ਪੰਜਾਬ ਪੁਲਿਸ ਨੇ ਰੂਪ ਕੌਰ ਸੰਧੂ ਨੂੰ ਸੁਰੱਖਿਆ ਮੁਹੱਈਆ ਕਰਵਾਈ
ਵਿਦੇਸ਼ਾਂ ਤੋਂ ਫੋਨ ਕਰਵਾ ਕੇ ਧਮਕੀਆਂ ਦੇਣ ਤੇ ਲੋਕੇਸ਼ਨ ਟਰੇਸ ਕਰਵਾਉਣ ਦਾ ਦਾਅਵਾ
ਪ੍ਰੋ. ਅਵਤਾਰ ਸਿੰਘ/ ਸੁਰਿੰਦਰਪਾਲ ਸਿੰਘ ਵਰਪਾਲ
ਚੰਡੀਗੜ੍ਹ/ਅੰਮ੍ਰਿਤਸਰ, 29 ਸਤੰਬਰ - ਸ਼੍ਰੋਮਣੀ ਅਕਾਲੀ ਦਲ (ਬ) ਤੋਂ ਬਰਖਾਸਤ ਕੀਤੀ ਗਈ ਰੂਪ ਕੌਰ ਸੰਧੂ ਵਲੋਂ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੇ ਡੀ. ਜੀ.
ਰ
ਰੂਪ ਕੌਰ ਸੰਧੂ ਡੀ.ਜੀ.ਪੀ. ਦਫ਼ਤਰ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਅਜੀਤ ਤਸਵੀਰ
30-09-2026
ਚੰਡੀਗੜ੍ਹ/ਅੰਮ੍ਰਿਤਸਰ, 29 ਸਤੰਬਰ - ਸ਼੍ਰੋਮਣੀ ਅਕਾਲੀ ਦਲ (ਬ) ਤੋਂ ਬਰਖਾਸਤ ਕੀਤੀ ਗਈ ਰੂਪ ਕੌਰ ਸੰਧੂ ਵਲੋਂ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੇ ਡੀ.ਜੀ.ਪੀ. ਦਫ਼ਤਰ ਚੰਡੀਗੜ੍ਹ ਪਹੁੰਚ ਕੇ ਦਿੱਤੀ ਲਿਖਤੀ ਸ਼ਿਕਾਇਤ ਤੋਂ ਬਾਅਦ ਪੁਲਿਸ ਵਲੋਂ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ । ਸੰਧੂ ਨੇ ਦਾਅਵਾ ਕੀਤਾ ਕਿ ਪੰਥਕ ਹਲਕਿਆਂ ’ਚ ਔਰਤਾਂ ਦੇ ਕਥਿਤ ਸ਼ੋਸ਼ਣ ਨਾਲ ਸਬੰਧਿਤ ਮਾਮਲੇ ਉਠਾਉਣ ਤੋਂ ਬਾਅਦ ਉਨ੍ਹਾਂ ਨੂੰ ਦੇਸ਼-ਵਿਦੇਸ਼ ਤੋਂ ਫੋਨ ਕਰਵਾ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਦੀ ਲੋਕੇਸ਼ਨ ਟਰੇਸ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡੀ.ਜੀ.ਪੀ. ਦਫ਼ਤਰ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੂਪ ਕੌਰ ਸੰਧੂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਅਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ ਕਿ ਉਹ ਕਿਤੇ ਵੀ ਬੇਫ਼ਿਕਰ ਹੋ ਕੇ ਆ-ਜਾ ਨਾ ਸਕਣ । ਉਨ੍ਹਾਂ ਕਿਹਾ ਕਿ ਵੱਡੇ ਖੁਲਾਸੇ ਕਰਨ ਤੋਂ ਪਹਿਲਾਂ ਉਨ੍ਹਾਂ ਲਈ ਆਪਣੀ ਸੁਰੱਖਿਆ ਯਕੀਨੀ ਬਣਾਉਣਾ ਜ਼ਰੂਰੀ ਹੋ ਗਿਆ ਸੀ । ਸੰਧੂ ਮੁਤਾਬਕ ਉਨ੍ਹਾਂ ਨੇ ਪਹਿਲਾਂ ਵੀ ਪੰਜਾਬ ਪੁਲਿਸ ਨਾਲ ਇਸ ਸਬੰਧੀ ਗੱਲ ਕੀਤੀ ਸੀ ਤੇ ਪੁਲਿਸ ਵਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ, ਪਰ ਅੱਜ ਉਨ੍ਹਾਂ ਨੇ ਲਿਖਤੀ ਰੂਪ ’ਚ ਸੁਰੱਖਿਆ ਦੀ ਅਪੀਲ ਕੀਤੀ, ਜਿਸ ਨੂੰ ਪੁਲਿਸ ਵਲੋਂ ਸਵੀਕਾਰ ਕਰਦਿਆਂ ਸੁਰੱਖਿਆ ਦਿੱਤੀ ਗਈ। ਰੂਪ ਕੌਰ ਸੰਧੂ ਨੇ ਦਾਅਵਾ ਕੀਤਾ ਕਿ ਜਿਨ੍ਹਾਂ ਵਿਅਕਤੀਆਂ ਦੇ ਨਾਂਅ ਜਾਂ ਭੂਮਿਕਾਵਾਂ ਸਬੰਧੀ ਉਹ ਮਾਮਲੇ ਉਠਾ ਰਹੇ ਹਨ, ਉਨ੍ਹਾਂ ਨਾਲ ਜੁੜੇ ਕੁਝ ਲੋਕ ਵਿਦੇਸ਼ਾਂ ’ਚ ਬੈਠੇ ਹੋ ਸਕਦੇ ਹਨ ਤੇ ਧਮਕੀਆਂ ਪਿੱਛੇ ਉਨ੍ਹਾਂ ਦਾ ਹੱਥ ਹੋਣ ਦਾ ਸ਼ੱਕ ਹੈ । ਹਾਲਾਂਕਿ ਇਸ ਸਬੰਧੀ ਕਿਸੇ ਵਿਅਕਤੀ ਵਿਰੁੱਧ ਕੋਈ ਦੋਸ਼ ਸਾਬਤ ਹੋਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ । ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਧਮਕੀਆਂ ਪਿੱਛੇ ਹੋਰ ਕਿਹੜੀਆਂ ਤਾਕਤਾਂ ਜਾਂ ਸਾਜ਼ਿਸ਼ਾਂ ਕੰਮ ਕਰ ਰਹੀਆਂ ਹਨ, ਪਰ ਇਸ ਸਮੇਂ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਮਹਿਸੂਸ ਹੋ ਰਿਹਾ ਹੈ। ਰੂਪ ਕੌਰ ਸੰਧੂ ਨੇ ਕਿਹਾ ਕਿ ਸੁਰੱਖਿਆ ਮਿਲਣ ਜਾਂ ਨਾ ਮਿਲਣ ਦੇ ਬਾਵਜੂਦ ਉਨ੍ਹਾਂ ਵਲੋਂ ਜਿਨ੍ਹਾਂ ਮਾਮਲਿਆਂ ਬਾਰੇ ਗੱਲ ਕਰਨ ਤੇ ਖੁਲਾਸੇ ਕਰਨ ਦਾ ਵਾਅਦਾ ਕੀਤਾ ਗਿਆ ਹੈ, ਉਹ ਉਸ ਤੋਂ ਪਿੱਛੇ ਨਹੀਂ ਹਟਣਗੇ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਿਆ ਗਿਆ ਹੈ, ਪਰ ਪੰਥ ਅਤੇ ਸਿੱਖ ਸੰਸਥਾਵਾਂ ਨਾਲ ਪਿਆਰ ਕਰਨ ਵਾਲੇ ਲੋਕ ਇਸ ਮਾਮਲੇ ’ਤੇ ਆਪਣੀ ਗੱਲ ਰੱਖ ਰਹੇ ਹਨ ਅਤੇ ਉਨ੍ਹਾਂ ਨੂੰ ਵੱਖਰੇ ਤੌਰ ’ਤੇ ਕੋਈ ਜਵਾਬ ਦੇਣ ਦੀ ਲੋੜ ਮਹਿਸੂਸ ਨਹੀਂ ਹੋ ਰਹੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕੋਈ ਕਾਰਨ ਦੱਸੋ ਨੋਟਿਸ ਦੇ ਕੇ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ। ਅਗਲੀ ਸਿਆਸੀ ਪਾਰੀ ਬਾਰੇ ਪੁੱਛੇ ਜਾਣ ’ਤੇ ਰੂਪ ਕੌਰ ਸੰਧੂ ਨੇ ਕਿਹਾ ਕਿ ਫਿਲਹਾਲ ਉਹ ਕਿਸੇ ਹੋਰ ਪਾਰਟੀ ਵਿਚ ਸ਼ਾਮਿਲ ਨਹੀਂ ਹੋ ਰਹੇ । ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਉਹ ਸਿਆਸਤ ਤੋਂ ਦੂਰ ਬੈਠਣ ਵਾਲਿਆਂ ਵਿਚੋਂ ਨਹੀਂ ਹਨ ਅਤੇ ਆਉਣ ਵਾਲੇ ਸਮੇਂ ਵਿਚ ਲੋਕਾਂ ਦੀ ਆਵਾਜ਼ ਉਠਾਉਣ ਲਈ ਆਪਣਾ ਰਸਤਾ ਚੁਣਨਗੇ।