ਹਲਕਾ ਅਜਨਾਲਾ ਵਿੱਚ ਇਸਾਈ ਭਾਈਚਾਰੇ ਲਈ ਸਵਾ 15 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਹਨ 61 ਕਮਿਊਨਿਟੀ ਹਾਲ- ਕੁਲਦੀਪ ਸਿੰਘ ਧਾਲੀਵਾਲ
ਅਜਨਾਲਾ, 29 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਹਲਕਾ ਅਜਨਾਲਾ ਦੇ ਵਿਧਾਇਕ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਸ. ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਹਲਕੇ ਦੇ ਇਸਾਈ ਭਾਈਚਾਰੇ ਨਾਲ ਸਬੰਧਤ ਪਾਸਟਰ ਸਾਹਿਬਾਨ ਅਤੇ ਧਾਰਮਿਕ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।
ਅਜਨਾਲਾ, 29 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਹਲਕਾ ਅਜਨਾਲਾ ਦੇ ਵਿਧਾਇਕ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਸ. ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਹਲਕੇ ਦੇ ਇਸਾਈ ਭਾਈਚਾਰੇ ਨਾਲ ਸਬੰਧਤ ਪਾਸਟਰ ਸਾਹਿਬਾਨ ਅਤੇ ਧਾਰਮਿਕ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਹਲਕੇ ਦੇ ਕਰੀਬ 107 ਚਰਚਾਂ ਦੇ ਪਾਸਟਰ ਸਾਹਿਬਾਨ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਇਸਾਈ ਭਾਈਚਾਰੇ ਦੇ ਸਮਾਜਿਕ ਅਤੇ ਧਾਰਮਿਕ ਵਿਕਾਸ, ਭਾਈਚਾਰੇ ਦੀਆਂ ਮੰਗਾਂ ਅਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸਾਈ ਭਾਈਚਾਰੇ ਦੀ ਭਲਾਈ ਅਤੇ ਸਹੂਲਤਾਂ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਲਕਾ ਅਜਨਾਲਾ ਵਿਚ ਕਰੀਬ ਸਵਾ 15 ਕਰੋੜ ਰੁਪਏ ਦੀ ਲਾਗਤ ਨਾਲ 61 ਕਮਿਊਨਿਟੀ ਹਾਲ ਬਣਾਏ ਜਾ ਰਹੇ ਹਨ, ਜੋ ਇਸਾਈ ਭਾਈਚਾਰੇ ਲਈ ਇਕ ਵੱਡੀ ਸਹੂਲਤ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਇਸਾਈ ਭਾਈਚਾਰੇ ਵਲੋਂ ਕਬਰਸਤਾਨਾਂ ਦੇ ਵਿਕਾਸ ਸਬੰਧੀ ਵੀ ਮੰਗਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਵਿਚੋਂ ਕਰੀਬ 45 ਕਬਰਸਤਾਨਾਂ ਦੇ ਵਿਕਾਸ ਲਈ ਪ੍ਰਸਤਾਵ ਤਿਆਰ ਕਰਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਭੇਜੇ ਗਏ ਹਨ। ਉਨ੍ਹਾਂ ਉਮੀਦ ਜਤਾਈ ਕਿ ਜਲਦ ਹੀ ਇਨ੍ਹਾਂ ਕਾਰਜਾਂ ਲਈ ਵੀ ਗ੍ਰਾਂਟ ਜਾਰੀ ਹੋਵੇਗੀ। ਵਿਧਾਇਕ ਸ. ਧਾਲੀਵਾਲ ਨੇ ਦੱਸਿਆ ਕਿ ਆਉਣ ਵਾਲੇ ਕ੍ਰਿਸਮਸ ਦੇ ਤਿਉਹਾਰ ਨੂੰ ਹਲਕਾ ਅਜਨਾਲਾ ਵਿੱਚ ਵੱਡੇ ਪੱਧਰ ’ਤੇ ਸਾਂਝੇ ਤੌਰ ’ਤੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਸਾਰੇ ਪਾਸਟਰ ਸਾਹਿਬਾਨ ਨੂੰ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਆਗੂਆਂ ਦਾ ਮਾਣ-ਸਨਮਾਨ ਕਰਨਾ ਅਤੇ ਹਰ ਭਾਈਚਾਰੇ ਨੂੰ ਨਾਲ ਲੈ ਕੇ ਚੱਲਣਾ ਉਨ੍ਹਾਂ ਦੀ ਤਰਜੀਹ ਹੈ। ਮੀਟਿੰਗ ਦੌਰਾਨ ਪਾਸਟਰ ਸਾਹਿਬਾਨਾਂ ਨੇ ਵੀ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕੀਤੇ। ਇਸ ਮੌਕੇ ਵਿਧਾਇਕ ਧਾਲੀਵਾਲ ਨੇ ਮੀਟਿੰਗ ਵਿਚ ਪਹੁੰਚੇ ਸਮੂਹ ਪਾਸਟਰ ਸਾਹਿਬਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਸੀ ਭਾਈਚਾਰਕ ਸਾਂਝ ਅਤੇ ਸਹਿਯੋਗ ਨਾਲ ਹੀ ਸਮਾਜ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕਦਾ ਹੈ। ਇਸ ਮੌਕੇ ਮਸੀਹ ਭਲਾਈ ਬੋਰਡ ਹਲਕਾ ਅਜਨਾਲਾ ਦੇ ਚੇਅਰਮੈਨ ਅਜੀਤ ਸ਼ਾਹ ਵੰਝਾਂਵਾਲਾ ਅਤੇ ਮਹਿਲਾ ਕਮਿਸ਼ਨ ਪੰਜਾਬ ਦੀ ਵਾਈਸ ਚੇਅਰਪਰਸਨ ਗੀਤਾ ਗਿੱਲ ਅਜਨਾਲਾ ਸਮੇਤ ਹੋਰਨਾਂ ਆਗੂਆਂ ਵਲੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਅਜਨਾਲਾ ਦੇ ਸਾਬਕਾ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ‘ਆਪ’ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਅਮਿਤ ਔਲ, ਸਾਬਕਾ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਸਾਬਕਾ ਕੌਂਸਲਰ ਅਵਿਨਾਸ਼ ਮਸੀਹ, ਗੁਰਜੀਤ ਸਿੰਘ ਨਗੀਨਾ, ਚੇਅਰਮੈਨ ਜਾਰਜ ਕੜਿਆਲ, ਤਰਸੇਮ ਮਸੀਹ ਅਜਨਾਲਾ, ਸੁਨੀਲ ਗਿੱਲ, ਪਾਸਟਰ ਵਰਿਆਮ ਮਸੀਹ ਅਲੀਵਾਲ ਕੋਟਲੀ, ਮਾਸਟਰ ਵਾਰਸ ਮਸੀਹ ਅਜਨਾਲਾ, ਪ੍ਰੋਫਿਟ ਰਵਿੰਦਰ ਮਸੀਹ ਸੁਧਾਰ, ਬਿਸ਼ਪ ਮੁਖਤਾਰ ਮਸੀਹ ਅਜਨਾਲਾ, ਪਾਸਟਰ ਦੀਪਕ ਮਸੀਹ ਲੱਖੂਵਾਲ, ਪਾਸਟਰ ਡੈਨੀਅਲ ਰਮਦਾਸ, ਪਾਸਟਰ ਗੋਪਾਲ ਮਸੀਹ ਪੰਡੋਰੀ, ਪਾਸਟਰ ਸਿਕੰਦਰ ਅਜਨਾਲਾ, ਪਾਦਰੀ ਸਾਹਿਬ ਮਸੀਹ ਚੱਕ ਔਲ, ਪਾਸਟਰ ਵਿਕਟਰ ਬੋਹੜਵਾਲਾ, ਪਾਸਟਰ ਬੀਰ ਮਸੀਹ ਜਗਦੇਵ ਖੁਰਦ, ਦੀਪਕ ਭੱਟੀ, ਪਾਸਟਰ ਗਿਆਨ ਡਿਆਲ ਭੱਟੀ ਅਤੇ ਪਾਸਟਰ ਜਰਨੈਲ ਭਲਾ ਪਿੰਡ ਸਮਰ ਹੋਰ ਹਾਜ਼ਰ ਸਨ।