ਸੜਕ ਹਾਦਸੇ ’ਚ ਜ਼ਖ਼ਮੀ ਨੌਜਵਾਨ ਦੀ ਇਲਾਜ ਦੌਰਾਨ ਮੌਤ
ਰਾਜਪੁਰਾ, 21 ਸਤੰਬਰ (ਜੀ. ਪੀ.
ਰਾਜਪੁਰਾ, 21 ਸਤੰਬਰ (ਜੀ. ਪੀ. ਸਿੰਘ)- ਰਾਜਪੁਰਾ ਨੇੜਲੇ ਪਿੰਡ ਮਦਨਪੁਰ ਨੇੜੇ ਵਾਪਰੇ ਸੜਕ ਹਾਦਸੇ ’ਚ ਗੰਭੀਰ ਜ਼ਖ਼ਮੀ ਹੋਏ 18 ਸਾਲਾਂ ਦੇ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਸ਼ੰਭੂ ਪੁਲਿਸ ਨੇ ਅਣਪਛਾਤੇ ਸਵਿਫਟ ਕਾਰ ਦੇ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕਾਸ਼ਦੀਪ ਸਿੰਘ ਵਾਸੀ ਪਿੰਡ ਅਲੀਮਾਜਰਾ ਨੇ ਬਿਆਨ ਦਰਜ ਕਰਵਾਏ ਹਨ ਕਿ ਲੰਘੀ 19 ਸਤੰਬਰ ਨੂੰ ਸਵੇਰੇ 11 ਵਜੇ ਦੇ ਕਰੀਬ ਉਹ ਆਪਣੇ ਦੋਸਤ ਜਸਨਪ੍ਰੀਤ ਸਿੰਘ (18) ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਸ਼ੰਭੂ ਕਲਾਂ ਸਮੇਤ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਮਦਨਪੁਰ ਵਿਚ ਗੁਰਦੁਆਰਾ ਸਾਹਿਬ ਸ੍ਰੀ ਚੰਦ ਜੀ ਦੇ ਗੁਰਪੁਰਬ ਕਰਕੇ ਕੀਰਤਨ ਸਮਾਗਮ ’ਤੇ ਜਾ ਰਹੇ ਸਨ। ਜਦੋਂ ਉਹ ਲਿੰਕ ਰੋਡ ਪਰ ਬਣੇ ਸੈਕਰਟਹਾਰਟ ਸਕੂਲ ਤੋਂ ਥੋੜਾ ਅੱਗੇ ਗਏ ਤਾਂ ਅਣਪਛਾਤੇ ਕਾਰ ਚਾਲਕ ਨੇ ਆਪਣੀ ਗੱਡੀ ਬੜੀ ਤੇਜੀ ਤੇ ਲਾਪ੍ਰਵਾਹੀ ਦੇ ਨਾਲ ਲਿਆ ਕੇ ਉਹਨਾਂ ਦੇ ਵਿਚ ਮਾਰੀ। ਇਸ ਹਾਦਸੇ ’ਚ ਉਨ੍ਹਾਂ ਦੋਹਾਂ ਦੇ ਕਾਫੀ ਸੱਟਾਂ ਲੱਗੀਆਂ ਤੇ ਮੁਦਈ ਦੇ ਦੋਸਤ ਜਸ਼ਨਪ੍ਰੀਤ ਸਿੰਘ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਲਿਜਾਇਆ ਗਿਆ, ਜਿੱਥੇ ਇਲਾਜ ਦੋਰਾਨ ਜਸ਼ਨਪ੍ਰੀਤ ਸਿੰਘ ਦੀ ਮੌਤ ਹੋ ਗਈ। ਥਾਣਾ ਸ਼ੰਭੂ ਦੀ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।