ਸੂਬੇ ਦੇ ਸਰਕਾਰੀ ਥਰਮਲ ਪਲਾਂਟਾਂ ’ਚ ਪੱਕੇ ਮੁਲਾਜ਼ਮਾਂ ਦੀ ਗਿਣਤੀ 3464 ਤੋਂ ਘੱਟ ਕੇ 2553 ’ਤੇ ਸਿਮਟੀ
ਰਾਮਪੁਰਾ ਫੂਲ, 4 ਅਕਤੂਬਰ (ਨਰਪਿੰਦਰ ਸਿੰਘ ਧਾਲੀਵਾਲ)- ਸੂਬੇ ਅੰਦਰ ਸਰਕਾਰੀ ਥਰਮਲ ਪਲਾਂਟਾਂ ਵਿਚ ਮਨਜ਼ੂਰਸ਼ੁੂਦਾ ਅਸਾਮੀਆਂ ਦੇ ਮੁਕਾਬਲੇ ਰੈਗੂਲਰ ਮੁਲਾਜ਼ਮਾਂ ਦੀ ਗਿਣਤੀ ਚਿੰਤਾਜਨਕ ਹੱਦ ਤੱਕ ਘਟ ਗਈ ਹੈ। ਲੰਘੇ 26 ਵਰ੍ਹਿਆਂ ’ਚ ਥਰਮਲ ਪਲਾਂਟਾਂ ਅੰਦਰ ਬਿਜਲੀ ਦਾ ਉਤਪਾਦਨ ਆਊਟਸੋਰਸ ਕਾਮਿਆਂ ਦੇ ਮੋਢਿਆਂ ’ਤੇ ਟਿਕਿਆ ਰਿਹਾ ।
ਰਾਮਪੁਰਾ ਫੂਲ, 4 ਅਕਤੂਬਰ (ਨਰਪਿੰਦਰ ਸਿੰਘ ਧਾਲੀਵਾਲ)- ਸੂਬੇ ਅੰਦਰ ਸਰਕਾਰੀ ਥਰਮਲ ਪਲਾਂਟਾਂ ਵਿਚ ਮਨਜ਼ੂਰਸ਼ੁੂਦਾ ਅਸਾਮੀਆਂ ਦੇ ਮੁਕਾਬਲੇ ਰੈਗੂਲਰ ਮੁਲਾਜ਼ਮਾਂ ਦੀ ਗਿਣਤੀ ਚਿੰਤਾਜਨਕ ਹੱਦ ਤੱਕ ਘਟ ਗਈ ਹੈ। ਲੰਘੇ 26 ਵਰ੍ਹਿਆਂ ’ਚ ਥਰਮਲ ਪਲਾਂਟਾਂ ਅੰਦਰ ਬਿਜਲੀ ਦਾ ਉਤਪਾਦਨ ਆਊਟਸੋਰਸ ਕਾਮਿਆਂ ਦੇ ਮੋਢਿਆਂ ’ਤੇ ਟਿਕਿਆ ਰਿਹਾ । ਇਸੇ ਕੜੀ ਤਹਿਤ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਪਣੇ ਤਿੰਨ ਵੱਡੇ ਥਰਮਲ ਪਲਾਂਟਾਂ - ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ, ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਅਤੇ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਵਿਚ 3346 ਆਊਟਸੋਰਸ ਕਾਮਿਆਂ ਨੂੰ ਸਿੱਧੇ ਤੌਰ ’ਤੇ ਠੇਕੇ ’ਤੇ ਲੈਣ ਲਈ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ। ਸਰਕਾਰੀ ਦਸਤਾਵੇਜ਼ਾਂ ਤੋਂ ਮਿਲੇ ਤੱਥਾਂ ਅਨੁਸਾਰ, ਸਾਲ 2000 ਤੋਂ ਬਾਅਦ ਥਰਮਲ ਪਲਾਂਟਾਂ ਵਿਚ ਰੈਗੂਲਰ ਭਰਤੀ ਨਾਹ ਦੇ ਬਰਾਬਰ ਹੋਈ ਹੈ ਤੇ ਸੇਵਾਮੁਕਤੀਆਂ ਕਾਰਨ ਪੱਕੇ ਮੁਲਾਜ਼ਮਾਂ ਦੀ ਗਿਣਤੀ ਨਿਰੰਤਰ ਘਟਦੀ ਗਈ । ਰੋਪੜ ਥਰਮਲ ਪਲਾਂਟ ਵਿਚ ਸਾਲ 2000 ਦੌਰਾਨ ਪੱਕੇ ਮੁਲਾਜ਼ਮਾਂ ਦੀ ਗਿਣਤੀ 2743 ਸੀ, ਜੋ ਸਾਲ 2026 ਤੱਕ ਘਟ ਕੇ ਮਹਿਜ਼ 1567 ਰਹਿ ਗਈ, ਜਦੋਂਕਿ ਮੌਜੂਦਾ ਸਮੇਂ ਤਾਇਨਾਤੀ ਸਿਰਫ਼ 930 ਹੀ ਹੈ। ਇਸੇ ਤਰ੍ਹਾਂ ਲਹਿਰਾ ਮੁਹੱਬਤ ਥਰਮਲ ਪਲਾਂਟ ਵਿਚ ਸਾਲ 2000 ’ਚ ਪੱਕੇ ਮੁਲਾਜ਼ਮ 721 ਸਨ ਜੋ ਹੁਣ ਘਟ ਕੇ 533 ਰਹਿ ਗਏ ਹਨ, ਜਦੋਂਕਿ ਉੱਥੇ ਮਨਜ਼ੂਰਸ਼ੁਦਾ ਪੋਸਟਾਂ 878 ਹਨ। ਪ੍ਰਬੰਧਕਾਂ ਨੇ ਖ਼ੁਦ ਮੰਨਿਆ ਹੈ ਕਿ ਸਾਲ 2000 ’ਚ ਪਾਵਰਕਾਮ ਦੀ ਕੁੱਲ ਉਤਪਾਦਨ ਸਮਰਥਾ 1680 ਮੈਗਾਵਾਟ ਸੀ ਤੇ 3464 ਮਨਜ਼ੂਰਸ਼ੁਦਾ ਪੋਸਟਾਂ ਸਨ। ਪਰ 2026 ’ਚ ਉਤਪਾਦਨ ਸਮਰੱਥਾ ਵਧ ਕੇ 2300 ਮੈਗਾਵਾਟ ਹੋ ਚੁੱਕੀ ਹੈ ਜਦਕਿ ਪੋਸਟਾਂ ਘਟ ਕੇ 2553 ਰਹਿ ਗਈਆਂ ਹਨ । ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਵਿਖੇ ਕੁੱਲ 1451 ਵਿਚੋਂ 1147 ਮੁਲਾਜ਼ਮ ਸ਼ਾਮਿਲ ਕੀਤੇ ਗਏ ਹਨ, ਜਦਕਿ 304 ਕਾਮੇ ਬਾਹਰ ਰਹਿ ਗਏ ਹਨ। ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਵਿਖੇ ਕੁੱਲ 906 ਵਿਚੋਂ 686 ਮੁਲਾਜ਼ਮ ਸ਼ਾਮਿਲ ਕੀਤੇ ਗਏ ਹਨ, ਜਦਕਿ 220 ਕਾਮੇ ਬਾਹਰ ਰਹਿ ਗਏ ਹਨ । ਇਹ ਕਿ ਜਿੱਥੇ 3346 ਆਊਟਸੋਰਸ ਕਾਮਿਆਂ ਨੂੰ ਸਿੱਧੇ ਠੇਕੇ ’ਤੇ ਲਿਆਉਣਾ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ, ਉੱਥੇ ਹੀ ਕੁੱਲ 4231 ਵਿਚੋਂ 885 ਕਾਮਿਆਂ ਦੇ ਇਸ ਸੂਚੀ ਵਿਚੋਂ ਬਾਹਰ ਰਹਿ ਜਾਣ ਕਾਰਨ ਗੰਭੀਰ ਚਿੰਤਾ ਬਣੀ ਹੋਈ ਹੈ।