‘ਕੂੜ ਪ੍ਰਚਾਰ’ ਕਰਨ ਵਾਲਿਆਂ ਨੂੰ ਹੁਣ ਕਾਨੂੰਨੀ ਜਵਾਬ ਦੇਵੇਗਾ ਸ਼੍ਰੋਮਣੀ ਅਕਾਲੀ ਦਲ (ਬ)
ਚੰਡੀਗੜ੍ਹ, 3 ਅਕਤੂਬਰ (ਪ੍ਰੋ. ਅਵਤਾਰ ਸਿੰਘ)-2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਬ) ਨੇ ਸੋਸ਼ਲ ਮੀਡੀਆ ’ਤੇ ਹੋਣ ਵਾਲੀ ਕਥਿਤ ਦੂਸ਼ਣਬਾਜ਼ੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਤਿਆਰੀ ਕਰ ਲਈ ਹੈ।
ਚੰਡੀਗੜ੍ਹ, 3 ਅਕਤੂਬਰ (ਪ੍ਰੋ. ਅਵਤਾਰ ਸਿੰਘ)-2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਬ) ਨੇ ਸੋਸ਼ਲ ਮੀਡੀਆ ’ਤੇ ਹੋਣ ਵਾਲੀ ਕਥਿਤ ਦੂਸ਼ਣਬਾਜ਼ੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਤਿਆਰੀ ਕਰ ਲਈ ਹੈ। ਪਾਰਟੀ ਨੇ 12 ਮੈਂਬਰੀ ਸਬ-ਕਮੇਟੀ ਬਣਾਉਂਦਿਆਂ ਕਿਹਾ ਹੈ ਕਿ ਝੂਠੇ ਤੇ ਬੇਬੁਨਿਆਦ ਦੋਸ਼ਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਲੋੜ ਪੈਣ ’ਤੇ ਮਾਣਹਾਨੀ ਦੇ ਕੇਸ ਦਰਜ ਕਰਵਾਏ ਜਾਣਗੇ। ਚੰਡੀਗੜ੍ਹ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਅੱਜ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਅਤੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ’ਤੇ ਗਠਿਤ ਕੀਤੀ ਗਈ, ਇਹ ਸਬ-ਕਮੇਟੀ ਸੋਸ਼ਲ ਮੀਡੀਆ ਸਮੇਤ ਡਿਜੀਟਲ ਮੰਚਾਂ ’ਤੇ ਪਾਰਟੀ ਆਗੂਆਂ ਖ਼ਿਲਾਫ਼ ਲਗਾਏ ਜਾਣ ਵਾਲੇ ਕਥਿਤ ਝੂਠੇ, ਆਧਾਰਹੀਣ ਤੇ ਚਰਿੱਤਰ ਹਨਨ ਵਾਲੇ ਦੋਸ਼ਾਂ ਦੇ ਮਾਮਲਿਆਂ ਦੀ ਨਿਗਰਾਨੀ ਕਰੇਗੀ । ਉਨ੍ਹਾਂ ਦੱਸਿਆ ਕਿ ਕਮੇਟੀ ਵਲੋਂ ਵੱਖ-ਵੱਖ ਪੇਜਾਂ, ਵੈੱਬਸਾਈਟਾਂ, ਡਿਜੀਟਲ ਚੈਨਲਾਂ, ਬਰਾਡਕਾਸਟਰਾਂ ਤੇ ਸੋਸ਼ਲ ਮੀਡੀਆ ਦੇ ਹੋਰ ਸਰੋਤਾਂ ’ਤੇ ਨਿਯਮਤ ਨਜ਼ਰ ਰੱਖੀ ਜਾਵੇਗੀ। ਇਸ ਮੌਕੇ ਕਮੇਟੀ ਮੈਂਬਰ ਜਸਪ੍ਰੀਤ ਸਿੰਘ ਬਰਾੜ, ਰਵੀ ਰਾਣਾ, ਕੇ. ਐਸ. ਮਠਾੜੂ, ਰਵਿੰਦਰ ਸਿੰਘ ਸਾਂਪਲਾ, ਪੁਨੀਤਇੰਦਰ ਸਿੰਘ ਕੰਗ, ਰਮਨਦੀਪ ਕੌਰ ਭੱਠਲ, ਮਨਪ੍ਰੀਤ ਸਿੰਘ ਧਾਲੀਵਾਲ ਅਤੇ ਅਰਸ਼ਦੀਪ ਸਿੰਘ ਸਰਾਂ ਵੀ ਹਾਜ਼ਰ ਸਨ।