ਸੜਕ ’ਤੇ ਮੌਤ ਬਣ ਕੇ ਦੌੜਿਆ ਗਲਤ ਦਿਸ਼ਾ ਤੋਂ ਆ ਰਿਹਾ ਟਰੱਕ, ਮੋਟਰਸਾਈਕਲ ਸਵਾਰ ਨੂੰ ਕੁਚਲਿਆ
* ਟਰੱਕ ਥੱਲੇ ਆਉਣ ਕਾਰਨ ਮੌਕੇ ’ ਤੇ ਹੋਈ ਮੌਤ
ਚੰਡੀਗੜ੍ਹ, 13 ਨਵੰਬਰ (ਸੰਦੀਪ ਕੁਮਾਰ ਮਾਹਨਾ)-ਸੜਕਾਂ ‘ਤੇ ਆਵਾਜਾਈ ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ ਨੇ ਸ਼ੁੱਕਰਵਾਰ ਨੂੰ ਇਕ ਹੋਰ ਜਾਨ ਲੈ ਲਈ। ਐਸ.
ਚੰਡੀਗੜ੍ਹ, 13 ਨਵੰਬਰ (ਸੰਦੀਪ ਕੁਮਾਰ ਮਾਹਨਾ)-ਸੜਕਾਂ ‘ਤੇ ਆਵਾਜਾਈ ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ ਨੇ ਸ਼ੁੱਕਰਵਾਰ ਨੂੰ ਇਕ ਹੋਰ ਜਾਨ ਲੈ ਲਈ। ਐਸ. ਏ. ਐਸ. ਨਗਰ (ਮੁਹਾਲੀ) ਦੇ ਇੰਡਸਟਰੀਅਲ ਏਰੀਆ ਵਿਚ ਗਲਤ ਦਿਸ਼ਾ ਤੋਂ ਆ ਰਹੇ ਇਕ ਟਰੱਕ ਨਾਲ ਰਾਤ ਕਰੀਬ 8.30 ਵਜੇ ਵਾਪਰੇ ਦਰਦਨਾਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਵਿਚ ਪੁਲਿਸ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ਵਿਚ ਹੈ, ਕਿਉਂਕਿ ਟਰੱਕ ਚਾਲਕ ਤੇ ਇਕ ਰਾਹਗੀਰ ਵਲੋਂ ਐਮਰਜੈਂਸੀ ਨੰਬਰ 112 ‘ਤੇ ਸੂਚਨਾ ਦੇਣ ਦੇ ਬਾਵਜੂਦ ਪੁਲਿਸ ਕਰੀਬ ਅੱਧਾ ਘੰਟਾ ਦੇਰੀ ਨਾਲ ਮੌਕੇ ‘ਤੇ ਪਹੁੰਚੀ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਰਾਤ ਉਸ ਸਮੇਂ ਵਾਪਰਿਆ ਜਦੋਂ ਮੋਟਰਸਾਈਕਲ (ਆਰ.ਜੇ.ਐਸ.ਵਾਈ 6219) ਹੀਰੋ ਕੰਪਨੀ ਦਾ ਐਚ. ਐਫ ਡੀਲੈਕਸ ਸਵਾਰ ਆਪਣੇ ਰਾਹ ਜਾ ਰਿਹਾ ਸੀ। ਇਸੇ ਦੌਰਾਨ ਗਲਤ ਦਿਸ਼ਾ ਤੋਂ ਆ ਰਹੇ ਟਰੱਕ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ ਅਤੇ ਟਰੱਕ ਹੇਠਾਂ ਆਉਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮੌਕੇ ‘ਤੇ ਲੋਕ ਇਕੱਠੇ ਹੋ ਗਏ। ਘਟਨਾ ਦੇ ਚਸ਼ਮਦੀਦ ਰਾਹਗੀਰ ਰਾਘਵ ਸੱਚਦੇਵਾ ਨੇ ਦੱਸਿਆ ਕਿ ਹਾਦਸਾ ਵਾਪਰਨ ਤੋਂ ਤੁਰੰਤ ਬਾਅਦ ਰਾਤ ਕਰੀਬ 8.35 ਵਜੇ ਉਸ ਨੇ ਤੇ ਖੁਦ ਟਰੱਕ ਚਾਲਕ ਨੇ ਪੁਲਿਸ ਦੇ ਐਮਰਜੈਂਸੀ ਨੰਬਰ 112 ‘ਤੇ ਫ਼ੋਨ ਕਰਕੇ ਸੂਚਨਾ ਦਿੱਤੀ। ਇਸ ਦੇ ਬਾਵਜੂਦ ਕਰੀਬ ਅੱਧਾ ਤੋਂ ਪੌਣਾ ਘੰਟਾ ਬੀਤ ਜਾਣ ਤੱਕ ਪੁਲਿਸ ਮੌਕੇ ‘ਤੇ ਨਹੀਂ ਪਹੁੰਚੀ। ਉਨ੍ਹਾਂ ਅਨੁਸਾਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਘਟਨਾ ਸਥਾਨ ਤੋਂ ਪੁਲਿਸ ਚੌਕੀ ਇੰਡਸਟਰੀਅਲ ਏਰੀਆ-8ਬੀ ਦੀ ਦੂਰੀ ਮਹਿਜ਼ ਕੁਝ ਮਿੰਟਾਂ ਦੀ ਹੈ, ਫਿਰ ਵੀ ਪੁਲਿਸ ਨੂੰ ਪਹੁੰਚਣ ਵਿਚ ਇੰਨਾ ਸਮਾਂ ਲੱਗ ਗਿਆ। ਹਾਦਸੇ ਵਿਚ ਮਾਰੇ ਗਏ ਮੋਟਰਸਾਈਕਲ ਸਵਾਰ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ। ਪੁਲਿਸ ਚੌਕੀ ਇੰਡਸਟਰੀਅਲ ਏਰੀਆ-8ਬੀ ਵਿਖੇ ਤਾਇਨਾਤ ਏ. ਐੱਸ. ਆਈ. ਤਰਸੇਮ ਸਿੰਘ ਕਰੀਬ ਅੱਧਾ ਘੰਟਾ ਬਾਅਦ ਮੌਕੇ ‘ਤੇ ਪਹੁੰਚੇ। ਇਸ ਘਟਨਾ ਨੇ ਐਮਰਜੈਂਸੀ ਸੂਚਨਾ ਪ੍ਰਣਾਲੀ ਅਤੇ ਪੁਲਿਸ ਦੀ ਤੁਰੰਤ ਕਾਰਵਾਈ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਦਸੇ ਵਿਚ ਸ਼ਾਮਿਲ ਟਰੱਕ ਐੱਚ.ਪੀ.-12ਪੀ-4351 ਜਿਸ ਨੂੰ ਮੁਹੰਮਦ ਸ਼ਰੀਫ਼ ਪੁੱਤਰ ਸੁਆਰਿਆ, ਵਾਸੀ ਚੰਬਾ (ਹਿਮਾਚਲ ਪ੍ਰਦੇਸ਼) ਚਲਾ ਰਿਹਾ ਸੀ, ਨੇ ਦੱਸਿਆ ਕਿ ਉਹ ਮੁਹਾਲੀ ਦੇ ਤੇਪਲਾ ਤੋਂ ਗੱਡੀ ਖਾਲੀ ਕਰਕੇ ਬੱਦੀ (ਹਿਮਾਚਲ ਪ੍ਰਦੇਸ਼) ਜਾ ਰਿਹਾ ਸੀ।