ਸਰਕਾਰੀ ਰਸਤੇ ’ ਤੇ ਨਾਜਾਇਜ਼ ਕਬਜ਼ੇ ਦਾ ਦੋਸ਼ ਲਗਾਉਂਦਿਆਂ ਕਿਸਾਨਾਂ ਨੇ ਰਸਤਾ ਖੁੱਲ੍ਹਵਾਉਣ ਦੀ ਕੀਤੀ ਮੰਗ
ਲਾਲੜੂ, 30 ਸਤੰਬਰ (ਰਾਜਬੀਰ ਸਿੰਘ)-ਪਿੰਡ ਦੱਪਰ ਵਿਖੇ ਸਰਕਾਰੀ ਰਸਤੇ ’ਤੇ ਕਥਿਤ ਤੌਰ ’ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਪ੍ਰਸ਼ਾਸਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਕਿਸਾਨਾਂ ਨੇ ਸੰਬੰਧਿਤ ਵਿਭਾਗ ਤੋਂ ਸਰਕਾਰੀ ਰਸਤੇ ਨੂੰ ਕਬਜ਼ਾ ਮੁਕਤ ਕਰਵਾ ਕੇ ਆਵਾਜਾਈ ਬਹਾਲ ਕਰਨ ਦੀ ਮੰਗ ਕੀਤੀ ਹੈ।
ਲਾਲੜੂ, 30 ਸਤੰਬਰ (ਰਾਜਬੀਰ ਸਿੰਘ)-ਪਿੰਡ ਦੱਪਰ ਵਿਖੇ ਸਰਕਾਰੀ ਰਸਤੇ ’ਤੇ ਕਥਿਤ ਤੌਰ ’ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਪ੍ਰਸ਼ਾਸਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਕਿਸਾਨਾਂ ਨੇ ਸੰਬੰਧਿਤ ਵਿਭਾਗ ਤੋਂ ਸਰਕਾਰੀ ਰਸਤੇ ਨੂੰ ਕਬਜ਼ਾ ਮੁਕਤ ਕਰਵਾ ਕੇ ਆਵਾਜਾਈ ਬਹਾਲ ਕਰਨ ਦੀ ਮੰਗ ਕੀਤੀ ਹੈ। ਪ੍ਰਸ਼ਾਸਨ ਨੂੰ ਦਿੱਤੀ ਸ਼ਿਕਾਇਤ ਵਿਚ ਬਖ਼ਸ਼ੀਸ਼ ਸਿੰਘ ਭੱਟੀ, ਤਰਨਜੀਤ ਸਿੰਘ, ਕੌਂਸਲਰ ਪ੍ਰਦੀਪ ਸਿੰਘ, ਸ਼ੇਰ ਸਿੰਘ ਸਕੱਤਰ, ਬਲਕਾਰ ਸਿੰਘ, ਬਲਿਹਾਰ ਸਿੰਘ, ਕੁਲਦੀਪ ਸਿੰਘ ਭੱਟੀ ਅਤੇ ਅਮਰਜੀਤ ਸਿੰਘ ਸਮੇਤ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਖੇਤੀਬਾੜੀ ਵਾਲੀ ਜ਼ਮੀਨ ਤੱਕ ਜਾਣ ਲਈ ਪਿੰਡ ਦੀ ਲਾਲ ਲਕੀਰ (ਫਿਰਨੀ) ਤੋਂ ਸਰਕਾਰੀ ਰਿਕਾਰਡ ਵਿਚ ਰਸਤਾ ਦਰਜ ਹੈ, ਜਿਸ ਦੀ ਚੌੜਾਈ ਕਰੀਬ 14 ਫੁੱਟ 3 ਇੰਚ ਹੈ। ਕਿਸਾਨਾਂ ਅਨੁਸਾਰ ਇਸ ਰਸਤੇ ਰਾਹੀਂ ਉਹ ਆਪਣੇ ਖੇਤਾਂ ਵਿਚ ਟਰੈਕਟਰ, ਟਰਾਲੀਆਂ, ਕੰਬਾਈਨਾਂ ਅਤੇ ਹੋਰ ਖੇਤੀਬਾੜੀ ਦੇ ਸੰਦ ਲੈ ਕੇ ਜਾਂਦੇ ਹਨ, ਪਰ ਇਕ ਵਿਅਕਤੀ ਵਲੋਂ ਉਕਤ ਰਸਤੇ ’ਤੇ ਕਥਿਤ ਤੌਰ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਸ ਕਾਰਨ ਰਸਤਾ ਬੰਦ ਹੋਣ ਕਰਕੇ ਕਿਸਾਨਾਂ ਨੂੰ ਆਪਣੀ ਜ਼ਮੀਨ ਤੱਕ ਪਹੁੰਚਣ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੌਕੇ ਦੀ ਜਾਂਚ ਕਰਵਾਉਣ, ਸਰਕਾਰੀ ਰਿਕਾਰਡ ਅਨੁਸਾਰ ਰਸਤੇ ਦੀ ਨਿਸ਼ਾਨਦੇਹੀ ਕਰਵਾਉਣ ਅਤੇ ਕਥਿਤ ਨਾਜਾਇਜ਼ ਕਬਜ਼ਾ ਹਟਾ ਕੇ ਰਸਤਾ ਖੁੱਲ੍ਹਵਾਉਣ ਦੀ ਮੰਗ ਕੀਤੀ ਹੈ। ਇਸ ਸੰਬੰਧੀ ਨਗਰ ਕੌਂਸਲ ਲਾਲੜੂ ਦੇ ਜੇ. ਈ. ਨਵੀਨ ਜੋਸ਼ੀ ਨੇ ਦੱਸਿਆ ਕਿ ਉਕਤ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ, ਪਰ ਮੌਕੇ ਦੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।