ਫੂਡ ਸੇਫਟੀ ਟੀਮ ਵਲੋਂ ਬਲਿੰਕਿਟ ਸਟੋਰ ਦੀ ਜਾਂਚ
ਮਿਆਦ ਪੁੱਗ ਚੁੱਕੀਆਂ ਖਾਣ-ਪੀਣ ਦੀਆਂ ਵਸਤਾਂ ਜ਼ਬਤ
ਪਟਿਆਲਾ, 26 ਨਵੰਬਰ (ਮਨਦੀਪ ਸਿੰਘ ਖਰੌੜ)-ਫੂਡ ਸੇਫਟੀ ਟੀਮ ਪਟਿਆਲਾ ਵਲੋਂ ਜਿਲ੍ਹਾ ਸਿਹਤ ਅਫਸਰ ਡਾ. ਗੁਰਪ੍ਰੀਤ ਕੌਰ ਦੀ ਅਗਵਾਈ ਵਿਚ ਭਾਦਸੋਂ ਰੋਡ, ਪਟਿਆਲਾ ਵਿਖੇ ਸਥਿਤ ਬਲਿੰਕਿਟ ਸਟੋਰ ਦੀ ਜਾਂਚ ਕੀਤੀ ਗਈ।
ਜ
ਜਾਂਚ ਕਰਦੀ ਹੋਈ ਫੂਡ ਸੇਫਟੀ ਟੀਮ ਪਟਿਆਲਾ ਦੇ ਅਧਿਕਾਰੀ। ਅਜੀਤ ਤਸਵੀਰ
28-11-2026
ਪਟਿਆਲਾ, 26 ਨਵੰਬਰ (ਮਨਦੀਪ ਸਿੰਘ ਖਰੌੜ)-ਫੂਡ ਸੇਫਟੀ ਟੀਮ ਪਟਿਆਲਾ ਵਲੋਂ ਜਿਲ੍ਹਾ ਸਿਹਤ ਅਫਸਰ ਡਾ. ਗੁਰਪ੍ਰੀਤ ਕੌਰ ਦੀ ਅਗਵਾਈ ਵਿਚ ਭਾਦਸੋਂ ਰੋਡ, ਪਟਿਆਲਾ ਵਿਖੇ ਸਥਿਤ ਬਲਿੰਕਿਟ ਸਟੋਰ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਲਗਭਗ 12 ਖਾਣ-ਪੀਣ ਦੀਆਂ ਅਜਿਹੀਆਂ ਵਸਤਾਂ ਪਾਈਆਂ ਗਈਆਂ, ਜਿਨ੍ਹਾਂ ਦੀ ਮਿਆਦ ਪੁੱਗ ਚੁੱਕੀ ਸੀ। ਟੀਮ ਵਲੋਂ ਇਨ੍ਹਾਂ ਸਾਰੀਆਂ ਮਿਆਦ ਪੁੱਗ ਚੁੱਕੀਆਂ ਵਸਤਾਂ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਤੇ ਇਸ ਤਹਿਤ ਬਣਾਏ ਗਏ ਨਿਯਮਾਂ ਤੇ ਰੈਗੂਲੇਸ਼ਨ ਅਨੁਸਾਰ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ, ਫੂਡ ਸੇਫਟੀ ਟੀਮ ਵਲੋਂ ਡੋਮਿਨੋਜ਼ ਦੇ ਇਕ ਆਊਟਲੈੱਟ ਤੋਂ ਵੀ ਖਾਣ-ਪੀਣ ਦੀਆਂ ਦੋ ਵਸਤਾਂ ਦੇ ਸੈਂਪਲ ਲੈਬਾਰਟਰੀ ਜਾਂਚ ਲਈ ਇਕੱਤਰ ਕੀਤੇ ਗਏ ਤਾਂ ਜੋ ਉਨ੍ਹਾਂ ਦੀ ਗੁਣਵੱਤਾ ਅਤੇ ਨਿਰਧਾਰਤ ਫੂਡ ਸੇਫਟੀ ਮਾਪਦੰਡਾਂ ਦੀ ਪਾਲਣਾ ਸੰਬੰਧੀ ਜਾਂਚ ਕੀਤੀ ਜਾ ਸਕੇ। ਫੂਡ ਸੇਫਟੀ ਵਿਭਾਗ ਵਲੋਂ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਬਲਿੰਕਿਟ, ਜ਼ੈਪਟੋ ਅਤੇ ਹੋਰ ਆਨਲਾਈਨ ਡਿਲੀਵਰੀ ਪਲੇਟਫਾਰਮਾਂ ਰਾਹੀਂ ਖਾਣ-ਪੀਣ ਦੀਆਂ ਵਸਤਾਂ ਮੰਗਵਾਉਂਦੇ ਸਮੇਂ ਪੂਰੀ ਸਾਵਧਾਨੀ ਵਰਤਣ। ਖਪਤਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਸਮਾਨ ਦੀ ਡਿਲੀਵਰੀ ਸਮੇਂ ਉਸ ਦੀ ਨਿਰਮਾਣ ਮਿਤੀ, ਮਿਆਦ ਪੁੱਗਣ ਦੀ ਮਿਤੀ, ਪੈਕਿੰਗ ਦੀ ਸਥਿਤੀ ਅਤੇ ਲੇਬਲ ’ਤੇ ਦਰਜ ਹੋਰ ਲਾਜ਼ਮੀ ਜਾਣਕਾਰੀ ਨੂੰ ਧਿਆਨ ਨਾਲ ਚੈੱਕ ਕਰਨ। ਮਿਆਦ ਪੁੱਗ ਚੁੱਕੀਆਂ ਖਾਣ-ਪੀਣ ਦੀਆਂ ਵਸਤਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕੀਤਾ ਜਾਵੇ ਅਤੇ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਆਉਣ ’ਤੇ ਤੁਰੰਤ ਸੰਬੰਧਿਤ ਫੂਡ ਸੇਫਟੀ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾਵੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਫੂਡ ਸੇਫਟੀ ਟੀਮ ਪਟਿਆਲਾ ਵਲੋਂ ਆਪਣੀ ਰੁਟੀਨ ਜਾਂਚ ਮੁਹਿੰਮ ਤਹਿਤ ਬਰਗਰ ਕਿੰਗ, ਡੋਮਿਨੋਜ਼ ਅਤੇ ਕੇ.ਐੱਫ.ਸੀ. ਸਮੇਤ ਕਈ ਪ੍ਰਸਿੱਧ ਫੂਡ ਚੇਨਾਂ ਤੋਂ ਖਾਣ-ਪੀਣ ਦੀਆਂ ਵਸਤਾਂ ਦੇ ਸੈਂਪਲ ਇਕੱਤਰ ਕੀਤੇ ਗਏ ਸਨ। ਸੰਬੰਧਿਤ ਲੈਬਾਰਟਰੀ ਰਿਪੋਰਟਾਂ ਅਨੁਸਾਰ ਬਰਗਰ ਕਿੰਗ ਤੋਂ ਲਿਆ ਗਿਆ ਕੁਕਿੰਗ ਆਇਲ (ਖਾਣਾ ਪਕਾਉਣ ਵਾਲੇ ਤੇਲ) ਦਾ ਸੈਂਪਲ, ਡੋਮਿਨੋਜ਼ ਤੋਂ ਲਿਆ ਗਿਆ ਪਿਊਰੀ ਦਾ ਸੈਂਪਲ ਅਤੇ ਕੇ.ਐੱਫ.ਸੀ. ਤੋਂ ਲਿਆ ਗਿਆ ਕੱਚੇ ਚਿਕਨ ਦਾ ਸੈਂਪਲ ਘਟੀਆ ਗੁਣਵੱਤਾ (ਸਬ-ਸਟੈਂਡਰਡ) ਦਾ ਪਾਇਆ ਗਿਆ ਸੀ। ਫੂਡ ਸੇਫਟੀ ਵਿਭਾਗ ਵਲੋਂ ਸਾਰੇ ਫੂਡ ਬਿਜ਼ਨਸ ਆਪਰੇਟਰਾਂ, ਜਿਨ੍ਹਾਂ ਵਿਚ ਆਨਲਾਈਨ ਫੂਡ ਡਿਲੀਵਰੀ ਪਲੇਟਫਾਰਮ ਵੀ ਸ਼ਾਮਲ ਹਨ, ਨੂੰ ਫੂਡ ਸੇਫਟੀ ਦੇ ਨਿਰਧਾਰਤ ਮਾਪਦੰਡਾਂ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਲੋਕਾਂ ਦਾ ਸਹਿਯੋਗ ਵੀ ਖੁਰਾਕੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਖਪਤਕਾਰਾਂ ਦੀ ਸਿਹਤ ਦੀ ਰੱਖਿਆ ਕਰਨ ਲਈ ਬੇਹੱਦ ਜ਼ਰੂਰੀ ਹੈ।