ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੇੜੇ 53 ਏਕੜ ਜ਼ਮੀਨ ’ ਤੇ ਕੇਂਦਰ ਨੇ ਲਿਆ ਕਬਜ਼ਾ
ਨਵੀਂ ਦਿੱਲੀ, 27 ਅਗਸਤ (ਜਗਤਾਰ ਸਿੰਘ)-ਕੇਂਦਰ ਸਰਕਾਰ ਨੇ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਦੇ ਨੇੜੇ ਰੇਸ ਕੋਰਸ ਇਲਾਕੇ ਵਿਚ ਸਥਿਤ 53. 242 ਏਕੜ ਜ਼ਮੀਨ ਦਾ ਕਬਜ਼ਾ ਆਪਣੇ ਹੱਥਾਂ ਵਿਚ ਲੈ ਲਿਆ ਹੈ।
ਨਵੀਂ ਦਿੱਲੀ, 27 ਅਗਸਤ (ਜਗਤਾਰ ਸਿੰਘ)-ਕੇਂਦਰ ਸਰਕਾਰ ਨੇ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਦੇ ਨੇੜੇ ਰੇਸ ਕੋਰਸ ਇਲਾਕੇ ਵਿਚ ਸਥਿਤ 53.242 ਏਕੜ ਜ਼ਮੀਨ ਦਾ ਕਬਜ਼ਾ ਆਪਣੇ ਹੱਥਾਂ ਵਿਚ ਲੈ ਲਿਆ ਹੈ। ਇਹ ਕਾਰਵਾਈ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ 25 ਅਗਸਤ ਦੇ ਆਦੇਸ਼ ਦੇ ਬਾਅਦ ਕੀਤੀ ਗਈ ਹੈ। ਅਦਾਲਤ ਨੇ ਦਿੱਲੀ ਰੇਸ ਕਲੱਬ ਲਿਮਟਿਡ ਦੀ ਉਸ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ,ਜਿਸ ਵਿਚ ਇਸਟੇਟ ਅਫ਼ਸਰ ਦੇ ਆਦੇਸ਼ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ। ਵੀਰਵਾਰ ਨੂੰ ਇਸ ਜ਼ਮੀਨ ’ਤੇ ਕਬਜ਼ਾ ਕਰਨ ਤੋਂ ਬਾਅਦ ਇਸ ਜ਼ਮੀਨ ਦੀ ਦੇਖਭਾਲ ਅਤੇ ਰੱਖ ਰਖਾਅ ਦੇ ਲਈ ਸੈਂਟਰਲ ਪਬਲਿਕ ਵਰਕ ਡਿਪਾਰਟਮੈਂਟ (ਸੀ.ਪੀ.ਡਬਲਿਊ.ਡੀ) ਨੂੰ ਸੌਂਪ ਦਿੱਤਾ ਗਿਆ। ਇਹ ਕਬਜ਼ਾ ਇਸਟੇਟ ਸਰਵਿਸ ਆਰਗਨਾਈਜੇਸ਼ਨ (ਈ.ਐਸ.ਓ.) ਦੇ ਆਦੇਸ਼ ’ਤੇ ਲਿਆ ਗਿਆ।ਪ੍ਰਾਪਰਟੀ ਸੌਂਪਣ ਅਤੇ ਲੈਣ ਦੇ ਦਸਤਾਵੇਜ਼ ਵਿਚ ਇਹ ਦਰਜ ਹੈ ਕਿ ਜ਼ਮੀਨ ਨੂੰ ‘ ਜਿਵੇਂ ਦੀ ਹੈ,ਜਿੱਥੇ ਹੈ’ ਦੇ ਆਧਾਰ ’ਤੇ ਵਾਪਸ ਲਿਆ ਗਿਆ ਹੈ। ਅਦਾਲਤ ਨੇ ਕਿਹਾ ਕਿ ਇਸਟੇਟ ਅਫ਼ਸਰ ਨੇ ਦਿੱਲੀ ਰੇਸ ਕਲੱਬ ਨੂੰ ਆਪਣਾ ਜਵਾਬ ਅਤੇ ਸਬੂਤ ਪੇਸ਼ ਕਰਨ ਦੇ ਕਈ ਮੌਕੇ ਦਿੱਤੇ ਸੀ ਪਰ ਉਹ ਆਪਣਾ ਜਵਾਬ ਅਤੇ ਸਬੂਤ ਪੇਸ਼ ਕਰਨ ਵਿਚ ਨਾਕਾਮ ਰਿਹਾ,ਜਿਸ ਦੇ ਬਾਅਦ ਇਸਟੇਟ ਅਫ਼ਸਰ ਨੇ ਰਿਕਾਰਡ ਵਿਚ ਮੌਜੂਦ ਜਾਣਕਾਰੀ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ। ਦੱਸਣਯੋਗ ਇਹ ਜ਼ਮੀਨ ਦਿੱਲੀ ਰੇਸ ਕਲੱਬ ਨੂੰ ਸਾਲ 1926 ਵਿਚ ਲੀਜ਼ ‘ਤੇ ਦਿੱਤੀ ਗਈ ਸੀ, ਜਿਸ ਦੀ ਮਿਆਦ 31 ਦਸੰਬਰ,1994 ਨੂੰ ਖ਼ਤਮ ਹੋ ਚੁੱਕੀ ਸੀ ਅਤੇ ਸਰਕਾਰ ਵਲੋਂ ਇਸ ਨੂੰ ਅੱਗੇ ਨਹੀਂ ਵਧਾਇਆ ਗਿਆ ਸੀ।ਸਰਕਾਰ ਅਨੁਸਾਰ ਪ੍ਰਧਾਨ ਮੰਤਰੀ ਰਿਹਾਇਸ਼ ਦੇ ਬਿਲਕੁਲ ਨੇੜੇ ਹੋਣ ਕਰਕੇ ਇਸ ਸੰਵੇਦਨਸ਼ੀਲ ਇਲਾਕੇ ਦੀ ਵਰਤੋਂ ਵੱਡੇ ਜਨਤਕ ਹਿੱਤਾਂ ਅਤੇ ਸੁਰੱਖਿਆ/ਰੱਖਿਆ ਉਦੇਸ਼ਾਂ ਲਈ ਕੀਤੀ ਜਾਵੇਗੀ।