ਪੱਛਮੀ ਏਸ਼ੀਆ ਦੇ ਦੇਸ਼ਾਂ ’ ਚ 12 ਵੀਂ ਦੀ ਪ੍ਰੀਖਿਆ ਮੁੜ ਕਰਵਾਏਗਾ ਸੀ . ਬੀ . ਐਸ . ਈ .
ਨਵੀਂ ਦਿੱਲੀ, 22 ਸਤੰਬਰ (ਪੀ. ਟੀ.
ਨਵੀਂ ਦਿੱਲੀ, 22 ਸਤੰਬਰ (ਪੀ.ਟੀ.ਆਈ)-ਸੀ.ਬੀ.ਐਸ.ਈ. ਪੱਛਮੀ ਏਸ਼ੀਆ ਦੇ ਉਨ੍ਹਾਂ ਦੇਸ਼ਾਂ ’ਚ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਮੁੜ ਕਰਵਾਏਗਾ, ਜਿੱਥੇ ਜੰਗ ਦੇ ਹਾਲਾਤ ਕਾਰਨ ਪਹਿਲਾਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਸਨ। ਬੋਰਡ ਵਲੋਂ ਬਣਾਈ ਵਿਸ਼ੇਸ਼ ਮੁਲਾਂਕਣ ਯੋਜਨਾ ਤਹਿਤ ਜਾਰੀ ਨਤੀਜਿਆਂ ਤੋਂ ਅਸੰਤੁਸ਼ਟ ਵਿਦਿਆਰਥੀਆਂ ਨੂੰ ਹੁਣ ਮੁੜ ਪ੍ਰੀਖਿਆ ਦੇਣ ਦਾ ਮੌਕਾ ਮਿਲੇਗਾ। ਸੀ.ਬੀ.ਐਸ.ਈ. ਨੇ ਬਹਿਰੀਨ, ਈਰਾਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ 40 ਵਿਸ਼ਿਆਂ ਦੀਆਂ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕੀਤੀਆਂ ਸਨ, ਜਿਨ੍ਹਾਂ ’ਚ 20 ਅਕਾਦਮਿਕ ਵਿਸ਼ੇ ਸ਼ਾਮਿਲ ਸਨ। ਪ੍ਰੀਖਿਆਵਾਂ ਰੱਦ ਹੋਣ ਤੋਂ ਬਾਅਦ ਬੋਰਡ ਨੇ 27 ਮਾਰਚ ਨੂੰ ਵਿਸ਼ੇਸ਼ ਮੁਲਾਂਕਣ ਯੋਜਨਾ ਜਾਰੀ ਕੀਤੀ ਸੀ ਅਤੇ ਇਸ ਤਹਿਤ ਨਿਯਮਤ ਵਿਦਿਆਰਥੀਆਂ ਦੇ ਨਤੀਜੇ 13 ਮਈ ਨੂੰ ਐਲਾਨੇ ਗਏ ਸਨ। ਸੀ.ਬੀ.ਐਸ.ਈ. ਦੇ ਪ੍ਰੀਖਿਆ ਕੰਟਰੋਲਰ ਸਨਯਮ ਭਾਰਦਵਾਜ ਨੇ ਦੱਸਿਆ ਕਿ ਯੋਜਨਾ ਤਹਿਤ ਨਤੀਜਿਆਂ ਤੋਂ ਅਸੰਤੁਸ਼ਟ ਵਿਦਿਆਰਥੀਆਂ ਨੂੰ ਉਨ੍ਹਾਂ ਵਿਸ਼ਿਆਂ ਦੀ ਪ੍ਰੀਖਿਆ ਦੇਣ ਦਾ ਮੌਕਾ ਦੇਣ ਦਾ ਪ੍ਰਬੰਧ ਕੀਤਾ ਗਿਆ ਸੀ, ਜਿਨ੍ਹਾਂ ਦੀ ਪ੍ਰੀਖਿਆ ਨਹੀਂ ਹੋ ਸਕੀ। ਯੋਗ ਵਿਦਿਆਰਥੀ ਆਪਣੀ ਪਸੰਦ ਦੇ ਵਿਸ਼ਿਆਂ ਵਿਚ ਪ੍ਰੀਖਿਆ ਦੇ ਸਕਣਗੇ ਅਤੇ ਨਵੇਂ ਇਮਤਿਹਾਨ ਦਾ ਨਤੀਜਾ ਅੰਤਿਮ ਹੋਵੇਗਾ। ਇਸ ਲਈ ਕੋਈ ਪ੍ਰੀਖਿਆ ਫੀਸ ਨਹੀਂ ਲਈ ਜਾਵੇਗੀ ਅਤੇ ਪ੍ਰੀਖਿਆ ਕੇਂਦਰ ਪਹਿਲਾਂ ਵਾਲੇ ਹੀ ਰਹਿਣਗੇ। ਪ੍ਰੀਖਿਆ ਦੀ ਤਾਰੀਖ ਅਤੇ ਡੇਟਸ਼ੀਟ ਫਾਰਮ ਭਰਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਜਾਰੀ ਕੀਤੀ ਜਾਵੇਗੀ।