ਪਟਿਆਲਾ, 18 ਨਵੰਬਰ (ਅ.ਸ. ਆਹਲੂਵਾਲੀਆ)-ਨਗਰ ਨਿਗਮ ਪਟਿਆਲਾ ਦੀਆਂ ਚੋਣਾਂ ਵਿਚ ਜਿਥੇ 29 ਵਾਰਡ ਪਟਿਆਲਾ ਸ਼ਹਿਰੀ ਅਤੇ ਪਟਿਆਲਾ ਦਿਹਾਤੀ ਦੇ ਹਿੱਸੇ ਆਉਂਦੇ ਹਨ ਉੱਥੇ ਹੀ ਇਕ ਵਾਰਡ ਹਲਕਾ ਸਨੌਰ ’ਚ ਪੈਂਦਾ ਹੈ। ਇਸ ਵਾਰਡ ਨੰਬਰ 15 ਤੋਂ ਸ਼ੋ੍ਰਮਣੀ ਅਕਾਲੀ ਦਲ (ਬ) ਵਲੋਂ ਬਲਦੇਸ਼ ਕੌਰ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਇਨ੍ਹਾਂ ਨੂੰ ਚੋਣ ਮੈਦਾਨ ’ਚ ਉਤਾਰਨ ਲਈ ਵੱਡੀ ਜੱਦੋ-ਜਹਿਦ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਵਿਰਕ ਵਲੋਂ ਕੀਤੀ ਗਈ। ਦੱਸਿਆ ਗਿਆ ਕਿ ਉਮੀਦਵਾਰ ਦੇ ਸਹੁਰਾ ਜਰਨੈਲ ਸਿੰਘ ਰਾਠੌਰ ਦਾ ਇਲਾਕੇ ’ਚ ਕਾਫ਼ੀ ਰਸੂਖ਼ ਹੈ। ਇਹ ਗਲ ਦਲੀਲ ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐਨ.ਕੇ. ਸ਼ਰਮਾ ਸਾਹਮਣੇ ਸ. ਵਿਰਕ ਤੇ ਇਲਾਕੇ ਦੀ ਸੰਗਤ ਨੇ ਰੱਖੀ। ਸ. ਵਿਰਕ ਨੇ ਇਲਾਕੇ ਦੀ ਸੰਗਤ ਦੇ ਇਕੱਠ ’ਚ ਆਲ੍ਹਾ ਆਗੂਆਂ ਨੂੰ ਯਕੀਨ ਦਿਵਾਇਆ ਕਿ ਉਮੀਦਵਾਰ ਦਾ ਤਨਦੇਹੀ ਨਾਲ ਸਮਰਥਨ ਕਰਨਗੇ ਅਤੇ ਇਹ ਸੀਟ ਜਿਤਾ ਕੇ ਅਕਾਲੀ ਦਲ ਦੀ ਝੋਲੀ ’ਚ ਪਾਉਣਗੇ। ਅੱਜ ਉਨ੍ਹਾਂ ਖ਼ੁਦ ਬਲਦੇਸ਼ ਕੌਰ ਨਾਲ ਸਮਰਥਕਾਂ ਸਮੇਤ ਜਾ ਕੇ ਨਾਮਜ਼ਦਗੀ ਪੱਤਰ ਭਰਵਾਏ, ਇਸ ਮੌਕੇ ਵੀ ਇਲਾਕਾ ਵਾਸੀਆਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ।