ਪ੍ਰਮੁੱਖ ਸਕੂਲ ਜਥੇਬੰਦੀਆਂ ਨੇ ਮਿਲ ਕੇ ਬਣਾਇਆ ਸਾਂਝਾ ਮੰਚ
Ad Position 24