ਖੰਡ ਤੋਂ ਬਾਅਦ ਗੁੜ ਦਾ ਸਵਾਦ ਵੀ ਹੋਇਆ ਫਿੱਕਾ ਇੱਕ ਮਹੀਨੇ ’ਚ 3500 ਰੁਪਏ ਕੁਇੰਟਲ ਤੱਕ ਵਧ ਚੁੱਕਾ ਹੈ ਭਾਅ
ਸ਼ਿਵ ਸ਼ਰਮਾ
ਜਲੰਧਰ, 19 ਅਗਸਤ -ਤਿਉਹਾਰਾਂ ਦੇ ਮੌਸਮ ਤੋਂ ਪਹਿਲਾਂ ਖੰਡ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਜਿੱਥੇ ਆਮ ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ, ਉਥੇ ਹੁਣ ਗੁੜ ਵੀ ਮਹਿੰਗਾ ਹੁੰਦਾ ਜਾ ਰਿਹਾ ਹੈ। ਪਿਛਲੇ ਇੱਕ ਮਹੀਨੇ ਦੌਰਾਨ ਗੁੜ ਦੇ ਭਾਅ ਵਿਚ ਕਰੀਬ 3500 ਰੁਪਏ ਪ੍ਰਤੀ ਕੁਇੰਟਲ ਤੱਕ ਦਾ ਵਾਧਾ ਹੋ ਚੁੱਕਾ ਹੈ।
ਜਲੰਧਰ, 19 ਅਗਸਤ -ਤਿਉਹਾਰਾਂ ਦੇ ਮੌਸਮ ਤੋਂ ਪਹਿਲਾਂ ਖੰਡ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਜਿੱਥੇ ਆਮ ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ, ਉਥੇ ਹੁਣ ਗੁੜ ਵੀ ਮਹਿੰਗਾ ਹੁੰਦਾ ਜਾ ਰਿਹਾ ਹੈ। ਪਿਛਲੇ ਇੱਕ ਮਹੀਨੇ ਦੌਰਾਨ ਗੁੜ ਦੇ ਭਾਅ ਵਿਚ ਕਰੀਬ 3500 ਰੁਪਏ ਪ੍ਰਤੀ ਕੁਇੰਟਲ ਤੱਕ ਦਾ ਵਾਧਾ ਹੋ ਚੁੱਕਾ ਹੈ। ਜਿਸ ਕਾਰਨ ਖੰਡ ਤੋਂ ਬਾਅਦ ਹੁਣ ਗੁੜ ਦਾ ਸਵਾਦ ਵੀ ਫਿੱਕਾ ਲੱਗਣ ਲੱਗ ਪਿਆ ਹੈ। ਵਪਾਰਕ ਹਲਕਿਆਂ ਮੁਤਾਬਿਕ ਥੋਕ ਬਾਜ਼ਾਰ ਵਿਚ ਗੁੜ ਦਾ ਭਾਅ 8000 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਹੈ, ਜੋ ਇਕ ਮਹੀਨੇ ਪਹਿਲਾਂ 4500 ਰੁਪਏ ਕੁਇੰਟਲ ਵਿਕ ਰਿਹਾ ਸੀ, ਜਦਕਿ ਪ੍ਰਚੂਨ ਬਾਜ਼ਾਰ ਵਿਚ ਗੁੜ ਕਰੀਬ 90 ਤੋਂ 95 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਖੰਡ ਦੀਆਂ ਕੀਮਤਾਂ ਵਿਚ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਵਾਧਾ ਹੋਣ ਕਾਰਨ ਖਪਤਕਾਰਾਂ ਵਿਚ ਚਿੰਤਾ ਪਾਈ ਜਾ ਰਹੀ ਹੈ। ਇੱਕ ਮਹੀਨੇ ਦੇ ਅੰਦਰ ਖੰਡ ਦੇ ਭਾਅ ਵਿਚ ਕਰੀਬ 2000 ਰੁਪਏ ਪ੍ਰਤੀ ਕੁਇੰਟਲ ਤੱਕ ਵਾਧਾ ਹੋ ਚੁੱਕਾ ਹੈ। ਗੁੜ ਦੀਆਂ ਵਧ ਰਹੀਆਂ ਕੀਮਤਾਂ ਦਾ ਅਸਰ ਹੁਣ ਰੈਸਟੋਰੈਂਟਾਂ ਅਤੇ ਖਾਣ-ਪੀਣ ਦੇ ਕਾਰੋਬਾਰ ’ਤੇ ਵੀ ਪੈਣ ਦੀ ਸੰਭਾਵਨਾ ਹੈ। ਕਈ ਰੈਸਟੋਰੈਂਟਾਂ ’ਚ ਖਾਣੇ ਤੋਂ ਬਾਅਦ ਗੁੜ ਜਾਂ ਗੁੜ ਦੀ ਚਾਹ ਗਾਹਕਾਂ ਨੂੰ ਦਿੱਤੀ ਜਾਂਦੀ ਸੀ, ਪਰ ਕੀਮਤਾਂ ’ਚ ਭਾਰੀ ਵਾਧੇ ਕਾਰਨ ਕੁਝ ਥਾਵਾਂ ’ਤੇ ਇਸ ਦੀ ਵਰਤੋਂ ਘਟਣ ਜਾਂ ਬੰਦ ਹੋਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਖੰਡ ਅਤੇ ਗੁੜ ਦੋਵਾਂ ਦੀਆਂ ਕੀਮਤਾਂ ’ਚ ਵਾਧੇ ਨੇ ਘਰੇਲੂ ਖਪਤਕਾਰਾਂ ਦੇ ਨਾਲ ਮਿਠਾਈਆਂ, ਰੈਸਟੋਰੈਂਟਾਂ ਅਤੇ ਹੋਰ ਖਾਣ-ਪੀਣ ਨਾਲ ਜੁੜੇ ਕਾਰੋਬਾਰਾਂ ਲਈ ਵੀ ਮੁਸ਼ਕਲਾਂ ਵਧਾ ਦਿੱਤੀਆਂ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਵਰਤੋਂ ਵਾਲੀਆਂ ਵਸਤਾਂ ਦੀਆਂ ਕੀਮਤਾਂ ਪਹਿਲਾਂ ਹੀ ਵਧੀਆਂ ਹੋਈਆਂ ਹਨ ਅਤੇ ਹੁਣ ਖੰਡ ਤੇ ਗੁ ੜ ਦੇ ਭਾਅ ਵਿਚ ਤੇਜ਼ੀ ਨਾਲ ਘਰੇਲੂ ਬਜਟ ’ਤੇ ਹੋਰ ਬੋਝ ਪੈ ਰਿਹਾ ਹੈ। ਇਕ ਜਾਣਕਾਰੀ ਮੁਤਾਬਿਕ ਦੇਸ਼ ’ਚ ਗੰਨੇ ਦੇ ਕੁਲ ਉਤਪਾਦਨ ਦਾ ਕਰੀਬ 21 ਫ਼ੀਸਦੀ ਤੋਂ 30 ਫ਼ੀਸਦੀ ਤੱਕ ਹਿੱਸਾ ਗੁੜ ਬਣਾਉਣ ਵਿਚ ਲੱਗਦਾ ਹੈ। ਦੇਸ਼ ਵਿਚ ਹਰ ਸਾਲ 70 ਤੋਂ 80 ਲੱਖ ਟਨ ਗੁੜ ਦਾ ਉਤਪਾਦਨ ਤੇ ਵਰਤੋਂ ਹੁੰਦੀ ਹੈ। ਸਿਹਤ ਪ੍ਰਤੀ ਜਾਗਰੂਕ ਹੋਣ ਕਰਕੇ ਲੋਕ ਖੰਡ ਦੀ ਜਗਾ ਗੁੜ ਦੀ ਜ਼ਿਆਦਾ ਵਰਤੋਂ ਕਰਨ ਲੱਗ ਪਏ ਹਨ। ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਤੇ ਮਹਾਰਾਸ਼ਟਰ ਦੇ ਕੋਹਲਾਪੁਰ ਖੇਤਰ ਗੁੜ ਦੇ ਵੱਡੇ ਵਪਾਰ ਤੇ ਖਪਤ ਦੇ ਕੇਂਦਰ ਹਨ।