ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿਖੇ 7 ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਅੱਜ ਤੋਂ ਸ਼ੁਰੂ ਦੇਸ਼ ਭਰ ਤੋਂ ਅਧਿਆਪਕ ਲੈਣਗੇ ਹਿੱਸਾ, ਕੰਪਿਊਟਰ ਦੀਆਂ ਨਵੀਆਂ ਤਕਨੀਕਾਂ ਤੇ ਏ.ਆਈ. ਦੀ ਵਰਤੋਂ ਸੰਬੰਧੀ ਹੋਣਗੀਆਂ ਵਿਚਾਰਾਂ
ਸ੍ਰੀ ਅਨੰਦਪੁਰ ਸਾਹਿਬ, 6 ਅਕਤੂਬਰ (ਕਰਨੈਲ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਆਲ ਇੰਡੀਆ ਕੌਂਸਲ ਫ਼ਾਰ ਟੈਕਨੀਕਲ ਐਜੂਕੇਸ਼ਨ (ਏ. ਆਈ.
ਸ੍ਰੀ ਅਨੰਦਪੁਰ ਸਾਹਿਬ, 6 ਅਕਤੂਬਰ (ਕਰਨੈਲ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਆਲ ਇੰਡੀਆ ਕੌਂਸਲ ਫ਼ਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.) ਦੀ ਟਰੇਨਿੰਗ ਐਂਡ ਲਰਨਿੰਗ ਅਕੈਡਮੀ (ਏ.ਟੀ.ਏ.ਐਲ.) ਤਹਿਤ ਸੱਤ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸਦੀ ਸ਼ੁਰੂਆਤ ਅੱਜ ਹੋਵੇਗੀ। 7 ਅਕਤੂਬਰ ਤੋਂ ਲੈਕੇ 13 ਅਕਤੂਬਰ ਤੱਕ ਇਹ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਚੱਲੇਗਾ। ‘ਐਜੂਕੇਟਰਜ਼ ਨੂੰ ਏ.ਆਈ. ਟੂਲਜ਼ ਅਤੇ ਸਾਈਬਰ ਸੇਫ਼ਟੀ ਰਾਹੀਂ ਸਮਾਰਟ ਡਿਜੀਟਲ ਇੰਡੀਆ ਲਈ ਸਮਰੱਥ ਬਣਾਉਣਾ’ ਵਿਸ਼ੇ ’ਤੇ ਆਧਾਰਿਤ ਇਸ ਪ੍ਰੋਗਰਾਮ ’ਚ ਦੇਸ਼ ਭਰ ਤੋਂ ਕਰੀਬ 60 ਅਧਿਆਪਕ ਹਿੱਸਾ ਲੈਣਗੇ। ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਨੂੰ ਇਹ ਦੇਸ਼ ਪੱਧਰੀ ਸੱਤ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਉਣ ਦਾ ਮੌਕਾ ਮਿਲਿਆ ਹੈ। ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸਾਲ 2026-27 ਲਈ ਏ.ਆਈ.ਸੀ.ਟੀ.ਈ. ਵਲੋਂ ਕਰਵਾਏ ਜਾ ਰਹੇ ਆਫਲਾਈਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਪੂਰੇ ਭਾਰਤ ’ਚੋਂ ਲਗਭਗ 2700 ਵਿੱਦਿਅਕ ਅਦਾਰਿਆਂ ਵਲੋਂ ਪ੍ਰਸਤਾਵ ਭੇਜੇ ਗਏ ਸਨ, ਜਿਨ੍ਹਾਂ ’ਚੋਂ ਕੇਵਲ 379 ਪ੍ਰਸਤਾਵਾਂ ਨੂੰ ਹੀ ਮਨਜ਼ੂਰੀ ਮਿਲੀ ਹੈ। ਪੰਜਾਬ ’ਚੋਂ ਸਿਰਫ਼ ਤਿੰਨ ਸੰਸਥਾਵਾਂ ਦੇ ਪ੍ਰਸਤਾਵ ਪ੍ਰਵਾਨ ਹੋਏ ਹਨ। ਵਿਸ਼ੇਸ਼ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਕਾਲਜਾਂ ਵਿਚੋਂ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਨੂੰ ਹੀ ਇਸ ਪ੍ਰੋਗਰਾਮ ਲਈ ਮਨਜ਼ੂਰੀ ਪ੍ਰਾਪਤ ਹੋਈ ਹੈ। ਇਸ ਸੱਤ ਰੋਜ਼ਾ ਪ੍ਰੋਗਰਾਮ ਦੌਰਾਨ ਏ.ਆਈ. ਦੇ ਸਿੱਖਿਆ ਖੇਤਰ ’ਚ ਉਪਯੋਗ, ਆਧੁਨਿਕ ਏ.ਆਈ. ਸਾਧਨਾਂ, ਸਾਈਬਰ ਸੁਰੱਖਿਆ ਅਤੇ ਡਿਜੀਟਲ ਤਕਨਾਲੋਜੀ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ਬਾਰੇ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ।