ਐੱਸ. ਏ. ਐੱਸ. ਨਗਰ, 11 ਨਵੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਸਾਬਕਾ ਵਿਦਿਆਰਥੀਆਂ ਵਲੋਂ ਟ੍ਰਾਈਸਿਟੀ ਵਿਖੇ ਬਣਾਈ ਗਈ ਪੰਜਾਬੀ ਯੂਨੀਵਰਸਿਟੀ ਓਲਡ ਸਟੂਡੈਂਟਸ ਐਸੋਸੀਏਸ਼ਨ ਦੀ ਸਥਾਪਨਾ ਦੇ 25 ਸਾਲ ਪੂਰੇ ਹੋਣ ਦੇ ਸੰਬੰਧ ‘ਚ 13 ਨਵੰਬਰ ਨੂੰ ਸਿਲਵਰ ਜੁਬਲੀ ਮੀਟਿੰਗ ਪੰਜਾਬ ਪੁਲਿਸ ਆਫ਼ੀਸਰਜ਼ ਇੰਸਟੀਚਿਊਟ ਸੈਕਟਰ-32 ਚੰਡੀਗੜ੍ਹ ਵਿਖੇ ਸ਼ਾਮ ਦੇ 6.30 ਵਜੇ ਹੋਣ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸਕੱਤਰ ਪ੍ਰੋ. ਤੇਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮੀਟਿੰਗ ‘ਚ ਟ੍ਰਾਈਸਿਟੀ ਤੋਂ ਇਲਾਵਾ ਹੋਰਨਾਂ ਖੇਤਰਾਂ ‘ਚ ਰਹਿੰਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਸਾਬਕਾ ਵਿਦਿਆਰਥੀ ਵੀ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਇਸ ਐਸੋਸੀਏਸ਼ਨ ਦੇ 250 ਦੇ ਕਰੀਬ ਮੈਂਬਰ ਹਨ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਅਗਲੇ ਸੈਸ਼ਨ ਲਈ ਚੋਣ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਮੈਂਬਰ ਪਟਿਆਲਾ ਯੂਨੀਵਰਸਿਟੀ ਨਾਲ ਸੰਬੰਧਿਤ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਸਾਂਝਾ ਕਰਨ ਦੇ ਨਾਲ ਹੀ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਦਾ ਅਨੰਦ ਵੀ ਮਾਣਨਗੇ। ਇਸੇ ਦੌਰਾਨ ਐਸੋਸੀਏਸ਼ਨ ਦੇ ਚੇਅਰਮੈਨ ਦਰਬਾਰਾ ਸਿੰਘ ਗੁਰੂ (ਸੇਵਾ-ਮੁਕਤ ਆਈ. ਏ. ਐੱਸ.), ਪੈਟਰਨ ਗੁਰਚਰਨ ਸਿੰਘ ਸਿੱਧੂ, ਪ੍ਰਧਾਨ ਗੁਰਚਰਨ ਸਿੰਘ ਵਿਰਕ ਤੇ ਜੁਆਇੰਟ ਸਕੱਤਰ ਸੁਖਜੀਤ ਸਿੰਘ ਵਿਰਕ ਨੇ ਪਟਿਆਲਾ ਯੂਨੀਵਰਸਿਟੀ ਨਾਲ ਸੰਬੰਧਿਤ ਸਾਬਕਾ ਵਿਦਿਆਰਥੀਆਂ ਨੂੰ ਇਸ ਮੀਟਿੰਗ ‘ਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। 11 ਐਮਓਐਚ 11 ਪ੍ਰੋ. ਤੇਜਿੰਦਰ ਸਿੰਘ ਬਰਾੜ।