ਜੰਮੂ, 12 ਅਕਤੂਬਰ (ਪੀ.ਟੀ.ਆਈ.)-ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਕੰਟਰੋਲ ਰੇਖਾ ਦੇ ਨਾਲ ਲੱਗਦੇ ਮਕਬੂਜਾ ਕਸ਼ਮੀਰ ਦੇ ਇਲਾਕੇ ’ਚ ਸ਼ੱਕੀ ਆਈ.ਈ.ਡੀ. ਦੇ ਧਮਾਕੇ ਕਾਰਨ ਲਗਭਗ 4 ਲੋਕਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ ਸ਼ੱਕ ਹੈ ਕਿ ਕਿਸੇ ਆਈ.ਈ.ਡੀ. ਨੂੰ ਟ੍ਰੀਗਰ ਕੀਤੇ ਜਾਣ ਕਾਰਨ ਇਹ ਧਮਾਕਾ ਹੋਇਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਵਿਚੋਂ ਕਿਸੇ ਦੇ ਵੀ ਅੱਤਵਾਦੀ ਗਤੀਵਿਧੀਆਂ ’ਚ ਸ਼ਾਮਿਲ ਹੋਣ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਮਿਲੀ ਹੈ। ਅਧਿਕਾਰੀਆਂ ਮੁਤਾਬਿਕ, ਇਹ ਜ਼ਬਰਦਸਤ ਧਮਾਕਾ ਜ਼ੀਰੋ ਲਾਈਨ ਦੇ ਨੇੜੇ ਸਤਵਾਲ-ਨਾਕੀ ਇਲਾਕੇ ਵਿਚ ਉਸ ਸਮੇਂ ਹੋਇਆ ਜਦੋਂ ਕੰਟਰੋਲ ਰੇਖਾ ਦੇ ਪਾਕਿਸਤਾਨੀ ਪਾਸੇ ਲੋਕਾਂ ਦਾ ਇਕ ਸਮੂਹ ਉੱਥੋਂ ਲੰਘ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਵੀ ਸਪਸ਼ਟ ਨਹੀਂ ਹੈ ਕਿ ਇਸ ਸਮੂਹ ’ਚ ਕੰਟਰੋਲ ਰੇਖਾ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸ਼ੱਕੀ ਅੱਤਵਾਦੀ ਸਨ ਜਾਂ ਇਲਾਕੇ ਵਿਚ ਗਸ਼ਤ ਕਰ ਰਹੇ ਪਾਕਿਸਤਾਨੀ ਸੁਰੱਖਿਆ ਕਰਮਚਾਰੀ। ਉਨ੍ਹਾਂ ਦੱਸਿਆ ਕਿ ਧਮਾਕੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਸੈਕਟਰ ’ਚ ਅਲਰਟ ਜਾਰੀ ਕਰ ਦਿੱਤਾ ਹੈ।