15 ਦਿਨਾਂ ਤੱਕ ਚੱਲਣ ਵਾਲਾ ਰਾਮ ਤੀਰਥ ਦਾ ਸਾਲਾਨਾ ਮੇਲਾ ਅੱਜ ਹੋਵੇਗਾ ਸੰਪੰਨ
ਰਾਮ ਤੀਰਥ, 29 ਨਵੰਬਰ (ਧਰਵਿੰਦਰ ਸਿੰਘ ਔਲਖ)-ਉੱਤਰੀ ਭਾਰਤ ਦੇ ਪ੍ਰਸਿੱਧ ਧਾਰਮਿਕ ਅਸਥਾਨ ਭਗਵਾਨ ਵਾਲਮੀਕਿ ਤੀਰਥ ਸਥਲ ਰਾਮ ਤੀਰਥ ਵਿਖੇ 15 ਨਵੰਬਰ ਤੋਂ ਸ਼ੁਰੂ ਹੋਇਆ ਸਾਲਾਨਾ ਮੇਲਾ ਅੱਜ 29 ਨਵੰਬਰ ਨੂੰ ਸੰਪੰਨ ਹੋ ਗਿਆ। ਭਾਵੇਂ ਮੇਲੇ ਦੇ ਮੁੱਖ ਸਮਾਗਮ 23 ਅਤੇ 24 ਨਵੰਬਰ ਨੂੰ ਕਰਵਾਏ ਗਏ ਸਨ, ਪਰ ਇਸ ਦੌਰਾਨ ਲਗਾਤਾਰ 15 ਦਿਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਰਹੇ।
ਰਾਮ ਤੀਰਥ, 29 ਨਵੰਬਰ (ਧਰਵਿੰਦਰ ਸਿੰਘ ਔਲਖ)-ਉੱਤਰੀ ਭਾਰਤ ਦੇ ਪ੍ਰਸਿੱਧ ਧਾਰਮਿਕ ਅਸਥਾਨ ਭਗਵਾਨ ਵਾਲਮੀਕਿ ਤੀਰਥ ਸਥਲ ਰਾਮ ਤੀਰਥ ਵਿਖੇ 15 ਨਵੰਬਰ ਤੋਂ ਸ਼ੁਰੂ ਹੋਇਆ ਸਾਲਾਨਾ ਮੇਲਾ ਅੱਜ 29 ਨਵੰਬਰ ਨੂੰ ਸੰਪੰਨ ਹੋ ਗਿਆ। ਭਾਵੇਂ ਮੇਲੇ ਦੇ ਮੁੱਖ ਸਮਾਗਮ 23 ਅਤੇ 24 ਨਵੰਬਰ ਨੂੰ ਕਰਵਾਏ ਗਏ ਸਨ, ਪਰ ਇਸ ਦੌਰਾਨ ਲਗਾਤਾਰ 15 ਦਿਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਰਹੇ। ਮੇਲੇ ਦੇ ਆਖਰੀ ਦਿਨ ਵੀ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ, ਪਰ ਇਸ ਵਾਰ ਮੇਲੇ ਦੌਰਾਨ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋਏ। ਮੇਲੇ ਦੌਰਾਨ ਸਭ ਤੋਂ ਵੱਡੀ ਸਮੱਸਿਆ ਪਵਿੱਤਰ ਸਰੋਵਰ ਵਿਚ ਇਸ਼ਨਾਨ ਲਈ ਲੋੜੀਂਦੇ ਪਾਣੀ ਦੀ ਘਾਟ ਰਹੀ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਸਰੋਵਰ ਦੀ ਸਫ਼ਾਈ ਕਰਵਾ ਕੇ ਇਸ ਵਿਚ ਪਾਣੀ ਛੱਡਿਆ ਗਿਆ ਸੀ, ਪਰ ਮੇਲੇ ਦੇ ਦਿਨਾਂ ਤੱਕ ਵੀ ਸਰੋਵਰ ਵਿਚ ਲੋੜੀਂਦਾ ਪਾਣੀ ਉਪਲਬੱਧ ਨਹੀਂ ਹੋ ਸਕਿਆ, ਜਿਸ ਕਾਰਨ ਦੂਰ-ਦੁਰਾਡੇ ਤੋਂ ਆਏ ਕਈ ਸ਼ਰਧਾਲੂ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਤੋਂ ਵਾਂਝੇ ਰਹੇ। ਇਸੇ ਤਰ੍ਹਾਂ ਪਰਿਕਰਮਾ ਵਿਚ ਸਫ਼ਾਈ ਦੇ ਮਾੜੇ ਪ੍ਰਬੰਧਾਂ ਕਾਰਨ ਕਈ ਥਾਵਾਂ ’ਤੇ ਗੰਦਗੀ ਦੇ ਢੇਰ ਦਿਖਾਈ ਦਿੱਤੇ। ਪਖਾਨਿਆਂ ਦੀ ਸਮੇਂ ਸਿਰ ਮੁਰੰਮਤ ਨਾ ਹੋਣ ਕਾਰਨ ਉਨ੍ਹਾਂ ਨੂੰ ਜਿੰਦਰੇ ਲਗਾ ਕੇ ਰੱਖਣਾ ਪਿਆ, ਜਦਕਿ ਪਰਿਕਰਮਾ ਦੇ ਬਾਹਰ ਲੱਗੀਆਂ ਪਾਣੀ ਦੀਆਂ ਟੂਟੀਆਂ ਵਿਚ ਵੀ ਪਾਣੀ ਉਪਲਬਧ ਨਹੀਂ ਸੀ। ਇਸ ਤੋਂ ਇਲਾਵਾ ਦੁਕਾਨਾਂ ਦੇ ਠੇਕੇ ਦੀ ਵੱਧ ਰਕਮ ਹੋਣ ਕਾਰਨ ਇਸ ਵਾਰ ਮੇਲੇ ਵਿਚ ਪਹਿਲਾਂ ਦੇ ਮੁਕਾਬਲੇ ਘੱਟ ਦੁਕਾਨਾਂ ਲੱਗੀਆਂ ਅਤੇ ਪਿਛਲੇ ਸਾਲਾਂ ਦੇ ਮੁਕਾਬਲੇ ਸ਼ਰਧਾਲੂਆਂ ਦੀ ਆਮਦ ਵੀ ਘੱਟ ਰਹਿਣ ਦੀ ਚਰਚਾ ਰਹੀ। ਪਰਿਕਰਮਾ ਅੰਦਰ ਵੀ ਵੱਖ-ਵੱਖ ਵਸਤਾਂ ਵੇਚਣ ਵਾਲੇ ਦੁਕਾਨਦਾਰ ਘੁੰਮਦੇ ਦਿਖਾਈ ਦਿੱਤੇ ਅਤੇ ਕਈ ਥਾਵਾਂ ’ਤੇ ਪ੍ਰਕਰਮਾ ਵਿਚ ਦੁਕਾਨਾਂ ਵੀ ਲੱਗੀਆਂ ਹੋਈਆਂ ਸਨ। ਇਸ ਸੰਬੰਧੀ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਦੇ ਗੱਦੀਨਸ਼ੀਨ ਮਹੰਤ ਮਲਕੀਤ ਨਾਥ ਅਤੇ ਟਰੱਸਟ ਦੇ ਚੇਅਰਮੈਨ ਤੇ ਸਾਬਕਾ ਡਿਪਟੀ ਮੇਅਰ ਸ੍ਰੀ ਓਮ ਪ੍ਰਕਾਸ਼ ਗੱਬਰ ਨੇ ਪ੍ਰਸ਼ਾਸਨਿਕ ਪ੍ਰਬੰਧਾਂ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਇਨ੍ਹਾਂ ਨਾਕਾਮੀਆਂ ਲਈ ਪ੍ਰਸ਼ਾਸਨ ਦੇ ਨਾਲ-ਨਾਲ ਸਰਕਾਰ ਵਲੋਂ ਮੇਲੇ ਦੇ ਪ੍ਰਬੰਧਾਂ ਲਈ ਨਿਯੁਕਤ ਕੀਤੇ ਗਏ ਚੇਅਰਮੈਨ ਬਾਲ ਜੋਗੀ ਪ੍ਰਗਟ ਨਾਥ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਬੰਧਾਂ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਜਦੋਂ ਵੀ ਬਾਲਯੋਗੀ ਪ੍ਰਗਟ ਨਾਥ ਇੱਥੇ ਪਹੁੰਚਣਗੇ, ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਗਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਜਲਦੀ ਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨਾਲ ਮੀਟਿੰਗ ਕਰਕੇ ਸਮੁੱਚੇ ਮਾਮਲੇ ਨੂੰ ਉਠਾਇਆ ਜਾਵੇਗਾ ।