ਸੰਯੁਕਤ ਰਾਸ਼ਟਰ ਵਲੋਂ ਨਿਪਾਲ ’ਚ ਰਾਹਤ ਲਈ 20 ਲੱਖ ਡਾਲਰ ਜਾਰੀ
ਸੰਯੁਕਤ ਰਾਸ਼ਟਰ, 27 ਅਗਸਤ (ਪੀ. ਟੀ.
ਸੰਯੁਕਤ ਰਾਸ਼ਟਰ, 27 ਅਗਸਤ (ਪੀ.ਟੀ.ਆਈ)-ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਨਿਪਾਲ ਅਤੇ ਚੀਨ ਵਿਚ ਭਿਆਨਕ ਹੜ੍ਹਾਂ ਕਾਰਨ ਹੋਏ ਵੱਡੇ ਜਾਨੀ ਨੁਕਸਾਨ ਅਤੇ ਤਬਾਹੀ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਨੇ ਰਾਹਤ ਕਾਰਜਾਂ ਲਈ ਸ਼ੁਰੂਆਤੀ ਤੌਰ ’ਤੇ 20 ਲੱਖ ਅਮਰੀਕੀ ਡਾਲਰ ਜਾਰੀ ਕੀਤੇ ਹਨ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਬੁਲਾਰੇ ਸਟੀਫ਼ਨ ਦੁਜਾਰਿਕ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਗੁਟੇਰੇਸ ‘ਨਿਪਾਲ ਅਤੇ ਚੀਨ ਵਿਚ ਭਿਆਨਕ ਹੜ੍ਹਾਂ ਕਾਰਨ ਹੋਏ ਜਾਨੀ ਨੁਕਸਾਨ, ਲੋਕਾਂ ਦੇ ਲਾਪਤਾ ਹੋਣ ਅਤੇ ਵਿਆਪਕ ਤਬਾਹੀ ਤੋਂ ਦੁਖੀ ਹਨ’। ਬਿਆਨ ਮੁਤਾਬਿਕ ਨਿਪਾਲ ਵਿਚ ਸੰਯੁਕਤ ਰਾਸ਼ਟਰ ਸਰਕਾਰ ਦੀ ਅਗਵਾਈ ਹੇਠ ਚੱਲ ਰਹੇ ਰਾਹਤ ਅਤੇ ਬਚਾਅ ਕਾਰਜਾਂ ਵਿਚ ਸਹਾਇਤਾ ਕਰ ਰਿਹਾ ਹੈ। ਗੁਟੇਰੇਸ ਨੇ ਜਾਨਾਂ ਬਚਾਉਣ ਲਈ ਕੰਮ ਕਰ ਰਹੇ ਐਮਰਜੈਂਸੀ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸੰਯੁਕਤ ਰਾਸ਼ਟਰ ਹੋਰ ਸਹਾਇਤਾ ਦੇਣ ਲਈ ਤਿਆਰ ਹੈ। ਵਿਸ਼ਵ ਸਿਹਤ ਸੰਗਠਨ ਦੇ ਦੋ ਕਰਮਚਾਰੀ ਪਹਿਲਾਂ ਹੀ ਪ੍ਰਭਾਵਿਤ ਇਲਾਕੇ ਵਿਚ ਮੌਜੂਦ ਹਨ। ਉਨ੍ਹਾਂ ਕੋਲ 10,000 ਲੋਕਾਂ ਲਈ ਤਿੰਨ ਮਹੀਨਿਆਂ ਤੱਕ ਲੋੜੀਂਦੀਆਂ ਦਵਾਈਆਂ ਅਤੇ ਮੈਡੀਕਲ ਕਿੱਟਾਂ ਤੋਂ ਇਲਾਵਾ ਟੈਂਟ ਅਤੇ ਹੋਰ ਜ਼ਰੂਰੀ ਸਹਾਇਤਾ ਵੀ ਹੈ।