ਐੱਸ. ਏ. ਐੱਸ. ਨਗਰ, 8 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਵਲੋਂ ਅੱਜ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਅਤੇ ਕਾਂਗਰਸੀ ਆਗੂ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਇਕੱਤਰ ਹੋਏ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਨੇ ਭਾਰਤੀ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ‘ਚ ਜਵਾਬਦੇਹੀ ਅਤੇ ਪਾਰਦਰਸ਼ਤਾ ਦੀ ਮੰਗ ਨੂੰ ਲੈ ਕੇ ਜਮ ਕੇ ਨਾਅਰੇਬਾਜ਼ੀ ਕੀਤੀ। ਰੋਸ ਪ੍ਰਦਰਸ਼ਨ ਦੌਰਾਨ ਕਾਂਗਰਸੀ ਵਰਕਰਾਂ ਵਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਵੀ ਫੂਕਿਆ ਗਿਆ ਅਤੇ ਉਨ੍ਹਾਂ ਦੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ ਗਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੇ ਕਿਹਾ ਕਿ ਚੋਣ ਕਮਿਸ਼ਨ ਦੇਸ਼ ਦੀ ਇਕ ਸੰਵਿਧਾਨਕ ਸੰਸਥਾ ਹੈ, ਜਿਸ ‘ਤੇ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਅਤੇ ਭਰੋਸੇਯੋਗਤਾ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀ ਨਿਰਪੱਖਤਾ ਸੰਬੰਧੀ ਪੈਦਾ ਹੋਣ ਵਾਲਾ ਕੋਈ ਵੀ ਸ਼ੱਕ ਸਿੱਧੇ ਤੌਰ ‘ਤੇ ਦੇਸ਼ ਦੇ ਲੋਕਾਂ ਦੇ ਲੋਕਤੰਤਰਿਕ ਪ੍ਰਬੰਧ ‘ਚ ਭਰੋਸੇ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ‘ਚ ਸੋਧ ਅਤੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਨਾਲ ਜੁੜੇ ਹਾਲੀਆ ਮਾਮਲਿਆਂ ਨੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਕਿਸੇ ਵੀ ਤਰ੍ਹਾਂ ਦੇ ਸਿਆਸੀ ਪ੍ਰਭਾਵ ਤੋਂ ਮੁਕਤ ਰਹਿ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਹਰ ਨਾਗਰਿਕ ਦੇ ਵੋਟ ਦੇ ਅਧਿਕਾਰ ਦੀ ਪਵਿੱਤਰਤਾ ‘ਤੇ ਕੋਈ ਸਵਾਲ ਨਾ ਉੱਠੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੇ ਦੋ ਹੋਰ ਚੋਣ ਕਮਿਸ਼ਨਰਾਂ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਵਲੋਂ ਦਰਜ ਕਰਵਾਏ ਗਏ ਅੰਦਰੂਨੀ ਇਤਰਾਜ਼ਾਂ ਨੇ ਮਾਮਲੇ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਾਸਿਲ ਰਿਪੋਰਟਾਂ ਮੁਤਾਬਿਕ ਦੋਵੇਂ ਚੋਣ ਕਮਿਸ਼ਨਰਾਂ ਨੇ ਵੋਟਰ ਸੂਚੀਆਂ ਦੀ ਪ੍ਰਬੰਧਕੀ ਅਤੇ ਇਸ ਨਾਲ ਜੁੜੀਆਂ ਪ੍ਰਕਿਰਿਆਵਾਂ ਸੰਬੰਧੀ ਕਈ ਫ਼ੈਸਲਿਆਂ ‘ਤੇ ਆਪਣੀਆਂ ਅਸਹਿਮਤੀਆਂ ਦਰਜ ਕਰਵਾਈਆਂ ਸਨ। ਉਨ੍ਹਾਂ ਕਿਹਾ ਕਿ ਜਦੋਂ ਤਿੰਨ ਮੈਂਬਰੀ ਚੋਣ ਕਮਿਸ਼ਨ ਦੇ ਹੀ ਦੋ ਮੈਂਬਰ ਕਿਸੇ ਫ਼ੈਸਲੇ ਸੰਬੰਧੀ ਇਤਰਾਜ਼ ਦਰਜ ਕਰਵਾਉਂਦੇ ਹਨ ਤਾਂ ਦੇਸ਼ ਦੀ ਜਨਤਾ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਉਨ੍ਹਾਂ ਇਤਰਾਜ਼ਾਂ ਨੂੰ ਕਿਸ ਤਰ੍ਹਾਂ ਵਿਚਾਰਿਆ ਗਿਆ ਅਤੇ ਉਨ੍ਹਾਂ ‘ਤੇ ਕੀ ਕਾਰਵਾਈ ਕੀਤੀ ਗਈ। ਇਸ ਮੌਕੇ ਬਲਾਕ ਦਿਹਾਤੀ ਪ੍ਰਧਾਨ ਪ੍ਰਦੀਪ ਸਿੰਘ ਤੰਗੌਰੀ, ਚੇਅਰਮੈਨ ਰਣਜੀਤ ਸਿੰਘ ਨਗਲੀਆਂ, ਬਲਾਕ ਪ੍ਰਧਾਨ ਖਰੜ ਸਤਨਾਮ ਸਿੰਘ ਸੈਣੀ, ਬਲਾਕ ਪ੍ਰਧਾਨ ਦੀਪਕ ਕੌਸ਼ਲ ਖਰੜ ਸਿਟੀ, ਸੁਖਵਿੰਦਰ ਸਿੰਘ ਨੰਬਰਦਾਰ ਬਲਾਕ ਪ੍ਰਧਾਨ ਮਾਜਰੀ, ਹੈਪੀ ਮਲਿਕ, ਅਸ਼ੋਕ ਕੌਂਡਲ, ਗੁਰਵਿੰਦਰ ਸਿੰਘ ਸੋਹੀ, ਅਮਰੀਕ ਸਿੰਘ ਕੰਬਾਲਾ, ਲਖਵਿੰਦਰ ਸਿੰਘ ਕਾਲਾ ਸੋਹਾਣਾ, ਦਵਿੰਦਰ ਕੌਰ ਵਾਲੀਆ, ਜਸਬੀਰ ਸਿੰਘ ਮਾਣਕੂ, ਇੰਦਰਜੀਤ ਸਿੰਘ ਢਿੱਲੋਂ, ਮੁਕੁਲ ਸ਼ਰਮਾ ਹਲਕਾ ਯੂਥ ਕਾਂਗਰਸ ਪ੍ਰਧਾਨ, ਮਨਜੀਤ ਸਿੰਘ ਮੋਟੇਮਾਜਰਾ, ਆਈ. ਟੀ. ਸੈੱਲ ਦੇ ਇੰਚਾਰਜ ਪਰਮਜੀਤ ਸਿੰਘ ਚੌਹਾਨ, ਵਿਸ਼ਾਲ ਬੱਟੂ, ਮਨਜੀਤ ਸਿੰਘ ਸੇਵਾ-ਮੁਕਤ ਈ. ਟੀ. ਓ., ਮਲਾਗਰ ਸਿੰਘ, ਬਲਜੀਤ ਸਿੰਘ, ਸ਼ੇਰ ਸਿੰਘ ਸੇਵਾ-ਮੁਕਤ ਐਸ. ਡੀ. ਓ., ਜਸਪਾਲ ਸਿੰਘ ਬਲਾਕ ਚੇਅਰਮੈਨ ਐਸ. ਸੀ. ਸੈੱਲ, ਪੀਟਰ ਮਸੀਹ, ਬਲਜਿੰਦਰ ਲੱਕੀ, ਰਵਿੰਦਰ ਸਿੰਘ ਰਵੀ, ਜਤਿੰਦਰ ਸਿੰਘ ਸੋਢੀ, ਕਰਮਜੀਤ ਸਿੰਘ ਸਿੱਧੂ, ਗੁਰਦੀਪ ਸਿੰਘ, ਪ੍ਰੀਤਕਮਲ ਸਿੰਘ ਸੈਣੀ, ਮਲਕੀਤ ਮਟੌਰ, ਲਖਮੀਰ ਮਟੌਰ ਤੇ ਮਨਜੀਤ ਬਲੌਂਗੀ ਤੋਂ ਇਲਾਵਾ ਵੱਡੀ ਗਿਣਤੀ ‘ਚ ਹੋਰ ਕਾਂਗਰਸੀ ਆਗੂ, ਵਰਕਰ ਅਤੇ ਪਿੰਡਾਂ ਦੇ ਪੰਚ-ਸਰਪੰਚ ਹਾਜ਼ਰ ਸਨ।