ਡੀ. ਏ. ਵੀ. ਪਬਲਿਕ ਸਕੂਲ ਵਿਖੇ ਅਧਿਆਪਕਾਂ ਲਈ ਸਾਈਬਰ ਸੁਰੱਖਿਆ ’ਤੇ ਆਧਾਰਿਤ ਸਮਰੱਥਾ ਨਿਰਮਾਣ ਪ੍ਰੋਗਰਾਮ
ਅੰਮ੍ਰਿਤਸਰ, 25 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ.
ਅੰਮ੍ਰਿਤਸਰ, 25 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਪਬਲਿਕ ਸਕੂਲ ਵਿਖੇ ਮਿਡਲ ਸੈਕਟਰ ਦੇ ਅਧਿਆਪਕਾਂ ਲਈ ਡਿਜ਼ੀਟਲ ਟੈਕਨਾਲੋਜੀ ਦੀ ਸੁਰੱਖਿਅਤ, ਜ਼ਿੰਮੇਵਾਰ ਤੇ ਨੈਤਿਕ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਸਾਈਬਰ ਸੁਰੱਖਿਆ ‘ਤੇ ਅਧਾਰਤ ਇਕ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ ਤਾਂ ਜੋ ਅਧਿਆਪਕਾਂ ਨੂੰ ਇਸ ਨਾਲ ਸੰਬੰਧਿਤ ਲਾਹੇਵੰਦ ਪਹਿਲੂਆਂ ਤੋਂ ਜਾਣੂੰ ਕਰਵਾਇਆ ਜਾ ਸਕੇ। ਵਰਕਸ਼ਾਪ ਦਾ ਸੰਚਾਲਨ ਉੱਘੇ ਸਰੋਤ ਵਿਅਕਤੀਆਂ ਡਾ. ਨਵਲਪ੍ਰੀਤ ਸਿੰਘ, ਪੀ.ਜੀ.ਟੀ. ਮਾਸ ਮੀਡੀਆ, ਸ੍ਰੀ ਗੁਰੂ ਹਰਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ, ਜੀ.ਟੀ. ਰੋਡ ਅੰਮ੍ਰਿਤਸਰ ਅਤੇ ਸੁਮਿਤ ਭਾਰਦਵਾਜ, ਐਚ.ਓ.ਡੀ. ਕੰਪਿਊਟਰਜ਼, ਸਪਰਿੰਗਡੇਲ ਸੀ. ਸਕੂਲ, ਨੰਗਲੀ, ਅੰਮ੍ਰਿਤਸਰ ਦੁਆਰਾ ਕੀਤਾ। ਵਰਕਸ਼ਾਪ ਦੇ ਸੰਚਾਲਕਾਂ ਨੇ ਭਾਗੀਦਾਰਾਂ ਨੂੰ ਜਾਣਕਾਰੀ ਭਰਪੂਰ ਪੇਸ਼ਕਾਰੀ, ਵੀਡੀਓ ਕਲਿੱਪਾਂ, ਵਿਹਾਰਕ ਗਤੀਵਿਧੀਆਂ ਅਤੇ ਪ੍ਰਸ਼ਨਾਵਲੀ ਰਾਹੀਂ ਸ਼ਾਮਿਲ ਕੀਤਾ, ਜਿਸ ਨਾਲ ਉਨ੍ਹਾਂ ਨੂੰ ਸਾਈਬਰ ਸੁਰੱਖਿਆ ਦੇ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ। ਮੇਜ਼ਬਾਨ ਸਕੂਲ ਦੇ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਵਿਸ਼ੇਸ਼ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਨਿੱਘਾ ਸਵਾਗਤ ਕੀਤਾ। ਸੈਸ਼ਨਾਂ ‘ਚ ਸਾਇਬਰ ਨੈਤਿਕਤਾ, ਸਾਈਬਰ ਸੁਰੱਖਿਆ, ਬੈਂਕ ਧੋਖਾਧੜੀ, ਸਾਈਬਰ ਅਪਰਾਧ, ਕੰਪਿਊਟਰ ਫਾਰੈਂਸਿਕਸ ਅਤੇ ਸੂਚਨਾ ਟੈਕਨਾਲੋਜੀ ਐਕਟ ਸ਼ਾਮਿਲ ਸਨ। ਉਨ੍ਹਾਂ ਨੇ ਧੋਖਾਧੜੀ, ਪਛਾਣ ਚੋਰੀ, ਸਾਈਬਰ ਧੱਕੇਸ਼ਾਹੀ ਅਤੇ ਸਾਈਬਰ ਸਟਾਕਿੰਗ ਵਰਗੇ ਆਨੱਲਾਇਨ ਜੋਖ਼ਮਾਂ ਨੂੰ ਸੰਬੋਧਿਤ ਕੀਤਾ, ਜਦਕਿ ਨਿੱਜੀ ਜਾਣਕਾਰੀ ਦੀ ਰੱਖਿਆ ਤੇ ਆਨਲਾਇਨ ਸੁਰੱਖਿਆ ਬਣਾਈ ਰੱਖਣ ਦੇ ਉਪਾਵਾਂ ਨੂੰ ਉਜਾਗਰ ਕੀਤਾ। ਇੰਟਰਐਕਟਿਵ ਪਹੁੰਚ ਨੇ ਅਧਿਆਪਕਾਂ ਨੁੰ ਸਾਈਬਰ ਖ਼ਤਰਿਆਂ ਨੂੰ ਸਮਝਣ ਅਤੇ ਸੁਰੱਖਿਅਤ ਅਤੇ ਵਧੇਰੇ ਜ਼ਿੰਮੇਵਾਰ ਡਿਜ਼ੀਟਲ ਅਭਿਆਸਾਂ ਨੂੰ ਅਪਣਾਉਣ ਦੇ ਯੋਗ ਬਣਾਇਆ। ਸਕੂਲ ਦੇ ਪ੍ਰਬੰਧਕ ਸਵੀਨ ਪੁਰੀ ਨੇ ਸਕੂਲ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਡਿਜ਼ੀਟਲ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਟੈਕਨਾਲੋਜੀ ਦੀ ਸੂਝ-ਬੂਝ ਭਰਪੂਰ ਤੇ ਜ਼ਿੰਮੇਦਾਰਾਨਾ ਵਰਤੋਂ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਸਕੂਲ ਦੇ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਜ਼ਿੰਮੇਵਾਰ ਡਿਜ਼ੀਟਲ ਨਾਗਰਿਕਤਾ ਨੂੰ ਉਤਸ਼ਾਹਿਤ ਕਰਨ ਅਤੇ ਵਿਅਕਤੀਆਂ ਨੂੰ ਡਿਜ਼ੀਟਲ ਸੰਸਾਰ ‘ਚ ਸੁਰੱਖਿਅਤ ਅਤੇ ਭਰੋਸੇ ਨਾਲ ਵਿਚਰਨ ਲਈ ਵਿਹਾਰਕ ਗਿਆਨ ਨਾਲ ਲੈਸ ਕਰਨ ਦੀ ਲੋੜ ‘ਤੇ ਚਾਨਣਾ ਪਾਇਆ ।