ਸੀ . ਆਰ . ਐਮ . ਡੀ . ਏ . ਵੀ . ਮਾਡਲ ਹਾਈ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ
ਸ੍ਰੀ ਮੁਕਤਸਰ ਸਾਹਿਬ, 24 ਨਵੰਬਰ (ਹਰਮਹਿੰਦਰ ਪਾਲ)-ਸਥਾਨਕ ਮੌੜ ਰੋਡ ਸਥਿਤ ਸੀ. ਆਰ.
ਸ੍ਰੀ ਮੁਕਤਸਰ ਸਾਹਿਬ, 24 ਨਵੰਬਰ (ਹਰਮਹਿੰਦਰ ਪਾਲ)-ਸਥਾਨਕ ਮੌੜ ਰੋਡ ਸਥਿਤ ਸੀ.ਆਰ.ਐਮ. ਡੀ.ਏ.ਵੀ. ਮਾਡਲ ਹਾਈ ਸਕੂਲ ਵਿਖੇ ਡਿਜੀਟਲ ਸਵੈ ਜਨਗਣਨਾ 2027 ਸੰਬੰਧੀ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਜਾਣਕਾਰੀ ਦੇਣ ਅਤੇ ਜਾਗਰੂਕ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਫ਼ੀਲਡ ਟਰੇਨਰ ਤੇ ਲੈਕਚਰਾਰ ਸ਼ਮਿੰਦਰ ਬੱਤਰਾ, ਸੁਰਿੰਦਰ ਕੁਮਾਰ, ਪਰਵੀਨ ਕੁਮਾਰ ਸ਼ਰਮਾ ਅਤੇ ਨਵੀਨ ਕੁਮਾਰ ਡੂੰਮੜਾ ਨੇ ਵਿਦਿਆਰਥੀਆਂ ਨੂੰ ਡਿਜੀਟਲ ਸਵੈ ਜਨਗਣਨਾ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਡਿਜੀਟਲ ਸਵੈ ਜਨਗਣਨਾ 30 ਨਵੰਬਰ 2026 ਤੱਕ ਪੋਰਟਲ ’ਤੇ ਹੋ ਰਹੀ ਹੈ। ਦੇਸ਼ ਦੀ ਇਹ ਪਹਿਲੀ ਡਿਜੀਟਲ ਜਨਗਣਨਾ ਹੈ, ਜਿਸ ਰਾਹੀਂ ਦੇਸ਼ ਦੀ ਆਬਾਦੀ ਨਾਲ ਸੰਬੰਧਿਤ ਅਹਿਮ ਅੰਕੜੇ ਇਕੱਠੇ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਖਾਲਾ ਤੇ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਜਨਗਣਨਾ ਦੌਰਾਨ ਸਹੀ ਜਾਣਕਾਰੀ ਮੁਹੱਈਆ ਕਰਵਾਉਣ ਅਤੇ ਹਰੇਕ ਨਾਗਰਿਕ ਵਲੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਤੁਸੀਂ ਘਰ ਬੈਠੇ ਆਪਣੇ ਮੋਬਾਇਲ ਜਾਂ ਲੈਪਟਾਪ ’ਤੇ ਭਰ ਸਕਦੇ ਹੋ। ਇਸ ਮੌਕੇ ਪ੍ਰਿੰਸੀਪਲ ਹਰਪਾਲ ਕੌਰ, ਅਤੇ ਸਟਾਫ਼ ਮੌਜੂਦ ਸੀ। ਪ੍ਰਿੰਸੀਪਲ ਹਰਪਾਲ ਕੌਰ ਨੇ ਦੱਸਿਆ ਕਿ ਇਹ ਮਹੱਤਵਪੂਰਨ ਜਾਣਕਾਰੀ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਦੇ ਗਰੁੱਪਾਂ ਵਿਚ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਵਲੋਂ ਸਕੂਲ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਸਵੈ ਜਨਗਣਨਾ ਸੰਬੰਧੀ ਇਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਗਿਆ, ਜਿਸ ਵਿਚ ਉਨ੍ਹਾਂ ਸੀਨੀਅਰ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਉਹ ਆਪਣੇ ਮਾਤਾ-ਪਿਤਾ, ਰਿਸ਼ਤੇਦਾਰਾਂ ਤੇ ਗੁਆਂਢੀਆਂ ਨੂੰ ਵੀ ਇਸ ਸੰਬੰਧੀ ਜਾਗਰੂਕ ਕਰਨ ਅਤੇ ਇਸ ਮਹੱਤਵਪੂਰਨ ਕਾਰਜ ਨੂੰ ਮੁਕੰਮਲ ਕਰਨ ਵਿਚ ਸਹਾਇਤਾ ਕਰਨ।