ਮਾਰਕੀਟ ਕਮੇਟੀ ਘਨੌਰ ਅਧੀਨ ਆਉਂਦੀ ਲੋਹਸਿੰਬਲੀ ਅਨਾਜ ਮੰਡੀ ’ਚ ਸਹੂਲਤ ਦੀ ਘਾਟ, ਕਿਸਾਨ ਪ੍ਰੇਸ਼ਾਨ, ਕੱਚੇ ਫੜ੍ਹਾਂ ਕਾਰਨ ਫ਼ਸਲ ਖ਼ਰਾਬ ਹੋਣ ਦਾ ਖ਼ਤਰਾ
ਘਨੌਰ, 3 ਅਕਤੂਬਰ (ਸਰਦਾਰਾ ਸਿੰਘ ਲਾਛੜੂ)-ਪੰਜਾਬ ਦੇ ਵਿੱਚ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ। ਪਰ ਘਨੌਰ ਦੇ ਵਿਚ ਝੋਨੇ ਦੇ ਖ਼ਰੀਦ ਸੀਜ਼ਨ ਦੀ ਸ਼ੁਰੂਆਤ ਦੇ ਬਾਵਜੂਦ ਮਾਰਕੀਟ ਕਮੇਟੀ ਘਨੌਰ ਦੇ ਅਧੀਨ ਆਉਂਦੀ ਸਬ-ਯਾਰਡ ਅਨਾਜ ਮੰਡੀ ਲੋਹਸਿੰਬਲੀ ਵਿਚ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਘਨੌਰ, 3 ਅਕਤੂਬਰ (ਸਰਦਾਰਾ ਸਿੰਘ ਲਾਛੜੂ)-ਪੰਜਾਬ ਦੇ ਵਿੱਚ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ। ਪਰ ਘਨੌਰ ਦੇ ਵਿਚ ਝੋਨੇ ਦੇ ਖ਼ਰੀਦ ਸੀਜ਼ਨ ਦੀ ਸ਼ੁਰੂਆਤ ਦੇ ਬਾਵਜੂਦ ਮਾਰਕੀਟ ਕਮੇਟੀ ਘਨੌਰ ਦੇ ਅਧੀਨ ਆਉਂਦੀ ਸਬ-ਯਾਰਡ ਅਨਾਜ ਮੰਡੀ ਲੋਹਸਿੰਬਲੀ ਵਿਚ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿੰਡ ਲੋਹਸਿੰਬਲੀ ਹਰਿਆਣਾ ਬਾਰਡਰ ਦੇ ਬਿਲਕੁਲ ਨਜ਼ਦੀਕ ਵਸਿਆ ਪੰਜਾਬ ਦਾ ਆਖ਼ਰੀ ਸਰਹੱਦੀ ਪਿੰਡ ਹੈ, ਅਤੇ ਆਸ-ਪਾਸ ਦੇ ਤਕਰੀਬਨ ਇੱਕ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨ ਆਪਣੀ ਫ਼ਸਲ ਵੇਚਣ ਲਈ ਇਸੇ ਮੰਡੀ ‘ਤੇ ਨਿਰਭਰ ਕਰਦੇ ਹਨ। ਇਹ ਮੰਡੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਇਲਾਕੇ ਦੇ ਕਿਸਾਨਾਂ ਦੀ ਸਹੂਲਤ ਲਈ ਹੋਂਦ ਵਿੱਚ ਲਿਆਂਦੀ ਗਈ ਸੀ, ਪ੍ਰੰਤੂ ਅੱਜ ਵਰ੍ਹੇ ਬੀਤ ਜਾਣ ਦੇ ਬਾਵਜੂਦ ਮੰਡੀ ਵਿੱਚ ਲੋੜੀਂਦੇ ਬੁਨਿਆਦੀ ਪ੍ਰਬੰਧ ਨਾ ਹੋਣ ਕਰਕੇ ਕਿਸਾਨ ਆਪਣੇ-ਆਪ ਨੂੰ ਬੇਵੱਸ ਮਹਿਸੂਸ ਕਰ ਰਹੇ ਹਨ। ਮੰਡੀ ਵਿੱਚ ਫ਼ਸਲ ਉਤਾਰਨ ਲਈ ਬਣੇ ਫੜ੍ਹ ਪੂਰੀ ਤਰ੍ਹਾਂ ਕੱਚੇ ਹੋਣ ਕਾਰਨ ਕਿਸਾਨਾਂ ਦੇ ਮੱਥੇ ‘ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਝਲਕ ਰਹੀਆਂ ਹਨ।