ਜਲੰਧਰ, 29 ਸਤੰਬਰ (ਅ.ਬ.): ਆਦੇਸ਼ ਯੂਨੀਵਰਸਿਟੀ, ਬਠਿੰਡਾ ਦੇ ਆਦੇਸ਼ ਇੰਸਟੀਚਿਊਟ ਆਫ ਫਾਰਮੇਸੀ ਐਂਡ ਬਾਇਓਮੈਡੀਕਲ ਸਾਇੰਸਿਜ਼ ਵਲੋਂ ਵਿਸ਼ਵ ਫਾਰਮਾਸਿਸਟ ਦਿਵਸ ਮੌਕੇ 24 ਅਤੇ 25 ਸਤੰਬਰ ਨੂੰ ਦੋ ਰੋਜ਼ਾ ਸਮਾਗਮ ਕਰਵਾਇਆ ਗਿਆ। ਇਸ ਸਾਲ ਦੇ ਸਮਾਗਮ ਦੀ ਥੀਮ ‘ਐਮਪਾਵਰਿੰਗ ਫਾਰਮਾਸਿਸਟਸ ਫਾਰ ਹੈਲਥੀਅਰ ਫਿਊਚਰ’ ਅਤੇ ਸਬ-ਥੀਮ “ਸਵਸਥ ਭਾਰਤ–ਕੰਬੈਟਿੰਗ ਐਂਟੀਮਾਈਕ੍ਰੋਬੀਅਲ ਰੇਜ਼ਿਸਟੈਂਸ (ਏ.ਐੱਮ.ਆਰ.)” ਰਹੀ। ਸਮਾਗਮ ਦਾ ਮੁੱਖ ਉਦੇਸ਼ ਐਂਟੀਮਾਈਕ੍ਰੋਬੀਅਲ ਰੇਜ਼ਿਸਟੈਂਸ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਦਵਾਈਆਂ ਦੀ ਤਰਕਸੰਗਤ ਤੇ ਜ਼ਿੰਮੇਵਾਰ ਵਰਤੋਂ ਲਈ ਲੋਕਾਂ ਨੂੰ ਜਾਗਰੂਕ ਕਰਨਾ ਸੀ। ਸਮਾਗਮ ’ਚ ਆਦੇਸ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਨਲ ਜਗਦੇਵ ਸਿੰਘ (ਰਿਟਾਇਰਡ), ਰਜਿਸਟਰਾਰ ਡਾ. ਵਰੁਣ ਮੋਹਨ ਮਲਹੋਤਰਾ, ਡਿਪਟੀ ਰਜਿਸਟਰਾਰ ਕੁਲਵੰਤ ਸਿੰਘ, ਸੀ.ਓ.ਈ. ਅਤੇ ਪ੍ਰਿੰਸੀਪਲ ਏ.ਆਈ.ਐੱਮ.ਐੱਸ.ਆਰ. ਡਾ. ਪ੍ਰਮੋਦ ਕੁਮਾਰ ਗੋਇਲ, ਅਸਿਸਟੈਂਟ ਡੀਨ ਸਟੂਡੈਂਟ ਵੈਲਫੇਅਰ ਡਾ. ਇਮ ਤਿਆਜ਼ ਨਦਾਫ ਅਤੇ ਐੱਚ.ਆਰ. ਐਡਮਿਨਿਸਟ੍ਰੇਸ਼ਨ ਤੋਂ ਕਰਨਲ ਵਿਸ਼ਵਾ ਮਿੱਤਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਵਲੋਂ ਜਾਗਰੂਕਤਾ ਰੈਲੀ, ਪੈਨਲ ਡਿਸਕਸ਼ਨ, ਪੋਸਟਰ ਪ੍ਰੈਜ਼ੈਂਟੇਸ਼ਨ, ਰੀਲ ਮੇਕਿੰਗ, ਸਾਇਟੂਨਜ਼, ਰੰਗੋਲੀ ਅਤੇ ਲੀਫਲੈਟ ਮੇਕਿੰਗ ਮੁਕਾਬਲੇ, ਫਾਰਮਾ ਕਵਿਜ਼ ਅਤੇ ਨੁੱਕੜ ਨਾਟਕ ਸਮੇਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਵਲੋਂ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਨਲਿਨੀ ਕਾਂਤਾ ਸਾਹੂ, ਪ੍ਰਿੰਸੀਪਲ, ਨੇ ਐਂਟੀਮਾਈਕ੍ਰੋਬੀਅਲ ਰੇਜ਼ਿਸਟੈਂਸ ਨਾਲ ਨਜਿੱਠਣ ਵਿਚ ਫਾਰਮਾਸਿਸਟਾਂ ਅਤੇ ਫਾਰਮੇਸੀ ਵਿਦਿਆਰਥੀਆਂ ਦੀ ਅਹਿਮ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦਾ ਸੰਚਾਲਨ ਡਾ. ਮਧੁਸਮਿਤਾ ਸਾਹੂ ਤੇ ਡਾ. ਮਨਦੀਪ ਮੱਲ੍ਹੀ ਵਲੋਂ ਕੀਤਾ ਗਿਆ, ਜਦਕਿ ਸਟੇਜ ਦੀਆਂ ਗਤੀਵਿਧੀਆਂ ਡਾ. ਚੇਤਨ ਦੀ ਅਗਵਾਈ ਹੇਠ ਸੁਚੱਜੇ ਢੰਗ ਨਾਲ ਸੰਪੰਨ ਹੋਈਆਂ। ਅੰਤ ਵਿਚ ਡਾ. ਹਰਿੰਦਰਜੀਤ ਸਿੰਘ, ਪ੍ਰੋਫੈਸਰ, ਏ.ਆਈ.ਪੀ.ਬੀ.ਐੱਸ. ਆਦੇਸ਼ ਯੂਨੀਵਰਸਿਟੀ ਵੱਲੋਂ ਧੰਨਵਾਦੀ ਭਾਸ਼ਣ ਪੇਸ਼ ਕੀਤਾ ਗਿਆ।