ਹੈਰੋਇਨ ਸਮੇਤ ਪੁਲਿਸ ਵਲੋਂ ਚਾਰ ਵਿਅਕਤੀ ਗ੍ਰਿਫ਼ਤਾਰ
ਕੋਟਕਪੂਰਾ, 6 ਸਤੰਬਰ (ਮੋਹਰ ਸਿੰਘ ਗਿੱਲ)-ਸਬ ਇੰਸਪੈਕਟਰ ਹਾਕਮ ਸਿੰਘ ਇੰਚਾਰਜ ਸੀ. ਆਈ.
ਕੋਟਕਪੂਰਾ, 6 ਸਤੰਬਰ (ਮੋਹਰ ਸਿੰਘ ਗਿੱਲ)-ਸਬ ਇੰਸਪੈਕਟਰ ਹਾਕਮ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼ ਫ਼ਰੀਦਕੋਟ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਏਰੀਆ ਥਾਣਾ ਸਦਰ ਫ਼ਰੀਦਕੋਟ ਤੋਂ ਹੁੰਦੇ ਹੋਏ ਪਿੰਡ ਜਲਾਲੇਆਣਾ, ਦੁਆਰੇਆਣਾ, ਵਾਂਦਰ ਜਟਾਣਾ ਤੋਂ ਮੇਨ ਸੜਕ ਸ੍ਰੀ ਮੁਕਤਸਰ ਸਾਹਿਬ ਰੋਡ ਉਪਰ ਪਿੰਡ ਖਾਰਾ ਵੱਲ ਨੂੰ ਜਾ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਬਾਹੱਦ ਰਕਬਾ ਪਿੰਡ ਖਾਰਾ ਦੇ ਮੁਕਤਸਰ ਰੋਡ ਉਪਰ ਬੰਦ ਪਏ ਪੈਟਰੌਲ ਪੰਪ ਜਿਸ ਦੀ ਬਿਲਡਿੰਗ ਖੰਡਰ ਬਣ ਚੁੱਕੀ ਹੈ। ਬਿਲਡਿੰਗ ਦੇ ਨੇੜੇ ਇਕ ਬਰੀਜਾ ਗੱਡੀ ਰੰਗ ਸਿਲਵਰ ਖੜ੍ਹੀ ਦਿਖਾਈ ਦਿੱਤੀ, ਜਿਸ ਦੇ ਪਾਸ ਚਾਰ ਮੋਨੇ ਨੌਜਵਾਨ ਦਰੱਖ਼ਤ ਦੀ ਛਾਂ ਹੇਠਾਂ ਗੱਲਾਂ ਕਰਦੇ ਦਿਖਾਈ ਦੇ ਰਹੇ ਸਨ। ਸਬ ਇੰਸਪੈਕਟਰ ਹਾਕਮ ਸਿੰਘ ਨੇ ਸ਼ੱਕ ਦੇ ਆਧਾਰ ’ਤੇ ਸਰਕਾਰੀ ਗੱਡੀ ਦੇ ਡਰਾਈਵਰ ਨੂੰ ਬਰੀਜਾ ਗੱਡੀ ਵੱਲ ਮੋੜਨ ਲਈ ਕਿਹਾ। ਜਦ ਡਰਾਈਵਰ ਨੇ ਸਰਕਾਰੀ ਗੱਡੀ ਬਰੀਜਾ ਗੱਡੀ ਵੱਲ ਨੂੰ ਮੋੜੀ ਤਾਂ ਚਾਰੇ ਨੌਜਵਾਨ ਬੜੀ ਚੁਸਤ-ਚਲਾਕੀ ਨਾਲ ਗੱਡੀ ਵਿਚ ਬੈਠ ਗਏ ਅਤੇ ਬਰੀਜਾ ਗੱਡੀ ਨੂੰ ਸਟਾਰਟ ਕਰਕੇ ਮੌਕੇ ਤੋਂ ਗੱਡੀ ਤੋਰਨ ਦੀ ਕੋਸ਼ਿਸ਼ ਕਰਨ ਲੱਗੇ ਤਾਂ ਸਬ ਇੰਸਪੈਕਟਰ ਹਾਕਮ ਸਿੰਘ ਨੇ ਗੱਡੀ ਵਿਚੋਂ ਉਤਰ ਕੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਬਰੀਜਾ ਗੱਡੀ ਨੂੰ ਰੋਕ ਕੇ ਡਰਾਈਵਰ ਵਾਲੀ ਤਾਕੀ ਨੂੰ ਖੋਲ੍ਹ ਕੇ ਡਰਾਈਵਰ ਨੂੰ ਗੱਡੀ ਬੰਦ ਕਰਨ ਲਈ ਕਿਹਾ ਤਾਂ ਫਿਰ ਬਰੀਜਾ ਗੱਡੀ ਦਾ ਨੰਬਰ ਚੈਕ ਕੀਤਾ। ਗੱਡੀ ਵਿਚ ਬੈਠੇ ਵਿਅਕਤੀਆਂ ਦਾ ਵਾਰੋ ਵਾਰੀ ਨਾਮ ਪਤਾ ਪੁੱਛਿਆ ਤਾਂ ਡਰਾਈਵਰ ਸੀਟ ’ਤੇ ਬੈਠੇ ਵਿਅਕਤੀ ਨੇ ਆਪਣਾ ਨਾਮ ਸੰਦੀਪ ਸਿੰਘ ਉਰਫ਼ ਸੀਪਾ ਵਾਸੀ ਪਿੰਡ ਹਰੀਕੇ ਕਲਾਂ, ਕੰਡਕਟਰ ਸੀਟ ਉਪਰ ਬੈਠੇ ਵਿਅਕਤੀ ਨੇ ਆਪਣਾ ਨਾਮ ਮਨਵੀਰ ਸਿੰਘ ਉਰਫ ਹਨੀ ਪਿੰਡ ਖਾਰਾ, ਡਰਾਈਵਰ ਸੀਟ ਦੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਪ੍ਰਵੇਸ਼ ਵਾਸੀ ਕੋਟਕਪੂਰਾ ਅਤੇ ਕੰਡਕਟਰ ਸੀਟ ਦੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਵਾਸੂ ਬਿਰਲਾ ਵਾਸੀ ਕੋਟਕਪੂਰਾ ਦੱਸਿਆ। ਇਨ੍ਹਾਂ ਦੇ ਕਬਜ਼ੇ ਵਿਚੋਂ ਕੁੱਲ 04 ਕਿੱਲੋ 29 ਗ੍ਰਾਮ ਹੈਰੋਇਨ ਸਮੇਤ ਪਾਰਦਰਸ਼ੀ ਮੋਮੀ ਲਿਫਾਫਾ ਬਰਾਮਦ ਹੋਈ। ਪੁਲਿਸ ਨੇ ਇਨ੍ਹਾਂ ਕੋਲੋਂ ਕੁਝ ਮੋਬਾਈਲ ਫ਼ੋਨ ਅਤੇ 600 ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕਰਕੇ ਇਨ੍ਹਾਂ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕਰ ਲਿਆ ਹੈ।