ਮੰਡੀ ਵਿੱਚ ਫ਼ਸਲ ਲੈ ਕੇ ਪਹੁੰਚੇ ਕਿਸਾਨ ਰਣਧੀਰ ਸਿੰਘ, ਬਹਾਦਰ ਸਿੰਘ ਕਾਮੀ ਖੁਰਦ ਅਤੇ ਹਰਮਨਜੋਤ ਸਿੰਘ ਜੰਡ ਮੰਗੋਲੀ ਨੇ ਆਪਣਾ ਦੁੱਖੜਾ ਸੁਣਾਉਂਦਿਆਂ ਦੱਸਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਮੰਡੀਆਂ ਵਿਚ ਕਿਸਾਨਾਂ ਦੀ ਸਹੂਲਤ ਲਈ ਕੀਤੇ ਗਏ ਵੱਡੇ-ਵੱਡੇ ਦਾਅਵੇ ਜ਼ਮੀਨੀ ਪੱਧਰ ‘ਤੇ ਖੋਖਲੇ ਸਾਬਤ ਹੋ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਮੰਡੀ ਦਾ ਫ਼ਰਸ਼ ਪੂਰੀ ਤਰ੍ਹਾਂ ਕੱਚਾ ਅਤੇ ਮਿੱਟੀ ਨਾਲ ਭਰਿਆ ਹੋਇਆ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਖ਼ਰਾਬ ਹੁੰਦਾ ਹੈ ਜਾਂ ਬਾਰਿਸ਼ ਪੈਂਦੀ ਹੈ, ਤਾਂ ਛੇ ਮਹੀਨਿਆਂ ਦੀ ਹੱਡ-ਭੰਨਵੀਂ ਮਿਹਨਤ ਨਾਲ ਪਾਲੀ ਝੋਨੇ ਦੀ ਫ਼ਸਲ ਚਿੱਕੜ ਵਿੱਚ ਰੁਲ ਜਾਵੇਗੀ ਅਤੇ ਦਾਣੇ ਜੰਮਣ ਕਾਰਨ ਭਾਰੀ ਆਰਥਿਕ ਨੁਕਸਾਨ ਝੱਲਣਾ ਪਵੇਗਾ। ਕਿਸਾਨਾਂ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਮੰਡੀ ਅੰਦਰ ਮੁੱਢਲੀਆਂ ਸੁਵਿਧਾਵਾਂ ਦਾ ਪੂਰੀ ਤਰ੍ਹਾਂ ਜਨਾਜ਼ਾ ਨਿਕਲ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮੰਡੀ ਵਿੱਚ ਜੋ ਸ਼ੈੱਡ ਬਣਾਇਆ ਗਿਆ ਹੈ, ਉਹ ਫੜ੍ਹਾਂ ਤੋਂ ਕਾਫ਼ੀ ਦੂਰ ਹੈ ਅਤੇ ਉਸ ਦੇ ਹੇਠਾਂ ਕਿਸਾਨਾਂ ਦੇ ਬੈਠਣ ਲਈ ਕੋਈ ਪੱਕੀ ਥਾਂ ਜਾਂ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਕਿਸਾਨ ਆਪਣੀ ਫ਼ਸਲ ਛੱਡ ਕੇ ਉੱਥੇ ਬੈਠ ਵੀ ਨਹੀਂ ਸਕਦੇ। ਇਸ ਤੋਂ ਇਲਾਵਾ ਸ਼ੈੱਡ ਕੋਲ ਜਾਂ ਮੰਡੀ ਵਿੱਚ ਕਿਸਾਨਾਂ ਲਈ ਪੀਣ ਵਾਲੇ ਸਾਫ਼ ਪਾਣੀ ਦਾ ਕੋਈ ਸਰਕਾਰੀ ਪ੍ਰਬੰਧ ਨਹੀਂ ਹੈ ਅਤੇ ਆੜ੍ਹਤੀਆਂ ਵੱਲੋਂ ਰੱਖੇ ਕੈਂਪਰਾਂ ਦੇ ਸਹਾਰੇ ਹੀ ਕੰਮ ਚਲਾਇਆ ਜਾ ਰਿਹਾ ਹੈ। ਮੰਡੀ ਵਿੱਚ ਪਖਾਨਿਆਂ ਦੀ ਸਹੂਲਤ ਨਾ ਹੋਣ ਕਰਕੇ ਕਿਸਾਨਾਂ ਨੂੰ ਬਾਹਰ ਜਾਣਾ ਪੈਂਦਾ ਹੈ ਅਤੇ ਰਾਤ ਸਮੇਂ ਰਹਿਣ-ਸਹਿਣ ਲਈ ਕੋਈ ਥਾਂ ਨਹੀਂ ਹੈ। ਇੱਥੋਂ ਤੱਕ ਕਿ ਕਿਸਾਨਾਂ ਦੀਆਂ ਫ਼ਸਲਾਂ ਦੀ ਰਾਖੀ ਲਈ ਮੰਡੀ ਵਿੱਚ ਕੋਈ ਚੌਕੀਦਾਰ ਵੀ ਤਾਇਨਾਤ ਨਹੀਂ ਕੀਤਾ ਗਿਆ। ਕਿਸਾਨਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਹਰਿਆਣਾ ਸਰਹੱਦ ਨਾਲ ਲੱਗਦਾ ਖੇਤਰ ਹੋਣ ਦੇ ਬਾਵਜੂਦ ਇਸ ਮੰਡੀ ਦੇ ਬੁਨਿਆਦੀ ਢਾਂਚੇ ਵੱਲ ਲਗਾਤਾਰ ਅਣਦੇਖੀ ਕੀਤੀ ਜਾ ਰਹੀ ਹੈ ਅਤੇ ਸਰਕਾਰੀ ਖ਼ਰੀਦ ਪ੍ਰਕਿਰਿਆ ਵੀ ਬੇਹੱਦ ਸੁਸਤ ਚੱਲ ਰਹੀ ਹੈ। ਕਿਸਾਨਾਂ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਮੰਡੀ ਬੋਰਡ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਮੰਡੀ ਦੇ ਕੱਚੇ ਫੜ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਪੱਕਾ ਕੀਤਾ ਜਾਵੇ, ਝੋਨੇ ਦੀ ਸਰਕਾਰੀ ਖ਼ਰੀਦ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਸ਼ੈੱਡ ਹੇਠਾਂ ਬੈਠਣ ਲਈ ਥਾਂ, ਪੀਣ ਵਾਲੇ ਪਾਣੀ ਤੇ ਪਖਾਨਿਆਂ ਵਰਗੇ ਜ਼ਰੂਰੀ ਪ੍ਰਬੰਧ ਤੁਰੰਤ ਮੁਕੰਮਲ ਕੀਤੇ ਜਾਣ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣ ਤੋਂ ਬਚਾਇਆ ਜਾ ਸਕੇ। ਦੂਜੇ ਪਾਸੇ ਜੋ ਉੱਥੇ ਮੌਜੂਦ ਪ੍ਰਵਾਸੀ ਮਜ਼ਦੂਰ ਦੁਪਹਿਰ ਸਮੇਂ ਤੇਜ ਧੁੱਪ ਤੋਂ ਬਚਣ ਦੇ ਲਈ ਟਰਾਲੀਆਂ ਨੀਚੇ ਤਰਪਾਲ ਵਿਛਾ ਕੇ ਧੁੱਪ ਤੋਂ ਬਚਦੇ ਹੋਏ ਨਜ਼ਰ ਆਉਂਦੇ ਹਨ। ਉੱਥੇ ਮੌਜੂਦ ਕੁਝ ਕਿਸਾਨਾਂ ਦਾ ਇਹ ਵੀ ਕਹਿਣਾ ਸੀ ਕਿ ਜੋ ਸ਼ੈਡ ਮੰਡੀ ਦੇ ਬਿਲਕੁਲ ਸ਼ੁਰੂਆਤ ਦੇ ਵਿੱਚ ਬਣਾਇਆ ਗਿਆ ਹੈ। ਉਸ ਦੇ ਨੀਚੇ ਕਿਸੇ ਵੀ ਤਰ੍ਹਾਂ ਬੈਠਣ ਦਾ ਪ੍ਰਬੰਧ ਨਹੀਂ ਹੈ ਮਿੱਟੀ ਰੇਸਲੀ ਹੈ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਮੀਂਹ ਪੈਂਦਾ ਹੈ ਤਾਂ ਛੱਡਦੇ ਨੀਚੇ ਟਰਾਲੀ ਲੈ ਜਾਣਾ ਵੀ ਮੁਸ਼ਕਿਲ ਹੋ ਜਾਵੇ ਕਿਉਂਕਿ ਮੰਡੀ ਦੇ ਫੜ ਨਾਲੋਂ ਸ਼ੈਡ ਦੇ ਆਸ ਪਾਸ ਦਾ ਇਲਾਕਾ ਤਕਰੀਬਨ ਇੱਕ ਤੋਂ ਡੇਢ ਫੁੱਟ ਉੱਚਾ ਹੈ ਜਿਸ ਕਾਰਨ ਭਾਰੀ ਟਰਾਲੀ ਨੂੰ ਉੱਥੇ ਤੱਕ ਲਿਜਾਣਾ ਮੁਸ਼ਕਿਲ ਹੋ ਜਾਂਦਾ ਹੈ। ਜਿਸ ਦਾ ਨੁਕਸਾਨ ਸਿੱਧਾ ਕਿਸਾਨਾਂ ਨੂੰ ਹੋਵੇਗਾ।ਇਸ ਸੰਬੰਧੀ ਜਦੋਂ ਘਨੌਰ ਮਾਰਕੀਟ ਕਮੇਟੀ ਦੇ ਚੇਅਰਮੈਨ ਜਰਨੈਲ ਸਿੰਘ ਮੰਨੂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਖੁਦ ਮੰਡੀ ਦਾ ਦੌਰਾ ਕਰਨਗੇ ਜੇਕਰ ਕਿਤੇ ਕੁਤਾਹੀ ਪਾਈ ਗਈ ਤਾਂ ਉਸ ਸਬੰਧੀ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਉਸ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ ਅਤੇ ਮੰਡੀਆਂ ਦੇ ਵਿਚ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।