ਪੰਜਾਬ ਵਿਚ ਗੰਨੇ ਦੀ ਫ਼ਸਲ ਅਧੀਨ ਰਕਬਾ 1.16 ਲੱਖ ਹੈਕਟੇਅਰ ਤੱਕ ਪਹੁੰਚਿਆ
ਚੰਡੀਗੜ੍ਹ, 13 ਸਤੰਬਰ (ਅਜੀਤ ਬਿਊਰੋ)- ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਸੀਜ਼ਨ ਦੌਰਾਨ ਗੰਨੇ ਦੀ ਕਾਸ਼ਤ ਹੇਠ ਰਕਬਾ ਵਧ ਕੇ 1. 16 ਲੱਖ ਹੈਕਟੇਅਰ ਹੋ ਗਿਆ ਹੈ ਤੇ 700 ਲੱਖ ਕੁਇੰਟਲ ਉਤਪਾਦਨ ਦਾ ਟੀਚਾ ਹੈ।
ਚੰਡੀਗੜ੍ਹ, 13 ਸਤੰਬਰ (ਅਜੀਤ ਬਿਊਰੋ)- ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਸੀਜ਼ਨ ਦੌਰਾਨ ਗੰਨੇ ਦੀ ਕਾਸ਼ਤ ਹੇਠ ਰਕਬਾ ਵਧ ਕੇ 1.16 ਲੱਖ ਹੈਕਟੇਅਰ ਹੋ ਗਿਆ ਹੈ ਤੇ 700 ਲੱਖ ਕੁਇੰਟਲ ਉਤਪਾਦਨ ਦਾ ਟੀਚਾ ਹੈ। ਗੰਨੇ ਨੂੰ ਕਣਕ ਤੇ ਝੋਨੇ ਤੋਂ ਬਾਅਦ ਪੰਜਾਬ ਦੀ ਤੀਜੀ ਸਭ ਤੋਂ ਅਹਿਮ ਫਸਲ ਦੱਸਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ’ਤੇ ਉੱਨਤ ਖੇਤੀ ਤਕਨੀਕਾਂ ਨੂੰ ਉਤਸ਼ਾਹਿਤ ਕਰਕੇ ਉਤਪਾਦਨ ਵਿਚ ਵਾਧਾ ਕਰਨ, ਖੰਡ ਦੀ ਰਿਕਵਰੀ ਵਿਚ ਸੁਧਾਰ ਕਰਨ ਅਤੇ ਖੇਤੀ ਲਾਗਤਾਂ ਨੂੰ ਘਟਾਉਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ। ਸਰਕਾਰੀ ਅੰਕੜਿਆਂ ਦਾ ਹਵਾਲਾ ਦਿੰਦਿਆਂ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚ ਗੰਨੇ ਦੀ ਫ਼ਸਲ ਅਧੀਨ ਰਕਬਾ ਸਾਲ 2025-26 ਵਿਚ 1,11,818 ਹੈਕਟੇਅਰ ਦੇ ਮੁਕਾਬਲੇ ਵਧ ਕੇ ਮੌਜੂਦਾ ਸੀਜ਼ਨ 2026-27 ਵਿਚ 1,16,131 ਹੈਕਟੇਅਰ ਹੋ ਗਿਆ ਹੈ ਤੇ ਜੇਕਰ ਮੌਸਮ ਅਨੁਕੂਲ ਰਿਹਾ ਤਾਂ ਇਸ ਤੋਂ 700 ਲੱਖ ਕੁਇੰਟਲ ਗੰਨੇ ਦੀ ਪੈਦਾਵਾਰ ਹੋਣ ਦੀ ਉਮੀਦ ਹੈ। ਸੀਜ਼ਨ 2026-27 ਲਈ, ਸਰਕਾਰ ਨੇ ਸਿਫ਼ਾਰਸ਼ ਕੀਤੀਆਂ ਗੰਨੇ ਦੀ ਕਾਸ਼ਤ ਤਕਨੀਕਾਂ ਦੇ ਪ੍ਰਦਰਸ਼ਨੀ ਪਲਾਟ ਲਗਾਉਣ ਵਾਲੇ ਕਿਸਾਨਾਂ ਲਈ ਪ੍ਰਤੀ ਏਕੜ 3,200 ਰੁਪਏ ਦਾ ਪ੍ਰੋਤਸਾਹਨ ਸ਼ੁਰੂ ਕੀਤਾ ਹੈ। ਇਹ ਯੋਜਨਾ 12 ਜ਼ਿਲ੍ਹਿਆਂ - ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਫਤਿਹਗੜ੍ਹ ਸਾਹਿਬ, ਰੂਪਨਗਰ, ਐਸ.ਏ.ਐਸ. ਨਗਰ, ਪਟਿਆਲਾ, ਫਾਜ਼ਿਲਕਾ, ਫਰੀਦਕੋਟ ਅਤੇ ਕਪੂਰਥਲਾ ਵਿਚ ਲਾਗੂ ਕੀਤੀ ਜਾਵੇਗੀ।